ਸਭ ਤੋਂ ਵੱਧ ਸਮਾਂ ਪਟਿਆਲਾ ਜ਼ਿਲ੍ਹੇ ਕੋਲ ਰਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ

ਪਟਿਆਲਾ (ਸਮਾਜ ਵੀਕਲੀ) : ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਦੀ ਪੂਰੀ ਕਰ ਚੁੱਕੀ ਹੈ। ਇਸ ਦੌਰਾਨ ਅੱਜ ਹਰਜਿੰਦਰ ਸਿੰਘ ਧਾਮੀ ਨੇ 44ਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਸੰਸਥਾ ਦੀ ਪ੍ਰਧਾਨਗੀ ਦੇ ਵੱਕਾਰੀ ਅਹੁਦੇ ’ਤੇ ਸਭ ਤੋਂ ਵੱਧ 25 ਸਾਲਾਂ ਤੱਕ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਕਾਬਜ਼ ਰਹੇ ਹਨ ਜਦਕਿ ਗੋਪਾਲ ਸਿੰਘ ਕੌਮੀ ਅਜਿਹੇ ਸ਼ਖ਼ਸ ਰਹੇ ਹਨ, ਜੋ 17 ਜੂਨ 1933 ਤੋਂ 18 ਜੂਨ 1933 ਤੱਕ ਪ੍ਰਧਾਨ ਰਹੇ। ਜਥੇਦਾਰ ਟੌਹੜਾ ਪਹਿਲੀ ਵਾਰ 6 ਜਨਵਰੀ 1973 ਨੂੰ ਕਮੇਟੀ ਦੇ ਪ੍ਰਧਾਨ ਬਣੇ ਤੇ 23 ਮਾਰਚ 1986 ਤੱਕ ਲਗਾਤਾਰ 13 ਸਾਲ ਪ੍ਰਧਾਨ ਰਹੇ। ਉਂਝ, 6 ਜਨਵਰੀ 1973 ਤੋਂ 31 ਮਾਰਚ 2004 (ਮੌਤ ਤੱਕ) 31 ਸਾਲਾਂ ਦੇ ਲੰਮੇ ਅਰਸੇ ਦੌਰਾਨ, ਉਹ ਵੱਖ-ਵੱਖ ਸਮਿਆਂ ’ਚ ਤਕਰੀਬਨ 25 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਜੋ ਹੁਣ ਤੱਕ ਦੇ ਪ੍ਰਧਾਨਾਂ ਦੇ ਕਾਰਜਕਾਲ ਵਿੱਚੋਂ ਸਭ ਤੋਂ ਲੰਮਾ ਸਮਾਂ ਹੈ।

ਮਾਰਚ 1986 ਤੋਂ ਨਵੰਬਰ 1986 ਤੱਕ ਸੱਤ ਮਹੀਨੇ ਭਾਵੇਂ ਕਾਬਲ ਸਿੰਘ ਵੀ ਪ੍ਰਧਾਨ ਰਹੇ, ਪਰ 30 ਨਵੰਬਰ 1986 ਨੂੰ ਸ੍ਰੀ ਟੌਹੜਾ ਮੁੜ ਪ੍ਰਧਾਨ ਚੁਣੇ ਗਏ ਤੇ 28 ਨਵੰਬਰ 1990 ਤੱਕ ਚਾਰ ਸਾਲ ਪ੍ਰਧਾਨ ਬਣੇ ਰਹੇ। ਇਸ ਮਗਰੋਂ ਇੱਕ ਸਾਲ ਲਈ ਬਲਦੇਵ ਸਿੰਘ ਸਿਬੀਆ ਪ੍ਰਧਾਨ ਬਣੇ, ਪਰ ਨਵੰਬਰ 1991 ਤੋਂ ਅਕਤੂਬਰ 1996 ਤੱਕ ਲਗਾਤਾਰ ਪੰਜ ਸਾਲ ਸ੍ਰੀ ਟੌਹੜਾ ਨੇ ਹੀ ਮੁੜ ਪ੍ਰਧਾਨਗੀ ਕੀਤੀ। ਦਸੰਬਰ 1996 ਤੋਂ ਮਾਰਚ 1999 ਤੱਕ ਸਵਾ ਦੋ ਸਾਲ ਉਹ ਮੁੜ ਪ੍ਰਧਾਨ ਰਹੇ ਪਰ ਅਕਾਲੀ ਦਲ ਦੀ ਫੁੱਟ ਦੌਰਾਨ 1999 ਵਿੱਚ ਸ੍ਰੀ ਟੌਹੜਾ ਨੂੰ ਪ੍ਰਧਾਨਗੀ ਪਦ ਤੋਂ ਲਾਹ ਦਿੱਤਾ ਗਿਆ। ਇਸ ਦੌਰਾਨ ਹੀ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪਲੇਠੀ ਮਹਿਲਾ ਪ੍ਰਧਾਨ ਬਣੀ। ਉਹ ਮਾਰਚ 1999 ਤੋਂ ਨਵੰਬਰ 2000 ਤੱਕ ਪ੍ਰਧਾਨ ਰਹੇ, ਜਿਸ ਮਗਰੋਂ ਨਵੰਬਰ 2001 ਤੱਕ ਜਗਦੇਵ ਸਿੰਘ ਤਲਵੰਡੀ ਨੇ ਇੱਕ ਸਾਲ ਪ੍ਰਧਾਨਗੀ ਕੀਤੀ ਤੇ ਉਨ੍ਹਾਂ ਤੋਂ ਬਾਅਦ 27 ਨਵੰਬਰ 2001 ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਬਣੇ। ਬਾਦਲ-ਟੌਹੜਾ ਧੜਿਆਂ ਵਿੱਚ ਸਮਝੌਤਾ ਹੋਣ ਮਗਰੋਂ ਸ੍ਰੀ ਟੌਹੜਾ ਨੂੰ ਮੁੜ ਕਮੇਟੀ ਦੀ ਪ੍ਰਧਾਨਗੀ ਸੌਂਪੀ ਗਈ ਅਤੇ ਪੰਥਕ ਏਕਤਾ ਲਈ ਤਿਆਗ ਕਰਦਿਆਂ, ਪ੍ਰੋ. ਬਡੂੰਗਰ ਨੇ 20 ਜੁਲਾਈ 2003 ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ। 31 ਮਾਰਚ 2004 ਨੂੰ ਗੁਰਚਰਨ ਸਿੰਘ ਟੌਹੜਾ ਦੀ ਮੌਤ ਹੋ ਗਈ, ਇਸ ਤਰ੍ਹਾਂ ਉਹ ਆਖ਼ਰੀ ਸਾਹ ਤੱਕ ਕਮੇਟੀ ਦੇ ਪ੍ਰਧਾਨ ਰਹੇ। ਹਲਕਾ ਭਾਦਸੋਂ ਦੇ ਮੌਜੂਦਾ ਐੱਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਨੁਸਾਰ ਗੁਰਚਰਨ ਸਿੰਘ ਟੌਹੜਾ ਭਾਦਸੋਂ ਤੋਂ ਲਗਾਤਾਰ ਪੰਜ ਦਹਾਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ।

ਇਸ ਦੌਰਾਨ ਵੱਧ ਸਮਾਂ ਪ੍ਰਧਾਨਗੀ ਕਰਨ ਵਾਲਿਆਂ ਵਿੱਚੋਂ ਮਾਸਟਰ ਤਾਰਾ ਸਿੰਘ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਕਰੀਬ 16 ਸਾਲ ਪ੍ਰਧਾਨਗੀ ਕੀਤੀ। ਅਵਤਾਰ ਸਿੰਘ ਮੱਕੜ 2005 ਤੋਂ 2016 ਤੱਕ (11 ਸਾਲ) ਅਤੇ ਸੰਤ ਚੰਨਣ ਸਿੰਘ 1962 ਤੋਂ 1972 ਤੱਕ (10 ਸਾਲ) ਪ੍ਰਧਾਨ ਰਹੇ।

ਉਂਝ, ਸ਼੍ਰੋਮਣੀ ਕਮੇਟੀ ਦੇ ਪਲੇਠੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਸਨ, ਜੋ 12 ਦਸੰਬਰ 1920 ਤੋਂ 14 ਅਗਸਤ 1921 ਤੱਕ ਪ੍ਰਧਾਨ ਰਹੇ ਪਰ ਕਮੇਟੀ ਦਾ ਐਕਟ ਬਣਨ ਮਗਰੋਂ ਪਲੇਠੇ ਪ੍ਰਧਾਨ ਬਾਬਾ ਖੜਕ ਸਿੰਘ ਬਣੇ, ਜੋ 2 ਅਕਤੂਬਰ 1926 ਤੋਂ 12 ਅਕਤੂਬਰ 1930 ਤੱਕ ਪ੍ਰਧਾਨ ਰਹੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੈਡੀਕਲ ਦੇਸੀ ਵੱਲੋਂ ਕਿਸਾਨ ਘੋਲ ਨੂੰ ਸਮਰਪਿਤ ਕੈਲੰਡਰ ਜਾਰੀ
Next articleਨਵੀਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦਸੰਬਰ ਵਿੱਚ ਹੋਵੇਗੀ ਕਾਰਜਸ਼ੀਲ