ਮੁੰਬਈ (ਸਮਾਜ ਵੀਕਲੀ) : ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਦੇ ਅੱਜ ਉਸ ਅੱਗੇ ਪੇਸ਼ ਹੋਣ ਮਗਰੋਂ ਅਧਿਕਾਰੀ ਖ਼ਿਲਾਫ਼ ਜਾਰੀ ਜ਼ਮਾਨਤੀ ਵਾਰੰਟ ਰੱਦ ਕਰ ਦਿੱਤੇ ਹਨ। ਜਸਟਿਸ ਕੇ.ਯੂ.ਚੰਡੀਵਾਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਸਿੰਘ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚ 15000 ਰੁਪਏ ਜਮ੍ਹਾਂ ਕਰਵਾਉਣ ਦੀ ਵੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਸਿੰਘ ਨੇ ਇਕ ਮੈਂਬਰੀ ਕਮਿਸ਼ਨ ਕੋਲ ਦਾਖ਼ਲ ਹਲਫ਼ਨਾਮੇ ਵਿੱਚ ਦਾਅਵਾ ਕੀਤਾ ਕਿ ਉਸ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤੇ ਉਹ ਨਹੀਂ ਚਾਹੁੰਦਾ ਕਿ ਜਾਂਚ ਪੈਨਲ ਉਸ ਨੂੰ ਸਵਾਲ ਕਰੇ।
ਇਸ ਦੌਰਾਨ ਅਨਿਲ ਦੇਸ਼ਮੁਖ ਦੇ ਵਕੀਲ ਨੇ ਪਰਮਬੀਰ ਸਿੰਘ ਤੇ ਨੌਕਰੀਓਂ ਕੱਢੇ ਪੁਲੀਸ ਅਧਿਕਾਰੀ ਸਚਿਨ ਵਜ਼ੇ ਨੂੰ ਕਮਿਸ਼ਨ ਦੇ ਦਫ਼ਤਰ ਵਿਚਲੇ ਇਕ ਹੋਰ ਕਮਰੇ ਵਿੱਚ ਇਕੱਠਿਆਂ ਬਿਠਾਉਣ ’ਤੇ ਕਮਿਸ਼ਨ ਅੱਗੇ ਉਜਰ ਜਤਾਇਆ ਹੈ। ਵਜ਼ੇ ਨੂੰ ਕੇਸ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਸੱਦਿਆ ਗਿਆ ਸੀ। ਦੇਸ਼ਮੁਖ ਦੇ ਵਕੀਲ ਨੇ ਕਿਹਾ, ‘‘ਸਿੰਘ ਤੇ ਗਵਾਹ (ਵਜ਼ੇ) ਪਿਛਲੇ ਇਕ ਘੰਟੇ ਤੋਂ ਇਕੱਠਿਆਂ ਬੈਠੇ ਹਨ। ਉਹ (ਸਿੰਘ) ਗਵਾਹ ਨੂੰ ਅਸਰਅੰਦਾਜ਼ ਕਰ ਸਕਦਾ ਹੈ।’’ ਜਸਟਿਸ (ਸੇਵਾਮੁਕਤ) ਚੰਡੀਵਾਲ ਨੇ ਕਿਹਾ, ‘‘ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?’’ ਹਾਲਾਂਕਿ ਮਗਰੋਂ ਉਨ੍ਹਾਂ ਵਜ਼ੇ ਨੂੰ ਕਿਹਾ ਕਿ ‘ਚੰਗਾ ਹੋਵੇਗਾ ਜੇਕਰ ਤੁਸੀਂ ਇਸ ਸਥਿਤੀ ਨੂੰ ਟਾਲਣ ਲਈ ਵੱਖਰੇ ਬੈਠੋ।’’ ਸਥਾਨਕ ਕੋਰਟ ਨੇ ਜਬਰੀ ਵਸੂਲੀ ਕੇਸ ਵਿੱਚ ਸਿੰਘ ਨੂੰ ਭਗੌੜਾ ਐਲਾਨਿਆ ਹੋਇਆ ਸੀ ਤੇ ਪੁਲੀਸ ਅਧਿਕਾਰੀ ਛੇ ਮਹੀਨਿਆਂ ਮਗਰੋਂ ਅਜੇ ਪਿਛਲੇ ਹਫ਼ਤੇ ਹੀ ਮੁੰਬਈ ’ਚ ਨਜ਼ਰ ਆਇਆ ਸੀ। ਸਿੰਘ ਨੇ ਮੁੰਬਈ ਅਪਰਾਧ ਸ਼ਾਖਾ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਵੀ ਕਲਮਬੰਦ ਕੀਤੇ ਸਨ। ਸੁਪਰੀਮ ਕੋਰਟ ਨੇ ਪੁਲੀਸ ਅਧਿਕਾਰੀ ਨੂੰ ਗ੍ਰਿਫ਼ਤਾਰੀ ਤੋਂ ਆਰਜ਼ੀ ਰਾਹਤ ਦਿੱਤੀ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly