ਦੋ ਤੋਤੇ ਬੋਲਣ ਵੇ ਰਾਂਝਣਾ , ਨੂਰ ਮਹਿਲ ਦੀ ਮੋਰੀ

(ਸਮਾਜ ਵੀਕਲੀ)- ਪਿਆਰੇ ਬੱਚਿਓ ! ਅੱਜ ਤੁਹਾਨੂੰ ਅਸੀਂ ਇੱਕ ਖ਼ਾਸ ਪੰਛੀ ਤੋਤੇ ਬਾਰੇ ਕੁਝ ਜਾਣਕਾਰੀ ਦੇਣ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੋਤਾ ਹਰੇ ਰੰਗ ਦਾ ਹੁੰਦਾ ਹੈ। ਇਹ ਦਸ – ਬਾਰਾਂ ਇੰਚ ਦਾ ਲੰਮਾ ਪੰਛੀ ਹੈ। ਬੱਚਿਓ ! ਤੋਤਾ ਬਹੁਤ ਸੁੰਦਰ ਪੰਛੀ ਹੈ ਅਤੇ ਇਹ ਮਨੁੱਖ ਦੀ ਬੋਲੀ ਦੀ ਨਕਲ ਬਾਖੂਬੀ ਕਰਦਾ ਹੈ। ਇਹ ਇੱਕ ਸਮਝਦਾਰ ਅਤੇ ਸ਼ਾਕਾਹਾਰੀ ਪੰਛੀ ਹੈ। ਤੋਤੇ ਦੀ ਉਮਰ ਲੱਗਭਗ ਚਾਲੀ ਤੋਂ ਪੰਜਾਹ ਸਾਲ ਤੱਕ ਹੁੰਦੀ ਹੈ। ਸ਼ਾਇਦ ਇਨਸਾਨ ਵੱਲੋਂ ਪਾਲਤੂ ਬਣਾਏ ਗਏ ਪਸ਼ੂ – ਪੰਛੀਆਂ ਵਿੱਚੋਂ ਤੋਤਾ ਪਹਿਲਾ ਪਾਲਤੂ ਪੰਛੀ ਸੀ। ਦੂਸਰੇ ਪੰਛੀਆਂ ਵਾਂਗ ਤੋਤੇ ਘਾਹ – ਫੂਸ ਆਦਿ ਦੀ ਆਲ੍ਹਣੇ ਨਹੀਂ ਬਣਾਉਂਦੇ , ਸਗੋਂ ਇਹ ਦੀਵਾਰਾਂ ਦੇ ਝਰੋਖਿਆਂ , ਰੁੱਖਾਂ ਦੇ ਸੁਰਾਖਾਂ ਵਿੱਚ ਕੁਝ ਕਾਨੇ ਆਦਿ ਰੱਖ ਕੇ ਨਿਵਾਸ ਕਰਦੇ ਹਨ। ਕਈ ਵਾਰ ਸੁੱਕ ਗਏ ਰੁੱਖਾਂ ਵਿੱਚ ਇਹ ਆਪ ਵੀ ਸੁਰਾਖ ਕਰਕੇ ਰਹਿੰਦੇ ਹਨ। ਤੋਤਿਆਂ ਦਾ ਮੁੱਖ ਭੋਜਨ ਫਲ ਜਿਵੇਂ ਕਿ ਅਮਰੂਦ , ਅੰਬ , ਅੰਗੂਰ ਅਤੇ ਫ਼ਸਲਾਂ ਜਿਵੇਂ ਕਿ ਬਾਜਰਾ , ਛੱਲੀਆਂ ਆਦਿ ਹੁੰਦਾ ਹੈ । ਕਈ ਛੋਟੀ ਕਿਸਮ ਦੇ ਤੋਤੇ ਫੁੱਲਾਂ ਦਾ ਪਰਾਗ ਅਤੇ ਮਧੂ ਆਦਿ ਦਾ ਸੇਵਨ ਵੀ ਕਰਦੇ ਹਨ। ਤੋਤੇ ਯੂਕਲਿਪਟਸ , ਖਜੂਰ ਅਤੇ ਤਾੜ ਦੇ ਰੁੱਖਾਂ ਨੂੰ ਬਹੁਤ ਪਸੰਦ ਕਰਦੇ ਹਨ। ਤਾੜ ਦੇ ਦਰੱਖਤਾਂ ਤੇ ਲਟਕਾਏ ਘੜਿਆਂ ਵਿੱਚੋਂ ਅਕਸਰ ਤੋਤੇ ਤਾੜੀ ਪੀ ਕੇ ਦਰੱਖਤ ਦੀਆਂ ਟਾਹਣੀਆਂ ਜਾਂ ਜ਼ਮੀਨ ‘ਤੇ ਡਿੱਗੇ ਮਿਲ ਜਾਂਦੇ ਹਨ। ਮਨੁੱਖ ਦਾ ਪੰਛੀਆਂ ਨਾਲ ਸ਼ੁਰੂ ਤੋਂ ਹੀ ਲਗਾਓ ਰਿਹਾ ਹੈ ਅਤੇ ਇਸੇ ਸਨੇਹ – ਭਾਵ ਕਰਕੇ ਮਨੁੱਖ ਸ਼ੁਰੂ ਤੋਂ ਹੀ ਤੋਤੇ ਨੂੰ ਪਾਲਦਾ ਆਇਆ ਹੈ। ਘਰਾਂ ਵਿੱਚ ਪਾਲੇ ਹੋਏ ਤੋਤੇ ਕਿਸੇ ਅਜਨਬੀ ਦੇ ਆਉਣ ਤੇ ਪਰਿਵਾਰਕ ਮੈਂਬਰਾਂ ਨੂੰ ਸੁਚੇਤ ਕਰ ਦਿੰਦੇ ਹਨ ਅਤੇ ਚੋਰਾਂ ਦੀ ਪਛਾਣ ਵੀ ਕਰ ਲੈਣ ਵਿੱਚ ਸਮਰੱਥ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ ‘ਤੇ ਝਪਟ ਵੀ ਪੈਂਦੇ। ਬੱਚਿਓ ! ਤੋਤਾ ਆਸਟਰੇਲੀਆ ਦਾ ਸਰਵਸ੍ਰੇਸਠ ਪੰਛੀ ਹੈ। ਸਾਡੇ ਦੇਸ਼ ਵਿੱਚ ਤੋਤੇ ਪਾਲਣ ਦਾ ਰਿਵਾਜ਼ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ਵਿੱਚ ਬਹੁਤ ਜ਼ਿਆਦਾ ਰਿਹਾ ਹੈ। ਤੋਤੇ ਕਈ ਦੇਸ਼ਾਂ – ਥਾਂਵਾਂ ਵਿੱਚ ਦੇਖਣ ਨੂੰ ਮਿਲਦੇ ਹਨ , ਜਿਵੇਂ ਕਿ ਆਸਟ੍ਰੇਲੀਆ , ਸ੍ਰੀਲੰਕਾ , ਪੇਰੂ , ਕੰਬੋਡੀਆ , ਥਾਈਲੈਂਡ , ਵੀਅਤਨਾਮ , ਬਰਮਾਂ , ਅੰਡੇਮਾਨ, ਨੇਪਾਲ , ਮਲਾਇਆ , ਥਾਈਲੈਂਡ , ਵੀਅਤਨਾਮ , ਚੀਨ, ਭਾਰਤ ਆਦਿ। ਉੱਤਰ ਭਾਰਤ ਵਿੱਚ ਤੋਤੇ ਮਾਰਚ ਤੋਂ ਮਈ ਤੱਕ ਦੇ ਸਮੇਂ ਦੌਰਾਨ ਅਤੇ ਦੱਖਣ ਭਾਰਤ ਵਿੱਚ ਜਨਵਰੀ ਤੋਂ ਫਰਵਰੀ ਦੇ ਦੌਰਾਨ ਅੰਡੇ ਦਿੰਦੇ । ਇਨ੍ਹਾਂ ਦੇ ਅੰਡੇ ਸਫੈਦ ਹੁੰਦੇ ਹਨ। ਮਾਦਾ ਚਾਰ ਤੋਂ ਛੇ ਅੰਡੇ ਦਿੰਦੀ ਹੈ। ਤੋਤੇ ਲਗਭਗ ਚਾਰ ਮਹੀਨਿਆਂ ਤੱਕ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹਨ। ਇਸ ਪੰਛੀ ਦੀ ਖਾਸੀਅਤ ਹੈ ਕਿ ਇਹ ਉੱਡਣ ਵਿੱਚ ਬਹੁਤ ਤੇਜ਼ ਹੁੰਦਾ ਹੈ। ਇਹ ਹਮੇਸ਼ਾ ਝੁੰਡਾਂ ਵਿੱਚ ਰਹਿੰਦਾ ਹੈ। ਤੋਤਾ ਸਮਾਜਿਕ ਪ੍ਰਕਿਰਤੀ ਦਾ ਪ੍ਰਾਣੀ ਪੰਛੀ ਹੈ। ਨਰ ਅਤੇ ਮਾਦਾ ਦਾ ਆਪਸੀ ਪ੍ਰੇਮ ਬਹੁਤ ਗਹਿਰਾ ਤੇ ਮਧੁਰ ਹੁੰਦਾ ਹੈ । ਇਸ ਪੰਛੀ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਹੋਰ ਦੂਸਰੇ ਸਾਰੇ ਪੰਛੀਆਂ ਨਾਲੋਂ ਇਹ ਇੱਕ ਵੱਖਰੀ ਪ੍ਰਵਿਰਤੀ ਰੱਖਦਾ ਹੈ ਕਿ ਜਦੋਂ ਵੀ ਇਸ ਨੂੰ ਅਸੀਂ ਆਜ਼ਾਦ ਕਰ ਦੇਈਏ ਤਾਂ ਇਹ ਵਾਪਸ ਜੰਗਲ ਵੱਲ ਚਲਾ ਜਾਂਦਾ ਹੈ। ਬੱਚਿਓ ! ਤੋਤੇ ਕਈ ਵਾਰ ਨਦੀਆਂ ਦੇ ਕਿਨਾਰੇ ਲੱਗੇ ਬੋਹੜ , ਪਿੱਪਲ ਜਾਂ ਸਿੰਬਲ ਰੁੱਖਾਂ ਦੇ ਸੁਰਾਖਾਂ ਵਿੱਚ ਬੈਠੇ ਅਕਸਰ ਦਿਖਾਈ ਦੇ ਜਾਂਦੇ ਹਨ। ਤੋਤਾ ਪੰਛੀ ਮਨੁੱਖ ਦੀ ਆਵਾਜ਼ ਉਸ ਦੀ ਨਕਲ ਕਰਕੇ ਅਤੇ ਉਸ ਦੇ ਬੁੱਲ੍ਹਾਂ ਦੇ ਕੰਪਨ ਤੋਂ ਅੰਦਾਜ਼ਾ ਲਗਾ ਕੇ ਕੱਢਦੇ ਹਨ। ਕਈ ਕਿਸਮ ਦੇ ਤੋਤੇ ਰਾਤ ਸਮੇਂ ਦਰੱਖਤਾਂ ਉੱਤੇ ਪੈਰ ਉੱਪਰ ਅਤੇ ਸਿਰ ਹੇਠਾਂ ਕਰਕੇ ਲਟਕੇ ਰਹਿੰਦੇ ਹਨ।

ਮਦਾਰੀਆਂ , ਜੋਤਸ਼ੀਆਂ ਆਦਿ ਨਾਲ ਵੀ ਇਸ ਪੰਛੀ ਦਾ ਸ਼ੁਰੂ ਤੋਂ ਕਾਫੀ ਗਹਿਰਾ ਸੰਬੰਧ ਰਿਹਾ ਹੈ। ਇਟਲੀ ਦੇਸ਼ ਵਿੱਚ ਤੋਤੇ ਤੋਂ ਭਵਿੱਖਬਾਣੀਆਂ ਕਰਵਾਈਆਂ ਜਾਂਦੀਆਂ ਹਨ । ਬੱਚਿਓ ! ਸੰਸਾਰ ਵਿੱਚ ਲਗਭਗ ਇੱਕ ਸੌ ਸੱਠ ਕਿਸਮ ਦੇ ਤੋਤੇ ਮਿਲਦੇ ਹਨ। ਤੋਤਾ ਪਾਲਣ ਦੀ ਪਰੰਪਰਾ ਯੁਗਾਂ – ਯੁਗਾਂ ਤੋਂ ਚੱਲੀ ਆ ਰਹੀ ਹੈ। ਪੁਰਾਣਾਂ ਵਿੱਚ ਵੀ ਤੋਤੇ ਦੀ ਚਰਚਾ ਕੀਤੀ ਹੋਈ ਮਿਲਦੀ ਹੈ। ਪੁਰਾਣੇ ਸਮਿਆਂ ਵਿੱਚ ਹਰ ਘਰ ਵਿੱਚ ਤੋਤਾ ਪਾਲਿਆ ਜਾਂਦਾ ਸੀ। ਤੋਤੇ ਦੀ ਆਵਾਜ਼ , ਇਸਦੇ ਗੁਣਾਂ ਤੇ ਸੁੰਦਰਤਾ ਆਦਿ ਨੇ ਅਨੇਕਾਂ ਲੇਖਕਾਂ ਕਵੀਆਂ ਦੇ ਅਲੌਕਿਕ ਅੰਤਰੀਵ ਭਾਵਾਂ ਨੂੰ ਉਭਾਰਿਆ ਹੈ। ਪੰਜਾਬੀ ਸੱਭਿਆਚਾਰ , ਕਿੱਸੇ – ਕਹਾਣੀਆਂ , ਬਾਲ – ਸਾਹਿਤ ਆਦਿ ਵਿੱਚ ਵੀ ਤੋਤਾ ਪੰਛੀ ਦਾ ਜ਼ਿਕਰ ਆਮ ਹੀ ਆਉਂਦਾ ਹੈ। ਨਾਨਾ – ਨਾਨੀ ਤੇ ਦਾਦਾ – ਦਾਦੀ ਅਕਸਰ ਛੋਟੇ ਬੱਚਿਆਂ ਨੂੰ ਤੋਤਿਆਂ ਦੀਆਂ ਕਹਾਣੀਆਂ ਅਕਸਰ ਸੁਣਾਉਂਦੇ ਹੁੰਦੇ ਸਨ। ਪਿਆਰੇ ਬੱਚਿਓ ! ਕਹਿੰਦੇ ਹਨ ਕਿ ਸਿਕੰਦਰ ਮਹਾਨ ਜਦੋਂ ਭਾਰਤ ਤੋਂ ਵਾਪਸ ਗਿਆ ਤਾਂ ਆਪਣੇ ਨਾਲ ਕਾਫ਼ੀ ਤੋਤੇ ਲੈ ਗਿਆ , ਉਦੋਂ ਤੋਂ ਯੂਨਾਨ ਅਤੇ ਰੋਮ ਆਦਿ ਦੇਸ਼ਾਂ ਵਿੱਚ ਤੋਤੇ ਪਾਲਣ ਦਾ ਰਿਵਾਜ ਸ਼ੁਰੂ ਹੋਇਆ । ਬੱਚਿਓ ! ਤੋਤੇ ਅਕਸਰ ਗਰਮ ਥਾਵਾਂ ਵਿੱਚ ਰਹਿੰਦੇ ਹਨ। ਇਹ ਆਪਣਾ ਭੋਜਨ ਪੰਜਿਆਂ ਵਿੱਚ ਫੜ ਕੇ ਖਾਂਦੇ ਹਨ। ਵੱਖ – ਵੱਖ ਸਥਾਨਾਂ ਅਤੇ ਉਥੋਂ ਦੀ ਭੂਗੋਲਿਕ ਸਥਿਤੀ ਅਤੇ ਜਲਵਾਯੂ ਕਾਰਨ ਕਈ ਤੋਤਿਆਂ ਦਾ ਰੰਗ ਸਫ਼ੈਦ ਤੇ ਜਾਮਣੀ ਵੀ ਹੁੰਦਾ ਹੈ। ਪਿਆਰੇ ਬੱਚਿਓ ! ਥਾਈਲੈਂਡ , ਮੰਗੋਲੀਆ , ਈਰਾਨ ਆਦਿ ਦੇਸ਼ਾਂ ਵੱਲੋਂ ਤੋਤੇ ਦੀ ਮੂਰਤ ਦੀਆਂ ਮੋਹਰਾਂ ਵੀ ਚਾਲੂ ਕੀਤੀਆਂ ਗਈਆਂ ਸਨ। ਕਈ ਦੇਸ਼ਾਂ ਵਿੱਚ ਤਾਂ ਪਿਛਲੇ ਚਾਰ – ਪੰਜ ਦਹਾਕਿਆਂ ਤੋਂ ” ਵਰਲਡ ਪੈਰਟ ਟਰੱਸਟ ” ਵੀ ਬਣੇ ਹੋਏ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ ਇੱਕੀ ਵਿੱਚ ‘ ਤੋਤਾ ਪੰਛੀ ਰੱਖ ‘ ਵੀ ਸਥਿਤ ਹੈ। ਤੋਤੇ ਦੀ ਆਵਾਜ਼ ਵਿੱਚ ਇੱਕ ਪ੍ਰਕਾਰ ਦੀ ਮਧੁਰਤਾ ਹੁੰਦੀ ਹੈ , ਜੋ ਕੰਨਾਂ ਨੂੰ ਬਹੁਤ ਪਿਆਰੀ ਲੱਗਦੀ ਹੈ। ਪਿਆਰੇ ਬੱਚਿਓ ! ਸਾਨੂੰ ਤੋਤੇ ਅਤੇ ਹੋਰ ਦੂਸਰੇ ਪਸ਼ੂ – ਪੰਛੀਆਂ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ। ਬੱਚਿਓ ! ਸਾਡੇ ਪੰਜਾਬੀ ਸੱਭਿਆਚਾਰ ਅਤੇ ਲੋਕ ਗੀਤਾਂ ਵਿੱਚ ਵੀ ਤੋਤੇ ਦਾ ਜੇਕਰ ਇੰਝ ਕੀਤਾ ਗਿਆ ਮਿਲਦਾ ਹੈ :
” ਘੋੜੀ ਚੜ੍ਹਿਆ ਬਾਬੇ ਦਾ ਪੋਤਾ ,
ਜਿਵੇਂ ਹਰਿਆਂ ਬਾਗਾਂ ਦਾ ਤੋਤਾ । ”
ਤੇ
“ਕੁੜੀ ਲੈ ਗਿਆ ਸਰ੍ਹੋਂ ਦੇ ਫੁੱਲ ਵਰਗੀ ,
ਤੋਤੇ ਰੰਗੀ ਪੱਗ ਬੰਨ ਕੇ।”
ਤੇ
” ਦੋ ਤੋਤੇ ਬੋਲਣ ਵੇ ਰਾਂਝਣਾ
ਨੂਰ ਮਹਿਲ ਦੀ ਮੋਰੀ ,
ਸਾਨੂੰ ਪੈਸੇ ਭੇਜੀ ਵੇ ਰਾਂਝਣਾਂ
ਮਾਂ – ਭੈਣ ਤੋਂ ਚੋਰੀ ”

 

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ                               https://play.google.com/store/apps/details?id=in.yourhost.samajweekly

Previous articleਸਾਬਕਾ ਵਿੱਤ ਮੰਤਰੀ ਦੇ ਧੜੇ ਦੇ ਟਕਸਾਲੀ ਅਕਾਲੀਆਂ ਨੇ ਫੜਿਆ ਕੈਪਟਨ ਹਰਮਿੰਦਰ ਸਿੰਘ ਦਾ ਪੱਲ੍ਹਾ
Next articleਇਪਟਾ ਦੁਆਰਾ ਦੋ ਰੋਜ਼ਾ ਮਿਲਣੀ ਅਤੇ ਲੋਕ ਹਿਤੈਸ਼ੀ ਸੱਭਿਆਚਾਰਕ ਪ੍ਰੋਗਰਾਮ 4 ਦਸੰਬਰ ਤੋਂ