ਜਨੇਵਾ (ਸਮਾਜ ਵੀਕਲੀ):ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਨੇ ਕਈ ਮੁਲਕਾਂ ’ਚ ਕਰੋਨਾ ਦਾ ਨਵਾਂ ਸਰੂਪ ਫੈਲਣ ਨੂੰ ਦੇਖਦਿਆਂ 12ਵੀਂ ਮੰਤਰੀ ਪੱਧਰ ਦੀ ਕਾਨਫਰੰਸ (ਐੱਮਸੀ12) ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਕਈ ਮੁਲਕਾਂ ਵੱਲੋਂ ਉਡਾਣਾਂ ’ਤੇ ਰੋਕ ਲਾਏ ਜਾਣ ਕਾਰਨ ਮੰਤਰੀਆਂ ਦੇ ਜਨੇਵਾ ਪਹੁੰਚਣ ’ਚ ਅੜਿੱਕਾ ਪਵੇਗਾ ਜਿਸ ਕਾਰਨ ਡਬਲਿਊਟੀਓ ਨੇ ਕਾਨਫਰੰਸ ਨੂੰ ਅੱਗੇ ਪਾਉਣ ਦਾ ਫ਼ੈਸਲਾ ਲਿਆ ਹੈ। ਕਾਨਫੰਰਸ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਜਨੇਵਾ ’ਚ ਹੋਣੀ ਸੀ।
ਡਬਲਿਊਟੀਓ ਜਨਰਲ ਕਾਊਂਸਿਲ ਦੇ ਮੁਖੀ ਡੇਸੀਓ ਕਾਸਟਿਲੋ ਨੇ ਕਿਹਾ,‘‘ਮੌਜੂਦਾ ਘਟਨਾਕ੍ਰਮ ਅਤੇ ਦੁਚਿੱਤੀ ਦੇ ਮਾਹੌਲ ਨੂੰ ਦੇਖਦਿਆਂ ਸਾਡੇ ਕੋਲ ਮੰਤਰੀ ਪੱਧਰ ਦੀ ਕਾਨਫਰੰਸ ਨੂੰ ਮੁਲਤਵੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਸੀ। ਜਿਵੇਂ ਹੀ ਹਾਲਾਤ ’ਚ ਸੁਧਾਰ ਹੋਵੇਗਾ, ਅਸੀਂ ਛੇਤੀ ਤੋਂ ਛੇਤੀ ਇਹ ਕਾਨਫਰੰਸ ਕਰਾਉਣ ਦੀ ਕੋਸ਼ਿਸ਼ ਕਰਾਂਗੇ।’’ ਡਬਲਿਊਟੀਓ ਦੇ ਡਾਇਰੈਕਟਰ ਜਨਰਲ ਨਗੋਜ਼ੀ ਓਕੋਂਜੋ-ਇਵੀਆਲਾ ਨੇ ਕਿਹਾ ਕਿ ਉਡਾਣਾਂ ’ਤੇ ਪਾਬੰਦੀਆਂ ਲੱਗਣ ਕਾਰਨ ਕਈ ਮੰਤਰੀ ਅਤੇ ਸੀਨੀਅਰ ਡੈਲੀਗੇਟ ਕਾਨਫਰੰਸ ’ਚ ਨਹੀਂ ਆ ਸਕਣਗੇ। ਉਨ੍ਹਾਂ ਕਿਹਾ ਕਿ ਕਈ ਡੈਲੀਗੇਸ਼ਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਵਰਚੁਅਲੀ ਕਾਨਫਰੰਸ ਨਾਲ ਗੁੰਝਲਦਾਰ ਅਤੇ ਸੰਜੀਦਾ ਮੁੱਦਿਆਂ ’ਤੇ ਲੋੜੀਂਦਾ ਵਿਚਾਰ ਵਟਾਂਦਰਾ ਨਹੀਂ ਹੁੰਦਾ ਹੈ ਜਿਸ ਕਾਰਨ ਆਫ਼ਲਾਈਨ ਇਹ ਕਾਨਫਰੰਸ ਸੱਦੀ ਗਈ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly