ਸਿਆਸੀ ਬੁਰਕੀਆਂ ਦੀ ਸੁੱਟ- ਆਖਿਰ ਕਦ ਤੱਕ?

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਦੋਸਤੋ ਚੋਣਾਂ ਦਾ ਮੌਸਮ ਆ ਗਿਆ ਹੈ। ਪੰਜਾਬ ਵਿੱਚ ਰਾਜਨੀਤਕ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸਾਰੀਆਂ ਪਾਰਟੀਆਂ ਦੇ ਲੀਡਰ ਹਰਲ-ਹਰਲ ਕਰਦੇ ਭੱਜੇ ਫਿਰਦੇ ਹਨ। ਪਾਰਟੀਆਂ ਦੀ ਪਾਟੋਧਾੜ, ਫੇਰ-ਬਦਲ ਜ਼ੋਰ-ਸ਼ੋਰ ਨਾਲ ਹੋ ਰਹੀ ਹੈ। ਪਾਰਟੀਆਂ ਵੱਲੋਂ ਮੈਂਬਰਾਂ ਦੀ ਖਿੱਚੋਤਾਣ ਹੋ ਰਹੀ ਹੈ ਅਤੇ ਖ਼ਰੀਦੋ-ਫਰੋਖਤ ਲਈ ਰਾਜਨੀਤਕ ਮੰਡੀ ਵਿੱਚ ਬੋਲੀਆਂ ਲੱਗ ਰਹੀਆਂ ਹਨ।ਕਿਹੜੀ ਪਾਰਟੀ ਨੇ ਦੂਜੀ ਜਾਂ ਤੀਜੀ ਪਾਰਟੀ ਦੇ ਕਿੰਨੇ ਮੈਂਬਰ ਤੋੜੇ, ਕਿੰਨੇ ਕਿੱਧਰ ਨੂੰ ਭੱਜੇ, ਕਿੰਨੇ ਰੁੱਸੇ, ਕਿੰਨੇ ਮਨਾਏ?

ਵਾਹ! ਅਸੀਂ ਲੋਕਤੰਤਰ ਦੇ ਰਾਜੇ ਬੈਠ ਕੇ ਇਹ ਸਭ ਤਮਾਸ਼ੇ ਦੇਖ ਰਹੇ ਹਾਂ। ਪਾਠਕੋ ,ਰਾਜੇ ਸ਼ਬਦ ਸੁਣ ਕੇ ਹੈਰਾਨ ਨਾ ਹੋਵੋ,ਇਹ ਸੱਚ ਹੈ। ਅੱਜ ਆਪਾਂ ਰਾਜੇ ਹਾਂ ਕਿਉਂ ਕਿ ਅੱਜ ਤਾਕਤ ਆਪਣੇ ਹੱਥ ਵਿੱਚ ਹੈ। ਮੰਨਿਆ ਵੋਟਾਂ ਤੋਂ ਬਾਅਦ ਇਹੀ ਰਾਜੇ ਭਿਖਾਰੀ ਬਣ ਜਾਂਦੇ ਹਨ। ਕਿਉਂ ਕਿ ਕੱਲ੍ਹ ਨੂੰ ਜਦੋਂ ਆਪਾਂ ਇਹਨਾਂ ਨੂੰ ਰਾਜੇ ਬਣਾ ਕੇ ਭੇਜਾਂਗੇ ਤਾਂ ਸਾਨੂੰ ਆਪਣੇ ਹੱਕ ਮੰਗਣ ਇਹਨਾਂ ਦੇ ਦਰ ਤੇ ਜਾਣਾ ਪਵੇਗਾ, ਲਾਠੀਆਂ ਖਾਣੀਆਂ ਪੈਣਗੀਆਂ। ਇਸੇ ਜਨਤਾ ਦੀ ਦੁਰਪਰੇ-ਦੁਰਪਰੇ ਹੋਵੇਗੀ।

ਅੱਜ ਸਾਰੇ ਲੀਡਰ ਆਮ ਲੋਕਾਂ ਵਿੱਚ ਇੰਝ ਘੁੰਮ ਰਹੇ ਹਨ ਜਿਵੇਂ ਇਹ ਸਭ ਸਾਡੇ ਬਹੁਤ ਕਰੀਬੀ ਰਿਸ਼ਤੇਦਾਰ ਹੋਣ, ਦੁੱਖ ਸੁੱਖ ਦੇ ਸਾਂਝੇ ਹੋਣ,ਮੰਨੋ ਕਿ ਧਰਤੀ ਉੱਤੇ ਦੇਵਤੇ ਉੱਤਰ ਆਏ ਹਨ। ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਕ ਦੂਜੇ ਤੋਂ ਵਧ ਕੇ ਵੱਡੀਆਂ ਤੋਂ ਵੱਡੀਆਂ ਸਹੂਲਤਾਂ ਦੇਣ ਦਾ ਐਲਾਨ ਕਰ ਰਹੇ ਹਨ। ਕੋਈ ਬਿਜਲੀ ਫ੍ਰੀ ਦੇਣ ਦਾ ਐਲਾਨ ਕਰ ਰਿਹਾ ਹੈ ਕੋਈ ਫ੍ਰੀ ਰਾਸ਼ਨ ਦੇਣ ਦਾ ਐਲਾਨ ਕਰ ਰਿਹਾ ਹੈ, ਕੋਈ ਵਿਆਹਾਂ ਤੇ ਸ਼ਗਨ ਸਕੀਮਾਂ ਗਿਣਾ ਰਿਹਾ ਹੈ ਤੇ ਕੋਈ ਬੱਸਾਂ ਦੇ ਸਫ਼ਰ ਫ੍ਰੀ ਕਰ ਰਹੇ ਹਨ, ਕੋਈ ਨੀਲੇ ਕਾਰਡ ਤੇ ਕੋਈ ਪੀਲ਼ੇ ਕਾਰਡਾਂ ਦਾ ਲਾਲਚ ਦੇ ਰਹੇ ਹਨ।ਇੱਥੇ ਹੀ ਬੱਸ ਨਹੀਂ ,ਸਾਡੇ ਸੀ ਐਮ ਸਾਹਿਬ ਨੇ ਤਾਂ ਹੱਦ ਹੀ ਕਰ ਦਿੱਤੀ ਜਦ ਉਹਨਾਂ ਨੇ ਕੇਬਲ ਨੈੱਟਵਰਕ ਦੇ ਰੇਟ ਹੀ ਘੱਟ ਕਰ ਦਿੱਤੇ।

ਜਦ ਕਿ ਉਹ ਕੇਂਦਰ ਸਰਕਾਰ ਦੇ ਅਧੀਨ ਆਉਣ ਵਾਲ਼ਾ ਮਸਲਾ ਹੈ।ਵੋਟਰਾਂ ਨੂੰ ਲੁਭਾਉਣ ਲਈ ਕੋਈ ਲੀਡਰ ਰਸਤੇ ਵਿੱਚ ਲੰਗਰ ਛਕ ਰਿਹਾ ਹੈ ਅਤੇ ਕੋਈ ਆਟੋ ਵਾਲੇ ਦੇ ਘਰ ਬੈਠ ਕੇ ਰੋਟੀ ਖਾ ਰਿਹਾ ਹੈ।ਆਮ ਜਨਤਾ ਦਾ ਦਿਲ ਬਹੁਤ ਨਰਮ ਹੁੰਦਾ ਹੈ,ਉਹ ਤਾਂ ਇਹੋ ਜਿਹੀ ਦਰਿਆ ਦਿਲੀ ਦੇਖ ਕੇ ਮੋਮ ਵਾਂਗ ਪਿਘਲ ਜਾਂਦੇ ਹਨ।ਬਸ ਇਹੋ ਜਿਹੇ ਗੁਣਗਾਨ ਕਰਨ ਲੱਗਦੇ ਹਨ ਕਿ ਐਨੇ ਸੱਚੇ ਦਿਲੋਂ ਤਾਂ ਕਦੇ ਰੱਬ ਦੇ ਗੁਣ ਵੀ ਨਹੀਂ ਗਾਏ ਹੁੰਦੇ।

ਜ਼ਰਾ ਸੋਚੋ,ਕੀ ਅਸੀਂ ਆਪਣੇ ਅਧਿਕਾਰਾਂ ਨੂੰ ਸਿਰਫ਼ ਆਟੇ,ਦਾਲ, ਚੌਲਾਂ, ਬਿਜਲੀ ਫ੍ਰੀ ਲੈਣ ਦੇ ਬਦਲੇ ਭੰਗ ਦੇ ਭਾੜੇ ਲੁਟਾ ਤਾਂ ਨਹੀਂ ਰਹੇ ਹਾਂ?ਕੀ ਐਨੀਆਂ ਛੋਟੀਆਂ ਜ਼ਰੂਰਤਾਂ ਤੱਕ ਹੀ ਸੀਮਤ ਹੈ ਸਾਡੀ ਜ਼ਿੰਦਗੀ? ਅਸੀਂ ਐਨੀ ਛੇਤੀ ਕਿਉਂ ਗੱਲਾਂ ਵਿੱਚ ਆ ਜਾਂਦੇ ਹਾਂ ?ਅਸੀਂ ਆਪਣੀ ਪਹਾੜ ਜਿੱਡੀ ਤਾਕਤ ਨੂੰ ਭੁੱਲ ਕੇ ਸ਼ੀਸ਼ਿਆਂ ਦੀ ਚਮਕ ਉੱਤੇ ਡੁੱਲ੍ਹ ਜਾਂਦੇ ਹਾਂ। ਕਈ ਨਾਗਰਿਕ ਜਾਤ ਦੇਖ ਕੇ, ਕੋਈ ਰਿਸ਼ਤੇਦਾਰ ਦੇਖਕੇ , ਕੋਈ ਰੁਤਬਾ ਦੇਖ ਕੇ ਤੇ ਕੋਈ ਸਿਫ਼ਾਰਸ਼ ਦੀ ਨੌਕਰੀ ਲੈ ਕੇ ਲੀਡਰ ਚੁਣਦਾ ਹੈ। ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਨ ਦਾ ਕੰਮ ਕਰਦੇ ਹਾਂ। ਸਿਆਸੀ ਲੋਕ ਆਪਣੇ ਆਪਣੇ ਟੁੱਕ ਜਨਤਾ ਵਿੱਚ ਤਾਂ ਸੁੱਟਦੇ ਹਨ ਜੇ ਜਨਤਾ ਉਹਨਾਂ ਨੂੰ ਮੌਕਾ ਦਿੰਦੀ ਹੈ।

ਪਿਆਰੇ ਪਾਠਕੋ! ਸਾਡੇ ਦੇਸ਼ ਦੇ ਨਾਗਰਿਕਾਂ ਵਿੱਚ ਚੇਤਨਾ ਪੈਦਾ ਕਰਨ ਦੀ ਲੋੜ ਹੈ। ਸਾਡੀਆਂ ਸਰਕਾਰਾਂ ਸਮਾਜਿਕ, ਧਾਰਮਿਕ ਅਤੇ ਜਾਤੀਵਾਦ ਦਾ ਵਰਗੀਕਰਨ ਕਰਕੇ ਆਮ ਲੋਕਾਂ ਵਿੱਚ ਵੰਡੀਆਂ ਪਾ ਕੇ ਆਪਣਾ ਆਪਣਾ ਫਾਇਦਾ ਉਠਾ ਕੇ ਲੋਕਾਂ ਨੂੰ ਅੰਗੂਠਾ ਦਿਖਾਉਂਦੀਆਂ ਹਨ। ਇਸ ਸਭ ਦਾ ਫਾਇਦਾ ਤਾਂ ਸਿਰਫ਼ ਥੋੜ੍ਹੇ ਜਿਹੇ ਝੋਲ਼ੀ ਚੁੱਕਾਂ ਨੂੰ ਹੀ ਹੁੰਦਾ ਹੈ,ਬਾਕੀ ਲੋਕ ਤਾਂ ਉਹਨਾਂ ਦੇ ਪੱਖ ਵਿੱਚ ਨਾਹਰੇ ਲਗਾਉਣ ਜੋਗੇ ਹੀ ਰਹਿ ਜਾਂਦੇ ਹਨ। ਅੱਜ ਦੇ ਨਾਗਰਿਕ ਨੂੰ ਜਾਗਰੂਕ ਹੋਣਾ ਪਵੇਗਾ।ਉਸ ਨੂੰ ਫ੍ਰੀ ਰਾਸ਼ਨ, ਬਿਜਲੀ, ਸ਼ਗਨ ਆਦਿ ਸਕੀਮਾਂ ਨੂੰ ਨਕਾਰਨਾ ਪਵੇਗਾ।

ਅੱਜ ਲੋੜ ਹੈ ਸਾਰੇ ਬੱਚਿਆਂ ਦੇ ਪੜ੍ਹਈ ਦੇ ਪੱਧਰ ਵਿੱਚ ਸਮਾਨਤਾ ਲਿਆ ਕੇ ਉੱਚਾ ਚੁੱਕਣ ਦੀ, ਨੌਜਵਾਨ ਵਰਗ ਨੂੰ ਭਟਕਣ ਤੋਂ ਬਚਾ ਕੇ ਕਾਬਲੀਅਤ ਅਨੁਸਾਰ ਰੋਜ਼ਗਾਰ ਦੇਣ ਦੀ, ਬਜ਼ੁਰਗਾਂ ਨੂੰ ਮੁਫ਼ਤ ਅਤੇ ਵਧੀਆ ਸਿਹਤ ਸੇਵਾਵਾਂ ਦੀ, ਉਹਨਾਂ ਦੀ ਸੰਭਾਲ ਦੀ।ਜੇ ਇਹ ਸਹੂਲਤਾਂ ਸਰਕਾਰਾਂ ਵੱਲੋਂ ਇਮਾਨਦਾਰੀ ਨਾਲ ਉਪਲਬਧ ਕਰਵਾਈਆਂ ਜਾਣਗੀਆਂ ਤਾਂ ਹਰ ਨਾਗਰਿਕ ਉਹ ਜ਼ਰੂਰਤਾਂ ਆਪ ਪੂਰੀਆਂ ਕਰ ਸਕੇਗਾ ਜਿਨ੍ਹਾਂ ਨੂੰ ਅੱਜ ਦੇ ਸਿਆਸੀ ਲੀਡਰ ਬੁਰਕੀਆਂ ਵਾਂਗ ਉਹਨਾਂ ਮੂਹਰੇ ਸੁੱਟਦੇ ਹਨ। ਕਿਸੇ ਨੂੰ ਆਪਣੇ ਭਵਿੱਖ ਦੀ ਚਿੰਤਾ ਨਹੀਂ ਹੋਵੇਗੀ,ਕੋਈ ਬਜ਼ੁਰਗ ਦਵਾਈ ਲੈਣ ਲਈ ਨਹੀਂ ਤਰਸੇਗਾ।ਜਦ ਸਰਕਾਰਾਂ ਹਰ ਨਾਗਰਿਕ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਗੀਆਂ ਤਾਂ ਉਹ ਟੈਕਸ ਵੀ ਇਮਾਨਦਾਰੀ ਨਾਲ ਭਰਨਗੇ ਕਿਉਂ ਕਿ ਉਹਨਾਂ ਨੂੰ ਉਸ ਵਿੱਚ ਆਪਣਾ ਬੁਢਾਪਾ ਸੁਰੱਖਿਅਤ ਦਿਖਾਈ ਦੇਵੇਗਾ।

ਅੰਤ ਵਿੱਚ ਮੈਂ ਆਪਣੇ ਦੇਸ਼ ਦੇ ਪਿਆਰੇ ਨਾਗਰਿਕਾਂ ਨੂੰ ਇਹੀ ਕਹਿਣਾ ਚਾਹਵਾਂਗੀ ਕਿ ਚੋਣਾਂ ਦਾ ਦੌਰ ਚੱਲ ਰਿਹਾ ਹੈ। ਆਪਣੀ ਜ਼ਮੀਰ ਨੂੰ ਤੁਸੀਂ ਰਾਸ਼ਨ,ਬਿਜਲੀ,ਪਾਣੀ ਜਾਂ ਸ਼ਗਨ ਸਕੀਮਾਂ ਤੱਕ ਹੀ ਸੀਮਤ ਰੱਖ ਕੇ ਛੋਟਾ ਨਾ ਕਰੋ। ਇਹ ਤਾਂ ਸਿਰਫ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਸੁੱਟੇ ਗਏ ਟੁੱਕ ਹਨ।ਇਹ ਬੁਰਕੀਆਂ ਵੀ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਹੀ ਜਨਤਾ ਅੱਗੇ ਸੁੱਟਣੀਆਂ ਹਨ।ਜਦ ਸਰਕਾਰਾਂ ਬਣ ਜਾਂਦੀਆਂ ਹਨ ਤਾਂ ਇਹੀ ਸਿਆਸੀ ਲੀਡਰ,ਜੋ ਗਰੀਬਾਂ ਦੇ ਘਰਾਂ ਵਿੱਚ ਜਾ ਕੇ ਰੋਟੀਆਂ ਖਾਣ ਦੇ ਡਰਾਮੇ ਕਰਦੇ ਹਨ,ਚਾਰ ਸਾਲ ਤੱਕ ਕਿਹੜੇ ਚੂਹੇ ਦੀ ਖੁੱਡ ਵਿੱਚ ਜਾ ਬੈਠਣਗੇ, ਤੁਹਾਨੂੰ ਵੀ ਪਤਾ ਨਹੀਂ ਲੱਗਣਾ। ਸੋ ਸੁਚੇਤ ਨਾਗਰਿਕ ਬਣਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਕ੍ਰਾਂਤੀਕਾਰੀ ਫ਼ੈਸਲੇ ਲੈ ਕੇ ਨਵੀਆਂ ਪੈੜਾਂ ਕਾਇਮ ਕਰੋ।

ਬਰਜਿੰਦਰ ਕੌਰ ਬਿਸਰਾਓ…
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਈਮਾਨੀ ਦੀ ਕਮਾਈ…….
Next articleਅੰਨਦਾਤਾ