ਸ਼ਬਦਾਂ ਦੀ ਪਰਵਾਜ਼

ਜਸਵੀਰ ਸਿੰਘ ਪਾਬਲਾ
ਅਰਦਾਸ’ ਸ਼ਬਦ ਕਿਵੇਂ ਬਣਿਆ ?                                                                                                     (ਸਮਾਜਵੀਕਲੀ)
         ‘ਅਰਦਾਸ’ ਸ਼ਬਦ ਦਾ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਹੈ। ਇਹ ਸ਼ਬਦ ਪਿਛਲੇ ਸੈਂਕੜੇ ਸਾਲਾਂ ਤੋਂ  ਸਿੱਖ ਧਾਰਮਿਕਤਾ ਨਾਲ ਜੁਡ਼ਿਆ ਹੋਇਆ ਹੈ। ਗੁਰਬਾਣੀ ਵਿੱਚ ਵੀ ਇਸ ਸ਼ਬਦ ਦੀ ਵਰਤੋਂ ਕਈ ਥਾਂਵਾਂ ‘ਤੇ ਕੀਤੀ ਗਈ ਹੈ, ਜਿਵੇਂ:
         –ਬਿਰਥਾ ਕਦੇ ਨਾ ਹੋਵਈ ਜਨ ਕੀ ਅਰਦਾਸ॥
         –ਤੂੰ ਠਾਕੁਰ ਤੁਮ ਪਹਿ ਅਰਦਾਸਿ
           ਜੀਉ ਪਿੰਡ ਸਭ ਤੇਰੀ ਰਾਸਿ॥
        ਇਸ ਸ਼ਬਦ ਦੀ ਵਿਉਤਪਤੀ ਬਾਰੇ ਦੋ ਵੱਖ-ਵੱਖ ਧਾਰਨਾਵਾਂ ਪ੍ਰਚਲਿਤ ਹਨ। ਪਹਿਲੀ ਧਾਰਨਾ ਅਨੁਸਾਰ ਇਹ ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਦੋ ਸ਼ਬਦਾਂ- ਅਰਜ਼ ਅਤੇ ਦਾਸ਼ਤ ਦੇ ਮੇਲ਼ ਤੋਂ ਬਣਿਆ ਹੈ। ਇਹਨਾਂ ਵਿੱਚੋਂ ਪਹਿਲਾ ਸ਼ਬਦ ‘ਅਰਜ਼’ ਅਰਬੀ ਭਾਸ਼ਾ ਦਾ ਅਤੇ ਦੂਜਾ ਸ਼ਬਦ ‘ਦਾਸ਼ਤ’ ਫ਼ਾਰਸੀ ਭਾਸ਼ਾ ਨਾਲ਼ ਸੰਬੰਧਿਤ ਹੈ। ‘ਅਰਜ਼’ ਸ਼ਬਦ ਦੇ ਅਰਥ ਹਨ- ਬੇਨਤੀ ਜਾਂ ਦਰਖ਼ਾਸਤ ਆਦਿ। ਦੂਜੇ ਸ਼ਬਦ ‘ਦਾਸ਼ਤ’ ਦਾ ਭਾਵ ਹੈ-ਪ੍ਗਟਾਵਾ ਕਰਨਾ।  ਇਸ ਪ੍ਰਕਾਰ ਇਸ ਸ਼ਬਦ ਦੀ ਵਿਉਤਪਤੀ ਬਾਰੇ ਇਹ ਧਾਰਨਾ ਪ੍ਰਚਲਿਤ ਹੈ ਕਿ ਅਰਜ਼ ਸ਼ਬਦ ਵਿਚੋਂ ਪੰਜਾਬੀਆਂ ਨੇ ‘ਅਰ’ ਸ਼ਬਦ ਰੱਖ ਲਿਆ ਅਤੇ ਦਾਸ਼ਤ ਸ਼ਬਦ ਵਿੱਚੋਂ ‘ਦਾਸ’ ਸ਼ਬਦ ਲੈ ਲਿਆ ਤੇ ਦੋਂਹਾਂ ਸ਼ਬਦਾਂ ਨੂੰ ਜੋੜ ਕੇ ਅਰਦਾਸ ਸ਼ਬਦ ਬਣਾ ਲਿਆ ਹੈ। ਉਂਞ ਦਾਸ਼ਤ ਸ਼ਬਦ ਦਾ ਮੂਲ ਸ਼ਬਦ ਦਾਸ਼ਤਨ (ਕਿਰਿਆ-ਸ਼ਬਦ) ਹੈ ਜਿਸ ਦਾ ਅਰਥ ਹੈ ਰੱਖਣਾ (ਵਰਤਮਾਨ ਕਾਲ)। ਦਾਸ਼ਤ ਸ਼ਬਦ ਦਾਸਤਨ ਦਾ ਭੂਤਕਾਲਿਕ ਸ਼ਬਦ ਹੈ ਜਿਸ ਦਾ ਅਰਥ ਹੈ- ਯਾਦ ਰੱਖਿਆ। ਸੋ, ਇਸ ਪ੍ਰਕਾਰ ਅਰਦਾਸ ਸ਼ਬਦ ਦੇ ਅਰਥ ਬਣੇ- ਬੇਨਤੀ ਦਾ ਕੀਤਾ ਗਿਆ ਪ੍ਰਗਟਾਵਾ ਜਾਂ ਬੇਨਤੀ ਸੰਬੰਧੀ ਕਰਵਾਈ ਗਈ ਯਾਦਦਿਹਾਨੀ।
         ਅਰਦਾਸ ਸ਼ਬਦ ਦੀ ਦੂਜੀ ਵਿਉਂਤਪਤੀ ਸੰਸਕ੍ਰਿਤ ਭਾਸ਼ਾ ਦੇ ਅਰਦ+  ਆਸ ਸ਼ਬਦਾਂ ਤੋਂ ਹੋਈ ਦੱਸੀ ਜਾਂਦੀ ਹੈ। ਇਹਨਾਂ  ਵਿੱਚੋਂ ਪਹਿਲੇ ਸ਼ਬਦ ਅਰਦ ਦਾ ਅਰਥ ਹੈ- ਮੰਗਣਾ ਅਤੇ ਆਸ ਸ਼ਬਦ ਆਸ਼ਾ ਤੋਂ ਬਣਿਆ ਹੈ ਜਿਸ ਦੇ ਅਰਥ ਹਨ- ਚਾਹਤ, ਤਮੰਨਾ ਜਾਂ ਖਾਹਸ਼ ਆਦਿ। ਸੋ, ਸੰਸਕ੍ਰਿਤ ਭਾਸ਼ਾ ਦੇ ਇਹਨਾਂ ਦੋ ਸ਼ਬਦਾਂ ਦੇ ਅਰਥਾਂ ਅਨੁਸਾਰ ‘ਅਰਦਾਸ’ ਦੇ ਅਰਥ ਪਰਮਾਤਮਾ ਅੱਗੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਕਾਮਨਾ ਕਰਨੀ ਹੈ।
ਅਰਦਾਸ ਸ਼ਬਦ ਦੀ ਵਿਉਤਪਤੀ ਸਬੰਧੀ ਵੱਖ ਵੱਖ ਰਾਵਾਂ:-
“”””””””””””””””””””””””””””””“”””””””””””””””””””””””””””””“”””
     ਪੰਜਾਬੀ ਦੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਜੀ ਐਸ ਰਿਆਲ ਜੀ ਅਨੁਸਾਰ ਇਹ ਸ਼ਬਦ ਫ਼ਾਰਸੀ ਦੇ ਅਰਜ਼ ਅਤੇ ਦਾਸ਼ਤ ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੈ ਜਿਸ ਦੇ ਅਰਥ ਉਹਨਾਂ ਉਪਰੋਕਤ ਅਰਥਾਂ ਅਨੁਸਾਰ ਪ੍ਰਾਰਥਨਾ ਜਾਂ ਬੇਨਤੀ ਹੀ ਕੀਤੇ ਹੋਏ ਹਨ। ਉਹਨਾਂ ਨੇ ਆਪਣੇ ਨਿਰੁਕਤਕੋਸ਼ ਵਿੱਚ ਸੰਸਕ੍ਰਿਤ ਵਾਲ਼ੇ ਪਾਸਿਓਂ ਆਏ ‘ਅਰਦਾਸ’ ਸ਼ਬਦ ਦਾ ਕੋਈ ਜ਼ਿਕਰ ਨਹੀਂ ਕੀਤਾ। ਭਾਸ਼ਾ-ਵਿਭਾਗ,ਪੰਜਾਬ ਦੇ ਕੋਸ਼ਾਂ ਅਨੁਸਾਰ ਵੀ ਇਸ ਸ਼ਬਦ ਦੀ ਵਿਉਤਪਤੀ ਅਰਜ਼+ਦਾਸ਼ਤ ਸ਼ਬਦਾਂ ਦੇ ਮੇਲ਼ ਤੋਂ ਹੀ ਹੋਈ ਦੱਸੀ ਗਈ ਹੈ ਪਰ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਵਿਚਾਰ ਇਸ ਸੰਬੰਧੀ ਉਪਰੋਕਤ ਦਁਹਾਂ ਸ੍ਰੋਤਾਂ ਤੋਂ ਵੱਖਰੇ ਹਨ। ਉਹਨਾਂ ਦੇ ‘ਮਹਾਨ ਕੋਸ਼’ ਅਨੁਸਾਰ ਇਸ ਸ਼ਬਦ ਦੀ ਵਿਉਤਪਤੀ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਉਪਰੋਕਤ ਦੋਂਹਾਂ ਪੱਖਾਂ- ਅਰਜ਼+ਦਾਸ਼ਤ= ਅਰਦਾਸ ਅਤੇ ਅਰਦ+ ਆਸ= ਅਰਦਾਸ ਵਿੱਚੋਂ ਕਿਸੇ ਇੱਕ ਪੱਖ ਅਨੁਸਾਰ ਹੋਈ ਹੋ ਸਕਦੀ ਹੈ। ਇਹਨਾਂ ਤੋਂ ਬਿਨਾਂ ਸੰਸਕ੍ਰਿਤ ਦੇ ਇੱਕ ਪ੍ਰਸਿੱਧ ਪੰਜਾਬੀ ਵਿਦਵਾਨ ਡਾ ਸ਼ਿਆਮ ਦੇਵ ਪਾਰਾਸ਼ਰ (ਸੰਸਕ੍ਰਿਤ ਤਥਾ ਪੰਜਾਬੀ ਕੇ ਸੰਬੰਧ) ਅਨੁਸਾਰ ਵੀ ਅਰਦਾਸ ਸ਼ਬਦ ਨੂੰ ਅਰਦ= ਮੰਗਣਾ+ ਆਸ= ਇੱਛਾ ਅਰਥਾਤ ਪ੍ਰਮਾਤਮਾ ਪਾਸੋਂ ਕੋਈ ਮਨ-ਇੱਛਿੱਤ ਮੁਰਾਦ ਮੰਗਣੀ ਸ਼ਬਦਾਂ ਤੋਂ ਬਣਿਆ ਹੋਇਆ ਦੱਸਿਆ ਗਿਆ ਹੈ। ਉਹਨਾਂ ਵੱਲੋਂ ਇਸ ਦੇ ਫ਼ਾਰਸੀ ਸ੍ਰੋਤ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਸਿੱਟਾ:
“””””””
         ਦੋਂਹਾਂ ਪੱਖਾਂ ਅਰਥਾਤ ਸੰਸਕ੍ਰਿਤ ਅਤੇ ਅਰਬੀ/ਫ਼ਾਰਸੀ ਵਾਲ਼ੇ ਪਹਿਲੂਆਂ ਨੂੰ ਮੁੱਖ ਰੱਖਦਿਆਂ ਹੋਇਆਂ ਜੇਕਰ ਦੇਖਿਆ ਜਾਵੇ ਤਾਂ ਇਸ ਸ਼ਬਦ ਦੀ ਵਿਉਤਪਤੀ ਦਾ ਪਲੜਾ ਵਧੇਰੇ ਕਰਕੇ ਸੰਸਕ੍ਰਿਤ ਭਾਸ਼ਾ ਦੇ ਪੱਖ ਵਿੱਚ ਹੀ ਝੁਕਿਆ ਦਿਖਾਈ ਦਿੰਦਾ ਹੈ ਕਿਉਂਕਿ ਅਸਲ ਗੱਲ ਇਹ ਹੈ ਕਿ ਅਰਜ਼+ ਦਾਸ਼ਤ ਸ਼ਬਦਾਂ ਤੋਂ ਬਣੇ ਇਸ ਸ਼ਬਦ ਨੂੰ ਅਰਦਾਸ ਸ਼ਬਦ ਦੇ ਤੌਰ ‘ਤੇ ਸੰਖਿਪਤ ਹੋਣ ਦੀ ਪ੍ਰਕਿਰਿਆ ਕਾਫ਼ੀ ਕਠਨ ਜਾਪਦੀ ਹੈ ਕਿਉਂਕਿ ਅਜਿਹਾ ਕਰਦਿਆਂ ਇਹਨਾਂ ਸ਼ਬਦਾਂ ਵਿੱਚੋਂ ਅਰਜ਼ ਦੀ ਜ਼ ਦੀ ਧੁਨੀ ਦਾ ਲੁਪਤ ਹੋਣਾ, ਦਾਸ਼ਤ ਦੀ ਤ ਧੁੁਨੀ ਦਾ ਅਲੋਪ ਹੋਣਾ ਅਤੇ ਦਾਸ਼ਤ ਦੀ ਹੀ ਸ਼ ਧੁਨੀ ਦਾ ਸ ਵਿੱਚ ਬਦਲਣਾ ਕਾਫ਼ੀ ਹੱਦ ਤੱਕ ਇੱਕ ਅੌਖੀ ਪ੍ਰਕਿਰਿਆ ਜਾਪਦੀ ਹੈ ਜਦਕਿ ਸੰਸਕ੍ਰਿਤ ਵਾਲ਼ੇ ਪਾਸਿਓਂ ਅਰਦ ਅਤੇ ਆਸ਼ਾ ਸ਼ਬਦਾਂ ਦਾ ਮੇਲ ਹੋਣਾ ਇੱਕ ਨਿਹਾਇਤ ਹੀ ਸਹਿਜ ਪ੍ਰਕਿਰਿਆ ਜਾਪਦੀ ਹੈ। ਯਾਦ ਰਹੇ ਕਿ ਸੰਸਕ੍ਰਿਤ ਭਾਸ਼ਾ ਦੇ ਵਿਦਵਾਨਾਂ ਅਤੇ ਸ਼ਬਦ-ਕੋਸ਼ਾਂ ਅਨੁਸਾਰ ਅਜਿਹੇ ਸ਼ਬਦਾਂ ਦੀ ਸੰਧੀ ਸਮੇਂ ਸੰਸਕ੍ਰਿਤ ਮੂਲ ਵਾਲ਼ੇ ਹਿੰਦੀ/ਪੰਜਾਬੀ ਸ਼ਬਦਾਂ ਦੇ ਨਾਲ਼-ਨਾਲ਼ ਬਹੁਤ ਸਾਰੇ ਸੰਸਕ੍ਰਿਤ ਭਾਸ਼ਾ ਦੇ ਸ਼ਬਦਾਂ ਵਿੱਚ ਵੀ ਲੋਕ-ਉਚਾਰਨ ਅਨੁਸਾਰ ਸ਼ ਦੀ ਧੁਨੀ ਦਾ ਸ ਧੁਨੀ ਵਿੱਚ ਬਦਲ ਜਾਣਾ ਇੱਕ ਆਮ ਵਰਤਾਰਾ ਹੈ। ਮਿਸਾਲ ਦੇ ਤੌਰ ‘ਤੇ ਸੰਸਕ੍ਰਿਤ ਦੇ ‘ਉਤਸਾਹ’ ਅਤੇ ‘ਉਤਸੁਕ’ ਆਦਿ ਸ਼ਬਦਾਂ ਦੇ ਮੂਲ ਰੂਪ ਵਿੱਚ ਸ ਦੀ ਥਾਂ ਸ਼ ਧੁਨੀ ਹੀ ਵਿਦਮਾਨ ਹੈ ਤੇ ਇਹਨਾਂ ਸ਼ਬਦਾਂ ਦੇ ਅਰਥ ਵੀ ਸ਼ ਧੁਨੀ ਨੂੰ ਮੁੱਖ ਰੱਖ ਕੇ ਹੀ ਦਰਿਆਫ਼ਤ ਕੀਤੇ ਜਾ ਸਕਦੇ ਹਨ, ਸ ਧੁਨੀ ਨਾਲ਼ ਨਹੀਂ। ਇਸੇ ਕਰਕੇ ‘ਉਤਸਾਹ’ ਸ਼ਬਦ ਨੂੰ ਪੰਜਾਬੀ ਵਿੱਚ ‘ਉਤਸ਼ਾਹ’ ਅਰਥਾਤ ‘ਸ਼’ ਧੁਨੀ ਨਾਲ਼ ਹੀ ਲਿਖਿਆ ਜਾਂਦਾ ਹੈ ਜਦਕਿ ਹਿੰਦੀ ਵਿੱਚ ਇਸ ਸ਼ਬਦ ਨੂੰ ਸੰਸਕ੍ਰਿਤ ਵਾਂਗ ‘ਉਤਸਾਹ’ ਦੇ ਤੌਰ ‘ਤੇ ਹੀ ਲਿਖਿਆ ਜਾਂਦਾ ਹੈ। ਪੰਜਾਬੀ ਦੇ ਆਸ, ਨਿਰਾਸ (ਜੀਵੇ ਆਸਾ, ਮਰੇ ਨਿਰਾਸਾ) ਆਦਿ ਅਨੇਕਾਂ ਸ਼ਬਦਾਂ ਦੇ ਬੋਲ-ਚਾਲ ਅਤੇ ਲਿਖਤੀ ਰੂਪ ਵਿੱਚ ਭਾਵੇਂ ਸ ਧੁਨੀ ਹੀ ਇਸਤੇਮਾਲ ਕੀਤੀ ਜਾਂਦੀ ਹੈ ਪਰ ਇਹਨਾਂ ਸ਼ਬਦਾਂ ਦੇ ਮੂਲ ਰੂਪ ਵਿੱਚ ਸ਼ ਧੁਨੀ ਹੀ ਕੰਮ ਕਰ ਰਹੀ ਹੈ (ਵੇਰਵਾ ਕਿਸੇ ਵੱਖਰੇ ਲੇਖ ਵਿੱਚ) ਤੇ ਇਹਨਾਂ ਸ਼ਬਦਾਂ ਦੇ ਅਰਥਾਂ ਤੱਕ ਵੀ ਉਸੇ ਧੁਨੀ (ਸ਼) ਦੇ ਅਰਥਾਂ ਅਨੁਸਾਰ ਹੀ ਪਹੁੰਚਿਆ ਜਾ ਸਕਦਾ ਹੈ।
            ਸੋ, ਕਿਉਂਕਿ ਇਹ ਸ਼ਬਦ ਸਾਡੀ ਭਾਰਤੀ ਸੰਸਕ੍ਰਿਤੀ, ਵਿਸ਼ੇਸ਼ ਤੌਰ ‘ਤੇ ਸਿੱਖ-ਧਾਰਮਿਕਤਾ ਅਤੇ ਸੱਭਿਆਚਾਰ ਨਾਲ਼ ਜੁੜਿਆ ਹੋਇਆ ਹੈ ਇਸ ਲਈ ਇਹ ਗੱਲ ਵਧੇਰੇ ਮੰਨਣਯੋਗ ਹੈ ਕਿ ਇਸ ਸ਼ਬਦ ਦੀਆਂ ਜੜ੍ਹਾਂ ਹਿੰਦੁਸਤਾਨੀ ਸੱਭਿਆਚਾਰ ਨਾਲ਼ ਡੂੰਘੀਆਂ ਅਤੇ ਬਹੁਤ ਦੇਰ ਤੋਂ ਜੁੜੀਆਂ ਹੋ ਸਕਦੀਆਂ ਹਨ । ਇਸ ਲਈ ਮੇਰੇ ਵਿਚਾਰ ਅਨੁਸਾਰ ਇਸ ਸ਼ਬਦ ਦੀ ਵਿਉਤਪਤੀ ਸੰਬੰਧੀ ਬਹੁਤੀ ਸੰਭਾਵਨਾ ਇਹੋ ਹੈ ਕਿ ਅਰਦਾਸ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਅਰਦ+ਆਸ ਸ਼ਬਦਾਂ ਤੋਂ ਹੀ ਬਣਿਆ ਹੋਇਆ ਹੈ ਅਤੇ ਇਸ ਦੇ ਅਰਜ਼+ਦਾਸ਼ਤ ਸ਼ਬਦਾਂ ਤੋਂ ਬਣੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।
                             …………………..

ਜਸਵੀਰ ਸਿੰਘ ਪਾਬਲਾ,                                                                                           ਲੰਗੜੋਆ, ਨਵਾਂਸ਼ਹਿਰ।                                                                                                      ਫ਼ੋਨ ਨੰ. 98884-03052.

‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleKovind, Shah, Rajnath remember bravehearts of 26/11 terror attacks
Next articleਦਰਿਆ ਪੰਜਾਬ ਦਾ