ਵੋਟਾਂ ਵਾਲ਼ੇ ਰੱਬ

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਨੀਂ ਕੁੜੀਏ! ਪੁੱਤ ਘਰੇ ਐਂ? ਪਿੰਡ ਵਿੱਚ ਛੱਪੜ ਨੇੜੇ ਕੱਚੇ ਮਕਾਨ ਵਿੱਚ ‘ਕੱਲੀ ਰਹਿਣ ਵਾਲ਼ੀ ਮਾਈ ਸੀਤੋ ਨੇ ਅੰਦਰ ਆਉਂਦਿਆਂ ਆਵਾਜ਼ ਮਾਰੀ।

ਹਾਂਜੀ ਮਾਤਾ ਜੀ, ਘਰ ਹੀ ਆਂ। ਆ ਜਾਓ। ਮੈਂ ਪਿਆਰ ਅਤੇ ਸਤਿਕਾਰ ਨਾਲ ਕਿਹਾ।

ਜਿਉਂਦੀ ਰਹਿ ਧੀਏ! ਇੱਕ ਤੂੰ ਹੀ ਹੈਂ ਜੋ ਇਸ ਬੁੱਢੜੀ ਨਾਲ਼ ਐਨੇ ਪਿਆਰ ਨਾਲ਼ ਬੋਲਦੀ ਏਂ। ਬਾਕੀ ਪਿੰਡ ਵਾਲੇ ਕਈ ਤਾਂ ਦੇਖ ਕੇ ਮੱਥੇ ਤਿਉੜੀ ਪਾ ਲੈਂਦੇ ਹਨ। ਮਾਈ ਨੇ ਹੰਝੂ ਭਰੀਆਂ ਅੱਖਾਂ ਪੂੰਝਦਿਆਂ ਹੋਇਆਂ ਕਿਹਾ।

ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੁਸੀਂ ਰੋਵੋ ਨਾ। ਤੁਹਾਨੂੰ ਦੇਖ ਕੇ ਕਾਹਨੂੰ ਤਿਊੜੀਆਂ ਪਾਉਣੀਆਂ ਭਲਾ ਕਿਸੇ ਨੇ। ਮੈਂ ਮਾਈ ਦਾ ਦਿਲ ਰੱਖਣ ਲਈ ਕਿਹਾ।

ਧੀਏ ! ਤੂੰ ਆਪ ਬਹੁਤ ਚੰਗੀ ਏ ,ਇਸੇ ਕਰਕੇ ਤੈਨੂੰ ਸਾਰੇ ਚੰਗੇ ਲੱਗਦੇ ਨੇ। ਚੱਲ ਕੋਈ ਨਾ, ਛੱਡ ਪਰ੍ਹਾਂ। ਪੁੱਤ ਮੈਂ ਤਾਂ ਅੱਜ ਤੇਰੇ ਕੋਲ਼ ਇੱਕ ਕੰਮ ਆਈ ਸਾਂ। ਮਾਈ ਨੇ ਅਸਲੀ ਗੱਲ ਤੇ ਆਉਂਦਿਆਂ ਕਿਹਾ।

ਹਾਂਜੀ, ਹਾਂਜੀ , ਦੱਸੋ ਮਾਤਾ ਜੀ। ਮੇਰੇ ਲਈ ਕੀ ਸੇਵਾ ਹੈ? ਮੈਂ ਪਿਆਰ ਨਾਲ਼ ਪੁੱਛਿਆ।

ਨਾ ਪੁੱਤ, ਸੇਵਾ ਤਾਂ ਤੂੰ ਹਮੇਸ਼ਾਂ ਕਰਦੀ ਰਹਿੰਦੀ ਏਂ। ਅੱਜ ਤਾਂ ਮੈਂ ਇਸ ਲਈ ਆਈ ਹਾਂ ਕਿ ਆਹ ਨਵੇਂ ਪ੍ਰਧਾਨ ਬਾਰੇ ਬੜਾ ਕੁੱਝ ਸੁਣਿਆ ਮੈਂ। ਸੁਣਿਆ ਬੜੀ ਮਦਦ ਕਰ ਰਿਹਾ ਹੈ ਗਰੀਬਾਂ ਦੀ। ਕਈ ਤਾਂ ਰੱਬ ਹੀ ਕਹਿੰਦੇ ਸੁਣੇ ਮੈਂ। ਅਖੇ ਜਿਹੜਾ ਵੀ ਦੁੱਖੀ ਐ,ਮੈਨੂੰ ਫ਼ੋਨ ਕਰੋ, ਮੈਂ ਮਸਲਾ ਹੱਲ ਕਰੂ। ਮਾਈ ਨੇ ਨਵੇਂ ਬਣੇ ਪ੍ਰਧਾਨ ਮੰਤਰੀ ਦੇ ਤਰੀਫ਼ਾਂ ਦੇ ਪੁਲ ਬੰਨ੍ਹਦਿਆਂ ਭੋਲੇ਼ਪਨ ਨਾਲ਼ ਕਿਹਾ।

ਅੱਛਾ ਮਾਤਾ ਜੀ। ਫ਼ੇਰ ਤੁਸੀਂ ਵੀ ਕਰਨਾ ਸੀ ਫੋਨ। ਕੀ ਪਤਾ ਤੁਹਾਡੇ ਵੀ ਦੁੱਖ ਦੂਰ ਹੋ ਜਾਂਦੇ। ਮੈਂ ਵਿੰਅਗ ਜਿਹੇ ਨਾਲ਼ ਕਿਹਾ।

ਨੀਂ ਧੀਏ! ਓਹੀ ਤਾਂ ਗੱਲ ਹੈ। ਮੇਰੇ ਕੋਲ ਜੈ ਖਾਣਾ ਫੋਨ ਹੈ ਨੀਂ। ਤਾਹੀਂ ਤਾਂ ਧੀਏ ਤੇਰੇ ਕੋਲ਼ ਆਈ ਆਂ। ਤੂੰ ਕਰ ਦੇ ਪੁੱਤ ਫੋਨ।ਤੈਨੂੰ ਤਾਂ ਸਾਰਾ

ਪਤਾ ਕਿ ਮੇਰਾ ਘਰਵਾਲ਼ਾ ਮੁੱਕ ਗਿਆ ਸੀ ਨਾਲ਼ੇ ਕੱਲਾ-ਕੱਲਾ ਪੁੱਤ ਵੀ….. ਮਾਈ ਫ਼ੇਰ ਰੋਣ ਲੱਗ ਪਈ।

ਕੋਈ ਨਾ ਮਾਤਾ ਜੀ। ਮੈਂ ਕਰ ਦਵਾਂਗੀ ਫ਼ੋਨ, ਨੰਬਰ ਲੈ ਕੇ। ਤੁਸੀਂ ਰੋਣਾ ਨਹੀਂ। ਮੈਂ ਮਾਤਾ ਜੀ ਦਾ ਦਿਲ ਰੱਖਣ ਲਈ ਕਿਹਾ।

ਨੀਂ ਧੀਏ! ਨੰਬਰ ਤਾਂ ਆਹ ਲੈ। ਮੈਨੂੰ ਇੱਕ ਭਲੇ ਜਹੇ ਬੰਦੇ ਨੇ ਦਿੱਤਾ ਸੀ। ਮਾਈ ਨੇ ਇੱਕ ਪਰਚੀ ਮੇਰੇ ਮੂਹਰੇ ਕੀਤੀ।

ਮੈਂ ਪਰਚੀ ਲੈ ਕੇ ਨੰਬਰ ਲਗਾਇਆ।ਅੱਗੋਂ ਕਿਸੇ ਨੇ ਰੁੱਖੀ ਜਿਹੀ ਆਵਾਜ਼ ‘ਚ ਪੁੱਛਿਆ, ਹਾਂਜੀ ਦੱਸੋ। ਮੈਂ ਮਾਈ ਬਾਰੇ ਗੱਲ ਸ਼ੁਰੂ ਕੀਤੀ ਤਾਂ ਉਹਨਾਂ ਇਹ ਕਹਿ ਕੇ ਫ਼ੋਨ ਕੱਟ ਦਿੱਤਾ ਕਿ ਹਜ਼ੇ ਵਿਹਲ ਨਹੀਂ, ਫ਼ੇਰ ਗੱਲ ਕਰਿਓ।

‌ ਮੈਂ ਮਾਤਾ ਨੂੰ ਕੀ ਦੱਸਦੀ ਕਿ ਇਹ ਵੋਟਾਂ ਵਾਲ਼ੇ ਰੱਬ ਹਨ ਇਹ ਅਸਲੀ ਰੱਬ ਦੀ ਤਰਾਂ ਕੁੱਝ ਨਹੀਂ ਦੇਣਗੇ। ਇਹ ਸੱਭ ਸਿਆਸੀ ਖੇਡਾਂ ਹਨ। ਗਰੀਬਾਂ ਦੀਆਂ ਗੱਲਾਂ ਕੌਣ ਸੁਣਦਾ! ਮੈਂ ਮਾਤਾ ਦੇ ਮੂੰਹ ਵੱਲ ਦੇਖਿਆ ਤਾਂ ਓਹ ਬੜੀ ਉਮੀਦ ਨਾਲ਼ ਮੇਰੇ ਵੱਲ ਦੇਖ ਰਹੀ ਸੀ। ਮੈਂ ‘ਕੱਲੀ ਹੀ ਫ਼ੋਨ ਫੜੀ ਮਾਤਾ ਦਾ ਹਾਲ ਬਿਆਨ ਕਰਦੀ ਰਹੀ।

ਮਾਤਾ ਜੀ, ਉਹ ਕਹਿੰਦੇ ਕੋਈ ਨੀ, ਕਰਦੇ ਹਾਂ ਮਾਤਾ ਜੀ ਲਈ ਕੁੱਝ। ਥੋੜਾ ਸਮਾਂ ਲੱਗੇਗਾ। ਮੈਂਨੂੰ ਮਜ਼ਬੂਰੀ ਵੱਸ ਝੂਠ ਬੋਲਣਾ ਪਿਆ।
ਚੱਲ ਪੁੱਤ, ਤੇਰਾ ਭਲਾ ਹੋਵੇ। ਰੱਬ ਤੈਨੂੰ ਬਹੁਤਾ ਦੇਵੇ। ਸ਼ੁੱਕਰ ਹੈ ਕਿਸੇ ਨੇ ਗਰੀਬ ਦੀ ਸੁਣੀਂ। ਕੀ ਪਤਾ ਕੋਈ ਪੈਨਸ਼ਨ ਹੀ ਲਾ ਦਵੇ। ਮੇਰੀ ਰਹਿੰਦੀ ਖੂੰਹਦੀ ਜੂਨ ਸੁਧਰ ਜਾਵੇ! ਮਾਈ ਅਸੀਸਾਂ ਦਿੰਦੀ ਉੱਠ ਕੇ ਚਲੀ ਗਈ ਤੇ ਮੈ ਸੋਚਾਂ ਵਿੱਚ ਪੈ ਗਈ ਕਿ ਇਹ ਲੋਕ ਵੋਟਾਂ ਹਾਸਲ ਕਰਨ ਲਈ ਗਰੀਬਾਂ ਨੂੰ ਕਿੰਨੇ ਝਾਂਸੇ ਦਿੰਦੇ ਹਨ ਪਰ ਇਹ ਨਹੀਂ ਜਾਣਦੇ ਕਿ ਵਿਚਾਰੇ ਆਮ ਲੋਕ ਇਹਨਾਂ ਤੋਂ ਕਿੰਨੀਆਂ ਉਮੀਦਾਂ ਲਾ ਲੈਂਦੇ ਹਨ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਪਿਊਟਰ ਅਧਿਆਪਕ ਸਮੂਹਕ ਛੁੱਟੀ ਲੈ ਕੇ 25 ਨਵੰਬਰ ਨੂੰ ਚੰਡੀਗੜ੍ਹ ਵਿਖੇ ਕਰਨਗੇ ਰੈਲੀ – ਥਿੰਦ
Next article*ਇੱਕ ਉਸਾਰੂ ਸਮਾਜ ਦੀ ਸਿਰਜਣਾ ਕਰਨ ਲਈ ਨੀਹਾਂ ਦਾ ਮਜਬੂਤ ਹੋਣਾ ਜਰੂਰੀ।*