ਕੋਲਕਾਤਾ (ਸਮਾਜ ਵੀਕਲੀ):ਪੱਛਮੀ ਬੰਗਾਲ ਵਿਧਾਨ ਸਭਾ ਨੇ ਮੰਗਲਵਾਰ ਨੂੰ ਭਾਜਪਾ ਵਿਧਾਇਕਾਂ ਦੇ ਵਿਰੋਧ ਦੇ ਬਾਵਜੂਦ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦੇ ਕੇਂਦਰੀ ਫੈਸਲੇ ਖ਼ਿਲਾਫ਼ ਮਤਾ ਪਾਸ ਕੀਤਾ ਹੈ। ਪੰਜਾਬ ਤੋਂ ਬਾਅਦ ਅਜਿਹਾ ਮਤਾ ਪਾਸ ਕਰਨ ਵਾਲਾ ਬੰਗਾਲ ਦੂਜਾ ਸੂਬਾ ਬਣ ਗਿਆ ਹੈ। ਸੂਬੇ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪਾਰਥਾ ਚੈਟਰਜੀ ਵੱਲੋਂ ਸਦਨ ਦੇ ਸੰਚਾਲਨ ਦੀਆਂ ਪ੍ਰਕਿਰਿਆਵਾਂ ਦੇ ਨਿਯਮ 169 ਅਧੀਨ ਇਹ ਮਤਾ ਲਿਆਂਦਾ ਗਿਆ ਹੈ। ਚੈਟਰਜੀ ਨੇ ਕਿਹਾ,‘ਅਸੀਂ ਮੰਗ ਕਰਦੇ ਹਾਂ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣਾ, ਦੇਸ਼ ਦੇ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਹੈ। ਟੀਐੱਮਸੀ ਵਿਧਾਇਕ ਉਦਯਨ ਗੁਹਾ ਦੀ ਟਿੱਪਣੀ ਤੋਂ ਬਾਅਦ ਸਦਨ ਵਿੱਚ ਸਾਰਾ ਦਿਨ ਹੰਗਾਮਾ ਹੁੰਦਾ ਰਿਹਾ।
ਟੀਐੱਮਸੀ ਵਿਧਾਇਕ ਉਦਯਨ ਗੁਹਾ ਨੇ ਕਿਹਾ,‘ਸਰਹੱਦੀ ਇਲਾਕੇ ਵਿੱਚ ਰਹਿਣ ਵਾਲਾ ਬੱਚਾ ਕਦੇ ਵੀ ਦੇਸ਼ ਭਗਤ ਨਹੀਂ ਬਣ ਸਕੇਗਾ ਜੇ ਉਸ ਨੇ ਬੀਐੱਸਐੱਫ ਵੱਲੋਂ ਚੈਕਿੰਗ ਦੇ ਨਾਂ ’ਤੇ ਆਪਣੀ ਮਾਂ ਦੀ ਅਣਉਚਿਤ ਢੰਗ ਨਾਲ ਤਲਾਸ਼ੀ ਲੈਂਦਿਆਂ ਦੇਖ ਲਿਆ। ਭਾਜਪਾ ਵਿਧਾਇਕ ਨੇ ਗੁਹਾ ਦੀ ਇਸ ਟਿੱਪਣੀ ਦੀ ਨਿੰਦਾ ਕੀਤੀ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਬੀਐੱਸਐੱਫ ਵਰਗੀ ਫੌਜ ਖ਼ਿਲਾਫ਼ ਅਜਿਹੀ ਭਾਸ਼ਾ ਦੀ ਵਰਤੋਂ ਸਵੀਕਾਰ ਨਹੀਂ ਕੀਤੀ ਜਾਵੇਗੀ। ਮਤੇ ਦੇ ਹੱਕ ਵਿੱਚ 112 ਅਤੇ ਵਿਰੋਧ ਵਿੱਚ 63 ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਨੇ ਬੀਐੱਸਐੱਫ ਐਕਟ ਵਿੱਚ ਸੋਧ ਕਰਕੇ ਫੌਜ ਨੂੰ ਪੰਜਾਬ, ਪੱਛਮੀ ਬੰਗਾਲ ਤੇ ਅਸਾਮ ਵਿੱਚਲੀਆਂ ਕੌਮਾਂਤਰੀ ਸਰਹੱਦਾਂ ਦੀ ਚੈਕਿੰਗ ਦਾ ਅਧਿਕਾਰ ਖੇਤਰ ਪੰਦਰਾਂ ਕਿਲੋਮੀਟਰ ਤੋਂ ਵਧਾ ਕੇ ਪੰਜਾਹ ਕਿਲੋਮੀਟਰ ਤੱਕ ਕਰ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly