ਮੌਜੂਦਾ ਵਿਧਾਇਕਾਂ ਨੂੰ ਟਿਕਟ ਦੀ ਗਾਰੰਟੀ ਨਹੀਂ: ਸਿੱਧੂ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਰੀਬ ਪੌਣੇ ਦੋ ਮਹੀਨੇ ਮਗਰੋਂ ਅੱਜ ਇੱਥੇ ਕਾਂਗਰਸ ਭਵਨ ’ਚ ਆਪਣਾ ਅਹੁਦਾ ਮੁੜ ਸੰਭਾਲ ਲਿਆ ਹੈ| ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਵੀ ਇਸ ਮੌਕੇ ਮੌਜੂਦ ਸਨ| ਚੇਤੇ ਰਹੇ ਕਿ ਨਵਜੋਤ ਸਿੱਧੂ ਨੇ ਪਹਿਲਾਂ 18 ਜੁਲਾਈ ਨੂੰ ਇਸੇ ਕਾਂਗਰਸ ਭਵਨ ’ਚ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸੀ ਪਰ 28 ਸਤੰਬਰ ਨੂੰ ਕੁਝ ਮੁੱਦਿਆਂ ਕਾਰਨ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ| ਅੱਜ ਕਾਂਗਰਸ ਪ੍ਰਧਾਨ ਸ੍ਰੀ ਸਿੱਧੂ ਨੇ ਮੁੜ ਆਪਣਾ ਕਾਰਜਭਾਰ ਸੰਭਾਲ ਲਿਆ|

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਮੁੜ ਦਫ਼ਤਰ ਵਾਪਸੀ ਪਿੱਛੋਂ ਕਿਹਾ ਕਿ ਆਗਾਮੀ ਪੰਜਾਬ ਚੋਣਾਂ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਮੌਜੂਦਾ ਵਿਧਾਇਕਾਂ ਨੂੰ ਹੀ ਪਾਰਟੀ ਵੱਲੋਂ ਟਿਕਟ ਦਿੱਤੀ ਜਾਵੇ| ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਜੇਤੂ ਚਿਹਰਿਆਂ ਨੂੰ ਮੈਦਾਨ ’ਚ ਉਤਾਰਿਆ ਜਾਵੇਗਾ| ਉਨ੍ਹਾਂ ਕਿਹਾ ਕਿ ਪਾਰਟੀ ਸਰਵੇਖਣ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਕਰੇਗੀ ਜਾਂ ਫਿਰ ਜਿੱਤ ਦੇ ਪੈਮਾਨੇ ਦੇ ਲਿਹਾਜ਼ ਨਾਲ ਟਿਕਟ ਦਿੱਤੀ ਜਾਵੇਗੀ| ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਅਖੀਰ ਵਿੱਚ ਉਮੀਦਵਾਰਾਂ ਦਾ ਐਲਾਨ ਕਰੇਗੀ| ਪਤਾ ਲੱਗਾ ਹੈ ਕਿ ਇਸ ਹਫ਼ਤੇ ਕਾਂਗਰਸ ਜਥੇਬੰਦਕ ਢਾਂਚੇ ਦਾ ਐਲਾਨ ਕਰੇਗੀ ਅਤੇ ਜਲਦੀ ਪੰਜਾਬ ਵਿੱਚ ਵੱਡਾ ਇਕੱਠ ਕੀਤੇ ਜਾਣ ਦੀ ਵਿਉਂਤਬੰਦੀ ਹੈ| ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇੱਕਮੁੱਠ ਹੈ ਅਤੇ ਪਾਰਟੀ ਹਰ ਮਹੀਨੇ ਆਪਣੀ ਤਾਕਤ ਦਿਖਾਏਗੀ ਜਿਸ ਨੂੰ ਦੇਖ ਕੇ ਸਭ ਦੰਗ ਰਹਿ ਜਾਣਗੇ| ਉਨ੍ਹਾਂ ਦੱਸਿਆ ਕਿ ਜਲਦੀ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ|

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸਹੀ ਵਿਕਾਸ ਲਈ ਜੋ ਖਾਕਾ ਤਿਆਰ ਕੀਤਾ ਗਿਆ ਹੈ, ਉਸ ਨੂੰ ਹਾਈਕਮਾਨ ਨੇ ਪ੍ਰਵਾਨ ਕੀਤਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਤਮ-ਨਿਰਭਰ ਬਣਾਉਣ ਦੀ ਲੋੜ ਹੈ ਕਿਉਂਕਿ ਇਸ ਤੋਂ ਬਿਨਾਂ ਸੂਬਾ ਵਿਕਾਸ ਨਹੀਂ ਕਰ ਸਕੇਗਾ| ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਓ ਲਿਆਉਣ ਲਈ ਸਰਕਾਰ ਬਣਾਈ ਜਾਵੇਗੀ, ਨਾ ਕਿ ਸੱਤਾ ਹਾਸਲ ਕਰਨ ਲਈ ਤੇ ਲੋਕਾਂ ਦਾ ਭਰੋਸਾ ਬਹਾਲ ਕੀਤਾ ਜਾਵੇਗਾ| ਸ੍ਰੀ ਸਿੱਧੂ ਨੇ ਮੁੜ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਦੀ ਗੱਲ ਦੁਹਰਾਈ ਤੇ ਆਮਦਨ ਦੇ ਵਸੀਲੇ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ| ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਸਤੇ ਇਕੱਲੇ ਵਿੱਤ ਮੰਤਰੀ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ| ਅੱਜ ਅਹੁਦਾ ਸੰਭਾਲਣ ਦੌਰਾਨ ਕੈਬਨਿਟ ਮੰਤਰੀ ਪਰਗਟ ਸਿੰਘ ਵੀ ਕਾਂਗਰਸ ਭਵਨ ਪੁੱਜੇ ਸਨ|

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਕੈਬਨਿਟ ਹੋਵੇਗੀ ਕਰਤਾਰਪੁਰ ਸਾਹਿਬ ਨਤਮਸਤਕ: ਚੰਨੀ
Next articleਸਰਹੱਦੀ ਸੂਬੇ ਪੰਜਾਬ ਨੂੰ ਮਿਲੇ ਵਿਸ਼ੇਸ਼ ਪੈਕੇਜ: ਮਨਪ੍ਰੀਤ