ਆਜ਼ਾਦੀ ਦੇ ਪਰਵਾਨਿਆਂ ਦਾ ਅਪਮਾਨ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

ਪਦਮ ਸ੍ਰੀ ਆਵਾਰਡ ਜਿਹੇ ਸਨਮਾਨ ਦੇਸ਼ ਵਲੋਂ ਆਪਣੇ ਨਾਗਰਿਕਾਂ ਨੂੰ ਦੇ ਕੇ ਜੋ ਮਾਣ, ਜੋ ਫ਼ਕਰ ਦੇਸ਼ ਆਪ ਖੁਦ ਮਹਿਸੂਸ ਕਰਦਾ ਹੈ, ਉਹ ਸ਼ਾਇਦ ਸਨਮਾਨ ਪ੍ਰਾਪਤ ਕਰਨ ਵਾਲਾ ਮਨੁੱਖ ਵੀ ਨਾ ਕਰ ਸਕਦਾ ਹੋਵੇ। ਮਾਣ -ਮੱਤੀਆਂ ਸਖਸ਼ੀਅਤਾਂ ਸੰਸਥਾਵਾਂ, ਅਦਾਰਿਆਂ, ਆਪਣੀ ਕੁੱਲ, ਆਪਣੀ ਧਰਤੀ, ਆਪਣੇ ਰਾਜ ਅਤੇ ਆਪਣੇ ਦੇਸ਼ ਨੂੰ ਉਸ ਸਮੇਂ ਸਨਮਾਨ ਦੇ ਰਹੀਆਂ ਹੁੰਦੀਆਂ ਹਨ, ਜਦ ਉਹ ਸਨਮਾਨ ਪ੍ਰਾਪਤ ਕਰ ਰਹੀਆਂ ਹੁੰਦੀਆਂ ਹਨ। ਵਿਆਕਤੀ ਨਹੀਂ ਸਨਮਾਨਿਆ ਜਾਂਦਾ ਬਲਕਿ ਉਸ ਦੇ ਕਾਰਜ ਦਾ ਸਮਾਜ ਨੂੰ ਦਿੱਤਾ ਗਿਆ ਯੋਗਦਾਨ, ਕੁਰਬਾਨੀ ਦਾ ਜਜ਼ਬਾ ਸਨਮਾਨਿਆ ਜਾਂਦਾ ਹੈ। ਜਦੋਂ ਦਿੱਤੇ ਗਏ ਸਨਮਾਨ ਸਰਕਾਰਾਂ ਨੂੰ ਇਹ ਅਦਬੀ ਸਖਸ਼ੀਅਤਾਂ ਵਾਪਿਸ ਕਰ ਰਹੀਆਂ ਹੁੰਦੀਆਂ ਨੇ ਤਾਂ ਉਹ ਦੇਸ਼ ਦੀ ਸੱਤਾ, ਦੇਸ਼ ਦੀ ਸਰਕਾਰ ਨੂੰ ਆਪਣਾ ਰੋਸ ਦਰਜ ਕਰਵਾ ਰਹੀਆਂ ਹੁੰਦੀਆਂ ਹਨ। ਸਨਮਾਨ ਦੇਣ ਵਾਲਾ ਰਾਜ ਜਾਂ ਦੇਸ਼ ਅਤੇ ਪ੍ਰਾਪਤ ਕਰਨ ਵਾਲਾ ਦੋਵੇਂ ਹੀ ਸਮਾਜ ਲਈ ਅਹਿਮ ਤੇ ਸਨਮਾਨ ਦੇ ਪਾਤਰ ਹੁੰਦੇ ਹਨ।

ਅਫ਼ਸੋਸ ! ਜਦੋਂ ਰਾਜ ਸੱਤਾ ਵਿੱਚ ਬੈਠੇ ਭ੍ਸ਼ਿਟ ਲੋਕ ਐਰੇ-ਗ਼ੈਰੇ ਨੂੰ ਇਹੋ ਜਿਹੇ ਰਾਸ਼ਟਰੀ ਪੱਧਰ ਦੇ ਸਨਮਾਨ ਆਪਣੇ ਵਿਆਕਤੀਗਤ ਅਤੇ ਰਾਜਨੀਤਿਕ ਹਿੱਤਾਂ ਲਈ ਦੇਣ ਲੱਗ ਜਾਣ ਤਾਂ ਸਨਮਾਨਾਂ ਦੀ ਬੇਕਦਰੀ ਹੋਣੀ ਸੋ ਫੀ-‌ਸਦੀ ਸੰਭਵ ਹੈ। ਸਨਮਾਨ ਤੇ ਸੰਸਥਾ ਦੀ ਕਦਰ-ਕੀਮਤ ਮਨਫ਼ੀ ਹੋ ਜਾਂਦੀ ਹੈ। ਸਨਮਾਨ ਪੂਰੇ ਸਮਾਜ, ਪੂਰੇ ਰਾਜ ਅਤੇ ਪੂਰੇ ਦੇਸ਼ ਵਲੋਂ ਸ਼ੁਕਰਾਨੇ ਦਾ ਰੂਪ ਹੁੰਦਾ ਹੈ, ਦਿਲੀ ਮਹੁੱਬਤ ਦਾ ਲਿਖਤੀ ਪੈਗ਼ਾਮ ਹੁੰਦਾ ਹੈ। ਇਹ ਪੈਗ਼ਾਮ ਆਮ ਨਾਗਰਿਕਾਂ ਲਈ ਇਕ ਸੇਧ ਹੁੰਦੀ ਹੈ, ਇਕ ਮਾਰਗਦਰਸ਼ਨਾ ਹੁੰਦੀ ਹੈ। ਨੌਜਾਵਾਨਾਂ ਦੀ ਸੋਚ ਬਦਲਣ ਦਾ ਇਕ ਮੰਤਵ ਹੁੰਦਾ ਹੈ। ਸਨਮਾਨ ਦੇਣ ਦੀ ਰਸਮ ਸਮਾਜ ਲਈ ਕੁਰਬਾਨ ਹੋਣ ਦਾ ਉਤਸ਼ਾਹ ਭਰਦੀ ਹੈ। ਇਹ ਸਨਮਾਨ ਬੜੀ ਸੂਝ-ਬੂਝ ਨਾਲ ਚੋਣ ਕਰਕੇ ਸੀ ਸਰਕਾਰਾਂ ਜਾਂ ਅਦਾਰਿਆਂ ਨੂੰ ਦੇਣੇ ਚਾਹੀਂਦੇ ਹਨ। ਜੋ ਅਸਲ ਵਿੱਚ ਐਵਾਰਡਾਂ ਦੇ ਯੋਗ ਪਾਤਰ ਹੋਣ, ਉਹਨਾਂ ਨੂੰ ਹੀ ਏ ਮਾਣ-ਸਨਮਾਨ ਦਿੱਤੇ ਜਾਣ ।

ਜਦ ਸਨਮਾਨ ਪ੍ਰਾਪਤ ਕਰਨ ਵਾਲੇ ਇਹੋ ਜਿਹੇ ਸਨਮਾਨਾਂ ਦਾ ਅਪਮਾਨ ਕਰ ਰਹੇ ਹੋਣ ਤਾਂ ਪੂਰੇ ਦੇਸ਼ ਦੀ ਧੌਣ ਸ਼ਰਮ ਨਾਲ਼ ਝੁਕ ਜਾਂਦੀ ਹੈ। ਇਹੋ ਜਿਹੀ ਅਣਹੋਣੀ ਤੋਂ ਪਹਿਲਾਂ ਵੀ ਜੋ ਸਨਮਾਨ ਦਿੱਤੇ ਹੋਏ ਹੁੰਦੇ ਹਨ ਉਹ ਉਹਨਾਂ ਮਹਾਨ ਸ਼ਖਸ਼ੀਅਤਾਂ ਲਈ ਵੀ ਅਪਮਾਨ ਬਣ ਕੇ ਰਹਿ ਜਾਂਦੇ ਹਨ। ਰਾਸ਼ਟਰ ਪੱਧਰ ਦੇ ਪਦਮ ਸ੍ਰੀ ਅਵਾਰਡ ਦੀ ਅਹਿਮਤੀਅਤ ਮੋਦੀ ਦੀ ਭਾਜਪਾ ਸਰਕਾਰ ਨੇ ਆਪਣੀ ਬੇ-ਅਕਲੀ ਨਾਲ਼ ਗੁਆ ਦਿੱਤੀ ਹੈ । ਇਹੋ ਜਿਹੇ ਸਨਮਾਨ ਦੀ ਕਦਰ ਮੂਰਖ ਤੇ ਵਿਗੜਿਆਂ ਲੋਕਾਂ ਨੇ ਕੀ ਕਰਨੀ ਹੈ। ਜਿਸ ਮਨੁੱਖ , ਜਿਸ ਔਰਤ ਨੇ ਆਪਣੇ ਆਪ ਦੀ ਕੀਮਤ ਹੀ ਨਾ ਸਮਝੀ ਹੋਵੇ , ਉਹ ਦੇ ਦੇਸ਼ ਦੇ ਮਾਣ-ਸਨਮਾਨ ਦੀ ਕੀ ਕਦਰ ਕੀ ਕਰੇਗੀ ਤੇ ਕੀ ਕਰੇਗਾ। ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਹੀ ਦੇਸ ਦੀ ਨੌਜਵਾਨੀ ਦੇਸ਼ ਲਈ ਮਰ ਮਿਟਣ ਲਈ ਤਿਆਰ ਹੁੰਦੀ ਹੈ, ਇਕਸੁਰ ਹੋ ਕੇ ਲੋਕ ਰੋਹ ਦੀ ਆਵਾਜ਼ ਬੁਲੰਦ ਹੁੰਦੀ ਹੈ। ਲੋਕਹਿੱਤਾਂ ਲਈ ਦੇਸ਼ ਨੂੰ ਪਿਆਰ ਕਰਨ ਵਾਲੇ ਆਪਣੇ ਦੇਸ਼, ਆਪਣੀ ਧਰਤੀ ਦੀ ਮਾਣ ‘ਮਰਿਯਾਦਾ ਲਈ ਆਪਣੇ ਪਰਿਵਾਰ ਤੱਕ ਵਾਰ ਦਿੰਦੇ ਹਨ, ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਹਨ। ਪਰਵਾਨੇ ਪਿਛਾਂਹ ਮੁੜ ਕੇ ਨਸੀਂ ਦੇਖਦੇ।

ਇਹ ਸ਼ਹਾਦਤਾਂ ਮਾਣ-ਮਰਿਯਾਦਾ, ਆਪਣੀ ਹਸਤੀ, ਆਪਣੇ ਸੱਭਿਆਚਾਰ , ਆਪਣੀ ਮਾਂ ਬੋਲੀ ਲਈ ਪੰਜਾਬ ਦੇ ਅਣਖੀ ਲੋਕ ਦਿੰਦੇ ਰਹੇ ਅਤੇ ਦੇ ਰਹੇ ਹਨ। ਇਹ ਪੰਜਾਬ ਦੇ ਜੰਮੇ-ਜਾਇਆਂ ਨੇ ਖਾਲਸਾ ਰਾਜ ਸਮੇਂ ਆਜ਼ਾਦੀ ਨੂੰ ਮਾਣਿਆ । ਬਾਅਦ ਵਿੱਚ ਗੁਲਾਮੀ ਦੇ ਦਰਦ ਹੰਡਾਏ। ਆਜ਼ਾਦ ਹਸਤੀ ਦੇ ਇਨਸਾਨਾਂ ਨੂੰ ਜਦ ਹੱਥਕੜੀਆਂ-ਬੇੜੀਆਂ ਨਾਲ ਨਰੜ ਦਿੱਤਾ ਜਾਵੇ , ਉਹ ਆਜ਼ਾਦ ਹੋਣ ਲਈ ਸਿਰ ਤੋੜ ਯਤਨ ਕਰਨ ਤਾਂ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਕਿ ਅਸਲ ਆਜ਼ਾਦੀ ਦੀ ਲੜਾਈ ਕਦੋਂ ਸ਼ੁਰੂ ਹੋਈ, ਸੰਘਰਸ਼ ਕੀ ਹੈ। ਸੰਘਰਸ਼ ਦੇ ਅਰਥ ਕੀ ਹਨ। ਜੋ ਜੰਮਿਆ ਵੀ ਆਜ਼ਾਦੀ ਵਿੱਚ ਉਹ ਕੀ ਜਾਣੇ ਇਸ ਆਜ਼ਾਦੀ ਦੀ ਕਦਰ-ਕੀਮਤ।

ਉਸਨੂੰ ਕੀ ਪਤੈ ਜਿਸਨੇ ਇਤਿਹਾਸ ਦੇ ਸੁਰਖ਼ ਰੱਤ ਲਿਬੜਿਆਂ ਵਰਕਿਆਂ ਦੇ ਇਕ ਇਕ ਸ਼ਬਦ ਨੂੰ ਪੜ੍ਹ ਕੇ ਲੋਕ ਦਰਦ ਮਹਿਸੂਸ ਹੀ ਨਹੀਂ ਕੀਤਾ । ਜਿਸ ਦੇ ਅੰਦਰ ਆਪਣੀ ਧਰਤੀ ਦੇ ਲੋਕਾਂ ਲਈ, ਆਪਣੀ ਜਨਮ ਧਰਤੀ ਦੀ ਮਿੱਟੀ ਲਈ ਦਰਦ ਨਹੀਂ। ਇਹ ਦਰਦ ਵੀ ਮੋਹ ਕਰਕੇ ਮਹਿਸੂਸ ਹੁੰਦਾ ਹੈ, ਮੋਹ ਨਹੀਂ ਤਾਂ ਉਸ ਲਈ ਅਣਖ, ਜ਼ਮੀਰ ਦੀ ਆਵਾਜ਼ਾ ਕੋਈ ਮਾਇਨਾ ਨਹੀਂ ਰੱਖਦੀ। ਆਪਣੇ ਪਿਤਾ-ਪੁਰਖੀ ਸੰਸਕਾਰਾਂ ਨੂੰ ਆਪਣੇ ਪੈਰਾਂ ਥੱਲੇ ਰੌਂਧ ਕੇ ਤੁਰਨ ਵਾਲੀ ਔਲਾਦ ਸ਼ਰਮ-ਹਯਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਵਿਗੜ ਜਾਂਦੀ ਹੈ। ਵਿਗੜੀ ਆਯਾਸ਼ ਔਰਤ ਸੱਭਿਅਕ ਸਾਮਾਜ ਨੂੰ ਕੀ ਦੇਣ ਦੇ ਸਕਦੀ ਹੈ, ਉਸ ਤੋਂ ਸਾਮਾਜ ਕੀ ਆਸ ਕਰ ਸਕਦੈ, ਇਹ ਵਿਸ਼ਾ ਚਿੰਤਨ ਦਾ ਹੈ, ਸੋਚਣ ਦਾ ਹੈ। ਇਸ ਦਾ ਸਿੱਟਾ ਵੀ ਤੁਹਾਡੇ ਸਾਹਮਣੇ ਅਖਵਾਰਾਂ ਦੀਆਂ ਸੁਰਖ਼ੀਆਂ ਵਿੱਚ ਹੈ। ਗੋਦੀ ਮੀਡੀਆ ਲੋਕਾਂ ਦੀ ਆਵਾਜ਼ ਨਹੀਂ , ਇਹ ਰਾਜ ਸੱਤਾ ਦੀ ਕਠਪੁਤਲੀ ਹੈ, ਇਹ ਇਸ ਮੁੱਦੇ ਤੋਂ ਕਿਨਾਰਾ ਕਰੇਗੀ। ਪਰ ਸ਼ੋਸ਼ਲ ਮੀਡੀਆ ਇਸ ਤੇ ਚਿੰਤਨ ਕਰ ਰਿਹੈ। ਵਿਦਰੋਹ ਦੀ ਸੁਰ ਗਰਮ ਹੈ। ਪੰਜਾਬ ਦੇ ਆਖਾਣ, ਮੁਹਾਵਰੇ ਲੋਕ ਤੱਥ ਹਨ।ਇਹਨਾਂ ਤੱਥਾਂ ਨੂੰ ਵਿਚਾਰ ਕੇ , ਸਮਝ ਕੇ ਅਪਨਾਉਣ ਵਾਲੇ ਲੋਕ ਸਿਆਣੇ ਮਨੁੱਖ ਮੰਨੇ ਜਾਂਦੇ ਹਨ।।

“ਤੀਵੀਂ ਵਿਗੜ ਨੇ ਬਣੇ ਪੰਚਾਇਤ ਮੈਂਬਰ,
ਬੰਦਾ ਵਿਗੜ ਕੇ ਬਣੇ ਵਜ਼ੀਰ ਮੀਆਂ”

ਕਿਸੇ ਸ਼ਾਇਰ ਨੇ ਝੂਠ ਨਹੀਂ ਲਿਖਿਆ। ਇਹ ਸਤਰਾਂ ਸਮਾਜ ਦੀਆਂ ਸੱਭਿਅਕ ਔਰਤਾਂ ਲਈ ਨਹੀਂ ਬਲਕਿ ਕਿਰਦਾਰ ਪੱਖੋਂ ਨੀਚਤਾ ਦੀ ਹੱਦ ਪਾਰ ਕਰਦੀਆਂ ਔਰਤਾਂ ਲਈ ਹਨ। ਇਕ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਵਾਲੀ ਲੜਕੀ/ਔਰਤ ਨੂੰ ਅਖਵਾਰਾਂ ਦੀਆਂ ਸੁਰਖੀਆਂ ਵਿੱਚ ਲੈ ਕੇ ਆਉਣ ਵਾਲੀਆਂ ਉਸ ਪਿੱਛੇ ਜੋ ਸੱਤਾ ਵਿੱਚ ਕਾਬਿਜ਼ ਤਾਕਤਾਂ ਹਨ , ਉਹਨਾਂ ਨੂੰ ਅੱਖੋਂ’-ਪਰੋਖਿਆਂ ਕਰਨਾ ਵੀ ਵਾਜ਼ਿਬ ਨਹੀਂ। ਕਿਸੇ ਫਿਲਮੀ ਦੁਨੀਆਂ ਦੀ ਔਰਤ ਨੂੰ ਮਕਬੂਲ ਹੋਣਾ ਬੜਾ ਸੌਖਾ ਹੈ

ਆਪਣੇ ਤਨ ਦੇ ਕੱਪੜੇ ਉਤਾਰ ਅਸੱਭਿਅਕ ਪ੍ਦਰਸ਼ਨ ਰਾਤੋ-ਰਾਤ ਉਸਨੂੰ ਸੁਪਰ ਸਟਾਰ ਬਣਾ ਦਿੰਦਾ ਹੈ। ਉਸ ਦੀਆਂ ਤਸਵੀਰਾਂ ਰਾਯੋ ਰਾਤ ਸ਼ੋਸ਼ਲ ਮੀਡੀਆ ਤੇ ਅਖਵਾਰਾਂ ਮੈਗਜ਼ੀਨਾਂ ਦਿਆਂ ਪੰਨਿਆਂ ਤੇ ਲੋਕ ਦਰਦਾਂ ਨੂੰ ਇਕ ਪਾਸੇ ਕਰ ਛਪ ਜਾਂਦੀਆ ਹਨ। ਇਹੋ ਕਿੱਸਾ ਕੰਗਨਾ ਰਨੌਤ ਦਾ ਹੈ। ਕੰਗਨਾ ਨੇ ਦੇਸ਼ ਲਈ ਅਜਿਹਾ ਕੀ ਕੀਤਾ ? ਕਿਸ ਖੇਤਰ ਵਿੱਚ ਕੀਤਾ ਕਿ ਉਸ ਨੂੰ ਪਦਮ ਸ੍ਰੀ ਦਾ ਅਵਾਰਡ ਦੇ ਕੇ ਸਨਮਾਨਿਆ ਗਿਆ ? ਸੈਂਕੜੇ ਫਿਲਮਾਂ ਬਣਦੀਆਂ ਹਨ। ਫਿਲਮਾਂ ਬਣਾ ਕੇ ਬਾਜ਼ਾਰ ਵਿੱਚ ਵੇਚਣਾ ਇਕ ਵੱਡੇ ਪੱਧਰ ਦਾ ਵਿਉਪਾਰ ਹੈ। ਇਸ ਵਿਉਪਾਰ ਦਾ ਆਮ ਲੋਕਾਂ ਨੂੰ ਕੀ ਫਾਇਦਾ, ਸਗੋਂ ਉਹਨਾਂ ਦੀ ਆਰਥਿਕ ਲੁੱਟ ਹੈ। ਫਿਲਮ ਦੀ ਨਾਇਕਾ ਜਾਂ ਨਾਇਕ ਇਕੋ ਸਮੇਂ ਵੱਖ ਵੱਖ ਕਿਰਦਾਰਾਂ ਦੀ ਭੂਮਿਕਾ ਅਦਾ ਕਰਦੇ ਹਨ। ਫਿਲਮਾਂ ਲੋਕਾਂ ਦੀ ਨਿੱਜੀ ਜਿੰਦਗ਼ੀ ਤੋਂ ਕੋਹਾਂ ਦੂਰ ਹਨ। ਸਮਾਜ ਨੂੰ ਇਹਨਾਂ ਦਾ ਕੀ ਲਾਭ , ਕੁੱਝ ਨਹੀਂ। ਫਿਲਮੀ ਸਿਤਾਰਿਆਂ ਨੂੰ ਐਵਾਰਡ ਰੰਗਮੰਚ ਦੇ ਅਦਾਰੇ ਦੇਣ, ਰਾਸ਼ਟਰ ਕਿਉਂ ਦੇ ਰਿਹਾ ਹੈ ?

ਕੰਗਨਾ ਰਣੌਤ ਵਲੋਂ ਅਲੱਗ ਤਰ੍ਹਾਂ ਦੇ ਭੜਕਾਊ ਬਿਆਨ ਦੇਣੇ, ਫਿਰ ਆਪਣੇ ਆਪ ਨੂੰ ਅਸੁਰੱਖਿਅਤ ਦੀ ਤੋਤਾ ਰਟ ਲਾ ਕੇ ਸਰਕਾਰੀ ਸਰੁੱਖਿਆ ਹਾਸਲ ਕਰਨੀ, ਇਸ ਲੜਕੀ ਦੀ ਦੀ ਪ੍ਰਾਪਤੀ ਰਹੀ ਹੈ। ਕਿਸਾਨ ਅੰਦੋਲਨ ਦੇ ਵਿਰੁੱਧ ਆਪਣੇ ਬਿਆਨ ਦੇਣੇ ਤਾਂ ਸਰਕਾਰ ਦੇ ਪੱਖ ਵਿੱਚ ਖੜਨਾ ਉਸ ਦਾ ਦੂਸਰਾ ਕਦਮ ਸੀ। ਲਕਛਮੀ ਬਾਈ ਝਾਂਸੀ ਦੀ ਰਾਣੀ ਦੇ ਨਾਇਕਾ ਦੇ ਤੌਰ ਤੇ ਰੋਲ ਅਦਾ ਕਰਕੇ ਪਦਮਸ੍ਰੀ ਅਵਾਰਡ ਦੀ ਪ੍ਰਾਪਤੀ ਉਸਦਾ ਤੀਸਰਾ ਕਦਮ ਸੀ। “ਭਾਰਤ ਨੂੰ ਆਜ਼ਾਦੀ ਭੀਖ ‘ਚ ਮਿਲੀ , ਅਸਲ ਆਜ਼ਾਦੀ 2014 ‘ਚ ਮਿਲੀ ਹੈ” ਇਹ ਬਿਆਨ ਉਸਨੇ ਟਾਇਮਜ ਗਰੁੱਪ ਦੇ” ਨਾਉ ਟਾਇਮਜ” ਵਿੱਚ ਕਹੀ। ਕੰਗਨਾ ਰਣੌਤ ਦੇ ਇਸ ਬਿਆਨ ਨੇ 1857 ਦੇ ਗਦਰ ਤੋਂ ਲੈ ਕੇ 1947 ਤੱਕ ਦੇ ਆਜ਼ਾਦੀ ਲਈ ਕੀਤੇ ਸੰਘਰਸ਼ ਤੇ ਕੁਰਬਾਨੀਆਂ ਤੇ ਪੋਚਾ ਫੇਰ ਦਿੱਤਾ।

ਕੰਗਨਾ ਰਣੌਤ ਦੇ ਬਿਆਨ ਵਿਚੋਂ ਆਰ ਐਸ ਐਸ ਦੇ ਕੱਟੜ ਹਿੰਦੂ ਮੱਤ ਦੇ ਫਾਸ਼ੀਵਾਦ ਦੀ ਬੋਅ ਆ ਰਹੀ ਹੈ। ਇਸ ਨੂੰ ਆਜ਼ਾਦੀ ਦੇ ਸੰਘਰਸ਼ ਦੇ ਫਾਂਸੀ ਦੇ ਫੰਧੇ ਦਿਖਾਈ ਨਹੀਂ ਦਿੱਤੇ। ਗਦਰ ਲਹਿਰ ਦੇ ਬੱਬਰ ਸ਼ੇਰ ਭਾਈ ਰਤਨ ਸਿੰਘ, ਸੋਹਣ ਲਾਲ ਪਾਠਕ ,ਭਗਤ ਸਿੰਘ ਬਿਲਗਾ, ਭਾਈ ਸੰਤੋਖ ਸਿੰਘ, ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਕਾਲਾ ਸੰਘਿਆਂ,ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਸਰਾਭਾ, ਬਾਬਾ ਗੁਰਮੁੱਖ ਸਿੰਘ ਲਲਤੋਂ, ਤੇਜਾ ਸਿੰਘ ਸੁਤੰਤਰ, ਹਰੀ ਸਿੰਘ ਉਸਮਾਨ, ਬਾਬਾ ਭਗਵਾਨ ਸਿੰਘ ਦੁਸਾਂਝ, ਰਹਿਮਤ ਅਲੀ, ਕਰੀਮ ਬਖਸ਼, ਲਾਲਾ ਲਾਜਪੱਤ ਰਾਏ , ਸ੍: ਅਜੀਤ ਸਿੰਘ , ਸ਼ਹੀਦ ਏ ਆਜ਼ਮ ਸ੍: ਭਗਤ ਸਿੰਘ, ਰਾਜਗੁਰੂ, ਸੁਖਦੇਵ , ਊਧਮ ਸਿੰਘ ਸੁਨਾਮ, ਨੇਤਾ ਜੀ ਸੁਭਾਸ਼ ਚੰਦਰ ਬੋਸ, ਚੰਦਰ ਸੇਖਰ ਆਜ਼ਾਦ, ਕਰਮ ਚੰਦ ਮੋਹਨ ਲਾਲ ਗਾਂਧੀ, ਜਵਾਹਰ ਲਾਲ ਨਹਿਰੂ ਵਰਗੀਆਂ ਮਹਾਨ ਹਸਤੀਆਂ ਦਿਖਾਈ ਨਹੀਂ ਦਿੱਤੀਆਂ। ਭੇਰਾ ਖਿਆਲ਼ ਹੈ ਕਿ ਨਾ ਹੀ ਇਹਨਾਂ ਬਾਰੇ ਕੰਗਨਾ ਨੇ ਪੜਿਆ ਹੈ ।

ਜਿਹਨਾਂ ਦੇਸ਼ ਦੀ ਆਵਾਜ਼ ਬਣ ਕੇ ਦੇਸ਼ ਦੀ ਆਜ਼ਾਦੀ ਲਈ ਆਪਣੇ ਪਰਿਵਾਰ ਤੇ ਖੁਦ ਨੂੰ ਕੁਰਬਾਨ ਕਰ ਦਿੱਤਾ। ਬਗਾਵਤ ਦੀ ਸਜ਼ਾ ਕਾਲੇਪਾਣੀਆ ਦੀ ਜਲਾਵਤਨੀ ਵਜੋਂ ਭੁਗਤੀ। ਉਹਨਾਂ ਸ਼ਹੀਦਾਂ ਦਾ ਇਕ ਨੌਟੰਕੀ ਕਰਨ ਵਾਲੀ ਔਰਤ ਅਪਮਾਨ ਕਰੇ ਇਹ ਸਹਿਣ ਤੋਂ ਬਾਹਰ ਹੈ। ਇਹ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦਾ ਅਪਮਾਨ ਹੈ। ਉਹਨਾਂ ਸੂਰਬੀਰਾਂ ਦੇ ਦੇਸ਼ ਭਗਤੀ ਦੇ ਜਜ਼ਬੇ ਦਾ ਅਪਮਾਨ ਹੈ, ਜਿਹਨਾਂ ਸੰਵਿਧਾਨ ਦੀਆਂ ਧਰਾਵਾਂ ਬਣਾ ਕੇ ਸਾਨੂੰ ਊਲ-ਜਲੂਲ ਬੋਲਣ ਦਾ ਅਧਿਕਾਰ ਦਿੱਤਾ। ਦੇਸ਼ ਦੇ ਸਨਮਾਨ ਦਾ ਧਿਆਨ, ਦੇਸ਼ ਦੇ ਸ਼ਹੀਦਾਂ ਦਾ ਸਨਮਾਨ ਕਰਨਾ ਸਾਡਾ ਸਭ ਤੋਂ ਪਹਿਲਾ ਇਖ਼ਲਾਕੀ ਫਰਜ਼ ਹੈ। ਇਹ ਫ਼ਰਜ ਨੂੰ ਨਿਭਾਉਣ ਦੀ ਸਿੱਖਿਆ ਹਰ ਮਾਂ-ਬਾਪ ਨੂੰ ਆਪਣੀ ਔਲਾਦ ਨੂੰ ਸਭ ਤੋਂ ਪਹਿਲਾਂ ਦੇਣੀ ਜਰੂਰੀ ਹੈ। ਭਵਿੱਖ ਵਿੱਚ ਸਰਕਾਰਾਂ ਤੇ ਅਦਾਰਿਆਂ ਨੂੰ ਵੀ ਇਹੋ ਜਿਹੇ ਮਾਣ-ਸਨਮਾਨ ਸੋਚ-ਸਮਝ ਕੇ ਦੇਣੇ ਚਾਹੀਂਦੇ ਹਨ ਤਾਂ ਕਿ ਦੇਸ਼ ਵਿੱਚ ਅਮਨ ਚੈਨ ਬਣਿਆ ਰਹੇ ।

ਬਲਜਿੰਦਰ ਸਿੰਘ “ਬਾਲੀ ਰੇਤਗੜੵ “

+91 9465129168
+91 70876 29168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਖਾਨਦਾਨੀ ਬੋਲਦੀ”
Next articleਦੂਰਦਰਸ਼ਨ ਪੰਜਾਬੀ ਦਾ ਪੁਨਰ ਜਨਮ