ਮੁੰਬਈ (ਸਮਾਜ ਵੀਕਲੀ):ਮਨੀ ਲਾਂਡਰਿੰਗ ਕੇਸ ਵਿਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਤੇ ਐਨਸੀਪੀ ਆਗੂ ਅਨਿਲ ਦੇਸ਼ਮੁਖ ਨੂੰ ਵਿਸ਼ੇਸ਼ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਈਡੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਏਜੰਸੀ ਨੇ ਸਾਬਕਾ ਮੰਤਰੀ ਦੀ ਨੌਂ ਦਿਨ ਲਈ ਹੋਰ ਹਿਰਾਸਤ ਮੰਗੀ ਸੀ ਪਰ ਅਦਾਲਤ ਨੇ ਇਨਕਾਰ ਕਰ ਦਿੱਤਾ ਤੇ ਦੇਸ਼ਮੁਖ ਨੂੰ ਨਿਆਂਇਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਦੇਸ਼ਮੁਖ ਨੂੰ ਈਡੀ ਨੇ ਸੋਮਵਾਰ ਰਾਤ 12 ਘੰਟੇ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਮੰਗਲਵਾਰ ਅਦਾਲਤ ਨੇ ਈਡੀ ਨੂੰ ਦੇਸ਼ਮੁਖ ਦੀ ਛੇ ਨਵੰਬਰ ਤੱਕ ਹਿਰਾਸਤ ਦਿੱਤੀ ਸੀ।
ਕਾਲੇ ਧਨ ਨੂੰ ਸਫ਼ੈਦ ਕਰਨ ਦਾ ਇਹ ਕੇਸ 100 ਕਰੋੜ ਰੁਪਏ ਦੀ ਰਿਸ਼ਵਤਖੋਰੀ ਨਾਲ ਜੁੜਿਆ ਹੋਇਆ ਹੈ। ਸੀਬੀਆਈ ਨੇ ਇਸ ਮਾਮਲੇ ਵਿਚ ਦੇਸ਼ਮੁਖ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਨੇ ਦੇਸ਼ਮੁਖ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਈਡੀ ਨੇ ਵਿਸ਼ੇਸ਼ ਅਦਾਲਤ ਵਿਚ ਦੋਸ਼ ਲਾਇਆ ਕਿ ਮੁੰਬਈ ਪੁਲੀਸ ਦਾ ਅਧਿਕਾਰੀ ਸਚਿਨ ਵਾਜ਼ੇ ਦੇਸ਼ਮੁਖ ਦੇ ਕਹਿਣ ’ਤੇ ਬਾਰ ਮਾਲਕਾਂ ਤੋਂ ਪੈਸਾ ਇਕੱਠਾ ਕਰਦਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ਮੁਖ ਨੇ ਇਕ ਪ੍ਰਾਈਵੇਟ ਵਿਅਕਤੀ ਨੂੰ ਕਿਹਾ ਸੀ ਕਿ ਉਹ ਵਾਜ਼ੇ ਨੂੰ ਮੁੰਬਈ ਦੇ ਬਾਰਾਂ ਤੇ ਆਰਕੈਸਟਰਾ ਦੀ ਸੂਚੀ ਦੇਵੇ। ਈਡੀ ਨੇ ਅਦਾਲਤ ਵਿਚ ਇਹ ਵੀ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 27 ਕੰਪਨੀਆਂ ਜੋ ਕਿ ਸਿੱਧੇ-ਅਸਿੱਧੇ ਤੌਰ ਉਤੇ ਦੇਸ਼ਮੁਖ ਪਰਿਵਾਰ ਨਾਲ ਜੁੜੀਆਂ ਹਨ, ਦੀ ਵਰਤੋਂ ਨਾਜਾਇਜ਼ ਧਨ ਲਾਉਣ ਲਈ ਹੋਈ ਹੈ। ਕੇਂਦਰੀ ਏਜੰਸੀ ਨੇ ਨਾਲ ਹੀ ਕਿਹਾ ਕਿ ਦੇਸ਼ਮੁਖ ਨੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤੇ ਤੇ ਹੋਰ ਰਿਮਾਂਡ ਦੀ ਲੋੜ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly