ਮੁੰਬਈ (ਸਮਾਜ ਵੀਕਲੀ) : ਕਰੂਜ਼ ਡਰੱਗਜ਼ ਕੇਸ ਸਮੇਤ ਛੇ ਕੇਸਾਂ ਦੀ ਜਾਂਚ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਵਿਸ਼ੇਸ਼ ਜਾਂਚ ਟੀਮ ਅੱਜ ਇਥੇ ਪਹੁੰਚ ਗਈ ਹੈ। ਕਰੂਜ਼ ’ਤੇ ਡਰੱਗਜ਼ ਮਾਮਲੇ ’ਚ ਬੌਲੀਵੁੱਡ ਸੁਪਰ ਸਟਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਵੀ ਮੁਲਜ਼ਮ ਹੈ। ਦਿੱਲੀ ਤੋਂ ਆਈ ਸਿਟ ਦੱਖਣੀ ਮੁੰਬਈ ’ਚ ਐੱਨਸੀਬੀ ਦੇ ਜ਼ੋਨਲ ਦਫ਼ਤਰ ’ਚ ਬਾਅਦ ਦੁਪਹਿਰ ਪੁੱਜੀ। ਸਿਟ ਦੀ ਅਗਵਾਈ ਕਰ ਰਹੇ ਸੀਨੀਅਰ ਆਈਪੀਐੱਸ ਅਫ਼ਸਰ ਸੰਜੈ ਕੁਮਾਰ ਸਿੰਘ ਨੇ ਕਿਹਾ,‘‘ਅਸੀਂ ਕੁਝ ਕੇਸਾਂ ਨੂੰ ਆਪਣੇ ਹੱਥ ’ਚ ਲੈ ਲਿਆ ਹੈ ਅਤੇ ਛੇਤੀ ਜਾਂਚ ਸ਼ੁਰੂ ਕਰਾਂਗੇ।’’ ਕੇਸਾਂ ਦੀ ਮੁੜ ਤੋਂ ਜਾਂਚ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਹ ਹਰ ਕੇਸ ਦਾ ਰਿਕਾਰਡ ਖੰਗਾਲਣ ਮਗਰੋਂ ਇਸ ਬਾਰੇ ਕੋਈ ਫ਼ੈਸਲਾ ਲੈਣਗੇ। ‘ਅਜੇ ਇਨ੍ਹਾਂ ਕੇਸਾਂ ਦੀ ਅੱਗੇ ਜਾਂਚ ਕੀਤੀ ਜਾਵੇਗੀ।’
ਐੱਨਸੀਬੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਿਟ ਵੱਲੋਂ ਛੇ ਕੇਸਾਂ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਦੇ ਕੌਮੀ ਅਤੇ ਕੌਮਾਂਤਰੀ ਸਿੱਟੇ ਨਿਕਲ ਸਕਦੇ ਹਨ। ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਕਿਹਾ ਸੀ ਕਿ ਉਹ ਇਨ੍ਹਾਂ ਕੇਸਾਂ ਦੀ ਹੁਣ ਜਾਂਚ ਨਹੀਂ ਕਰ ਰਿਹਾ ਹੈ ਪਰ ਉਹ ਜ਼ੋਨਲ ਡਾਇਰੈਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣੀਆਂ ਜਾਰੀ ਰੱਖੇਗਾ। ਉਧਰ ਮਹਾਰਾਸ਼ਟਰ ਦੇ ਸੀਨੀਅਰ ਮੰਤਰੀ ਅਤੇ ਐੱਨਸੀਪੀ ਆਗੂ ਨਵਾਬ ਮਲਿਕ ਨੇ ਕਿਹਾ ਕਿ ਜਾਂਚ ਨਾਲ ਕਈ ਅਹਿਮ ਖੁਲਾਸੇ ਹੋਣਗੇ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਸਮੀਰ ਦਾਊਦ ਵਾਨਖੇੜੇ ਵੱਲੋਂ ਆਰੀਅਨ ਖ਼ਾਨ ਤੋਂ ਫਿਰੌਤੀ ਮੰਗਣ ਦੇ ਦੋਸ਼ਾਂ ਦੀ ਜਾਂਚ ਲਈ ਸਿਟ ਬਣਾਉਣ ਦੀ ਮੰਗ ਕੀਤੀ ਸੀ ਅਤੇ ਹੁਣ ਦੋ ਸਿਟ, ਇਕ ਸੂਬਾ ਅਤੇ ਦੂਜੀ ਕੇਂਦਰ ਵੱਲੋਂ, ਬਣਾ ਦਿੱਤੀਆਂ ਗਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly