ਮੈਲਬਰਨ (ਸਮਾਜ ਵੀਕਲੀ): ਇੱਥੋਂ ਦੇ ਪੱਛਮੀ ਇਲਾਕੇ ’ਚ ਸਥਿਤ ਗੁਰੂਘਰ ਦਲ ਬਾਬਾ ਬਿਧੀ ਚੰਦ ਖਾਲਸਾ ਛਾਉਣੀ ’ਚ ਅੱਜ ਆਸਟਰੇਲੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਐਂਥਨੀ ਐਲਬਨੀਜ਼ ਨੇ ਆਪਣੀ ਟੀਮ ਨਾਲ ਮੱਥਾ ਟੇਕਿਆ। ਕੋਵਿਡ ਛੋਟਾਂ ਤੋਂ ਬਾਅਦ ਪਹਿਲੀ ਵਾਰ ਮੈਲਬਰਨ ਦੌਰੇ ਦੌਰਾਨ ਇੱਥੇ ਪਹੁੰਚੇ ਸ੍ਰੀ ਐਲਬਨੀਜ਼ ਨੇ ਸਿੱਖਾਂ ਵੱਲੋਂ ਕੁਦਰਤੀ ਤ੍ਰਾਸਦੀਆਂ ਅਤੇ ਔਖੇ ਸਮਿਆਂ ’ਚ ਨਿਭਾਈਆਂ ਜਾਂਦੀਆਂ ਭਾਈਚਾਰਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਦੇ ਸਮੁੱਚੇ ਭਾਈਚਾਰੇ ਆਪਸੀ ਸਹਿਯੋਗ ਦੀ ਅਹਿਮ ਕੜੀ ਹਨ। ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਪਣਡੁੱਬੀਆਂ ਅਤੇ ਤਿੰਨ ਮੁਲਕਾਂ ਦੇ ਬਣੇ ਨਵੇਂ ਗੱਠਜੋੜ ਬਾਰੇ ਸੱਤਾਧਾਰੀ ਧਿਰ ਉੱਤੇ ਵਿਦੇਸ਼ ਨੀਤੀ ਨੂੰ ਲੈ ਕੇ ਆਮ ਲੋਕਾਂ ਨਾਲ ਪਾਰਦਰਸ਼ੀ ਸੰਵਾਦ ਨਾ ਕਰਨ ਦਾ ਕਸੂਰਵਾਰ ਦੱਸਿਆ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਇਸ ਇਲਾਕੇ ’ਚ ਸਿੱਖਾਂ ਦੀ ਵਸੋਂ ਵਿੱਚ ਪਿਛਲੇ ਸਮੇਂ ਦੌਰਾਨ ਵਾਧਾ ਹੋਇਆ ਹੈ। ਐਲਬਨੀਜ਼ ਅੱਜ ਇਸ ਖੇਤਰ ’ਚ ਬਣੀ ਨਵੀਂ ਫ਼ੈਡਰਲ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰਨ ਲਈ ਵੀ ਪਹੁੰਚੇ ਸਨ। ਉਨ੍ਹਾਂ ਲੰਗਰ ’ਚ ਵੀ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਅਵਤਾਰ ਸਿੰਘ, ਭਾਈ ਗੁਰਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly