(ਸਮਾਜ ਵੀਕਲੀ)
ਇਬਰਾਹੀਮ ਲਿੰਕਨ ਦੇ ਅਨੁਸਾਰ ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ ਹੈ। ਪਰ ਅੱਜ ਇਹ ਸਵਾਲ ਹੈ ਕਿ ਮੌਜੂਦਾ ਲੋਕਤੰਤਰ ਕਿੰਨਾਂ ਕੁ ਲੋਕਾਂ ਦਾ ਹੈ….?
ਜੇਕਰ ਸਰਕਾਰ ਆਮ ਲੋਕਾਂ ਦੀ ਹੈ ਤਾਂ ਇਹ ਪੂਰੀ ਸੁਰੱਖਿਆ ਫ਼ੌਜ ਨਾਲ਼ ਲੈ ਕੇ ਕਿਉਂ ਤੁਰਦੇ ਹਨ? ਇਹਨਾਂ ਦੇ ਕੱਪੜੇ, ਖਾਣਾ ਤੇ ਰਹਿਣ ਸਹਿਣ ਖਾਸ ਕਿਉਂ ਹੁੰਦਾ ਹੈ। ਇਹਨਾਂ ਨੂੰ ਡਰ ਕੀਹਦੇ ਤੋਂ ਤੇ ਕਿਉਂ ਹੈ? ਕਿਉਂ ਇਹ ਆਪਣਾ ਵਾਹਨ ਆਪ ਚਲਾ ਕੇ ਕਿਤੇ ਜਾ ਨਹੀਂ ਸਕਦੇ? ਕਿਉਂ ਲੋਕ ਇਹਨਾਂ ਨੂੰ ਮਿਲ਼ ਨਹੀਂ ਸਕਦੇ?
ਸੱਚਾਈ ਤਾਂ ਇਹ ਹੈ ਕਿ ਭਾਰਤ ਵਿਚ ਲੋਕਤੰਤਰ, ਹੁਣ ਲੋਕਤੰਤਰ ਨਾ ਰਹਿ ਕੇ ਅਲਪਤੰਤਰ ਬਣ ਗਿਆ ਹੈ। ਕੁੱਝ ਖ਼ਾਸ ਲੋਕ ਆਪਣੇ ਆਪ ਨੂੰ ਆਮ ਲੋਕ ਦੱਸ ਕੇ ਸਾਨੂੰ ਸੱਭ ਨੂੰ ਬੇਵਕੂਫ਼ ਬਣਾ ਰਹੇ ਹਨ। ਆਮ ਲੋਕ ਤਾਂ ਵੋਟਾਂ ਵਿੱਚ ਖੜ ਹੀ ਨਹੀਂ ਸਕਦੇ। ਕਿਉਂਕਿ ਵੋਟਾਂ ਵਿੱਚ ਲੱਖਾਂ ਕਰੋੜਾਂ ਰੁਪਏ ਖਰਚ ਕਰਨੇ ਪੈਂਦੇ ਹਨ ਤੇ ਜੇ ਐਨੇ ਪੈਸੇ ਇਹਨਾਂ ਆਮ ਲੋਕਾਂ ਕੋਲ਼ ਹੋਣ ਤਾਂ ਇਹ ਗਰੀਬ ਕਿਓਂ ਕਹਾਉਣ ..!
ਜੇ ਇਹ ਨੇਤਾ ਆਮ ਲੋਕ ਹਨ ਤਾਂ ਅਸੀਂ ਲੋਕ ਇਹਨਾਂ ਨੂੰ ਚੀਕ ਚੀਕ ਕੇ ਆਪਣੀਆਂ ਤਕਲੀਫ਼ਾਂ ਕਿਉਂ ਦੱਸਦੇ ਹਾਂ। ਇਹਨਾਂ ਨੂੰ ਆਮ ਆਦਮੀ ਦੀਆਂ ਜ਼ਰੂਰਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਉੱਤੋਂ ਜੇ ਲੋਕ ਆਪਣੇ ਹੱਕ ਮੰਗਣ ਤਾਂ ਡੰਡਿਆਂ ਦੀ ਬਰਸਾਤ ਹੁੰਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਡੰਡੇ ਮਾਰਨ ਵਾਲੇ ਅਤੇ ਡੰਡੇ ਖਾਣ ਵਾਲ਼ੇ ਦੋਵੇਂ ਹੀ ਆਮ ਲੋਕ ਹੀ ਹੁੰਦੇ ਹਨ।
ਕਦੇ ਸਮਾਂ ਸੀ ਕਿ ਅਸੀਂ ਬੇਗਾਨਿਆਂ ਤੋਂ ਆਪਣੇ ਹੱਕ ਮੰਗਦੇ ਸਾਂ ਤੇ ਅੱਜ ਆਪਣਿਆਂ ਨੇ ਹੀ ਸਾਡਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਇਸ ਸੱਭ ਲਈ ਅਸੀਂ ਖ਼ੁਦ ਵੀ ਜ਼ਿੰਮੇਵਾਰ ਹਾਂ। ਅਸੀਂ ਹੀ ਇਹਨਾਂ ਦੇ ਗ਼ਲਤ ਤਰੀਕਿਆਂ ਨੂੰ ਅਪਣਾ ਕੇ ਵੋਟ ਦੇ ਦਿੰਦੇ ਹਾਂ ਤੇ ਇਹਨਾਂ ਨੂੰ ਸਹੀ ਸਾਬਿਤ ਕਰ ਦਿੰਦੇ ਹਾਂ। ਫ਼ਿਰ ਇਹ ਸਾਡੇ ਪੈਸੇ ਨਾਲ ਐਸ਼ ਕਰਦੇ ਹਨ ਅਤੇ ਅਸੀਂ ਇਹਨਾਂ ਨੂੰ ਸਲੂਟ ਮਾਰਦੇ ਫ਼ਿਰਦੇ ਹਾਂ।
ਅੰਤ ਵਿੱਚ ਇਹੀ ਕਹਿਣਾ ਚਾਹਵਾਂਗੀ ਕਿ ਲੋਕਤੰਤਰ ਨੂੰ ਲੋਕਤੰਤਰ ਬਣਾਓ ਖਾਸਤੰਤਰ ਨਹੀਂ। ਸਾਨੂੰ ਸੱਭ ਨੂੰ ਇਕੱਠੇ ਹੋ ਕੇ ਲੋਕਤੰਤਰ ਦੇ ਡਿੱਗੇ ਹੋਏ ਮਿਆਰ ਨੂੰ ਉੱਪਰ ਚੁੱਕਣਾ ਪਏਗਾ। ਇਸ ਲਈ ਜਾਗ੍ਰਤ ਹੋਵੋ। ਲੋਕਤੰਤਰ ਦੇ ਥੰਮ ਬਣੋ ਕਲੰਕ ਨਹੀਂ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly