(ਸਮਾਜ ਵੀਕਲੀ)
ਓ ਪੈਸੇ ਨੀ ਖਾਧੇ ਜਾਣੇ
ਖਾਣੀ ਤਾਂ ਕਣਕ ਪਊਗੀ
ਚਾਂਦੀ ਦੇ ਸਿੱਕਿਆਂ ਦੀ ਤਾਂ
ਥੋੜ੍ਹੇ ਦਿਨ ਖਣਕ ਪਊਗੀ
ਕਿਰਤੀ ਜੇ ਮਰ ਗਿਆ ਕਿਧਰੇ
ਸਾਰਿਆਂ ਨੂੰ ਰੜਕ ਪਊਗੀ
ਉਇ ਅਕਲ ਨੂੰ ਹੱਥ ਮਾਰਿਓ
ਸੇਠ ਦੀ ਨੱਪ ਕੇ ਸੰਘੀ
ਧਰਤੀ ਅਜ਼ਾਦ ਕਰ ਦਿਓ
ਜ਼ਬਰ ਦੀ ਲੁੱਟ ਦਾ ਮੰਜ਼ਰ
ਮੁੱਢ ਤੋਂ ਬਰਬਾਦ ਕਰ ਦਿਓ
ਤਖ਼ਤ ਨੂੰ ਮਾਰ ਕੇ ਪਲਟਾ
ਹਾਕਮ ਹੁਣ ਮਾਂਜ਼ ਧਰ ਦਿਓ
ਓ ਕਿਰਤੀਓ ਹੋ ਜਾਓ ਕੱਠੇ
ਲੁਟੇਰਿਆਂ ਦੇ ਭਰਨ ਨਾ ਬੱਬਰ
ਸਦੀਆਂ ਤੋਂ ਲੁੱਟਦੇ ਆਏ
ਪੀਣੀਆਂ ਲਹੂ ਇਹ ਜੋਕਾਂ
ਇੱਕੋ ਇਹ ਮਾਂ ਦੇ ਜਾਏ
ਪਿੰਜਰ ਨੇ ਪਿੰਡੇ ਬਣ ਗਏ
ਮੁੜ੍ਹਕੇ ਦੇ ਜੋ ਹਮਸਾਏ
ਨੋਚਣ ਇਹ ਮਾਸ ਨੇ ਗਿਰਝਾਂ
ਮਿਟ ਗਈਆਂ ਹੱਥ ਲਕੀਰਾਂ
ਕਰ ਕਰ ਕੇ ਸਖ਼ਤ ਕਮਾਈਆਂ
ਪਾਂਜੇ ਅਜੇ ਹੋਣ ਨਾ ਪੂਰੇ
ਲੜੀਆਂ ਨੇ ਬਹੁਤ ਲੜਾਈਆਂ
ਕਿਰਤੀ ਦੱਸ ਕਿਹਨੂੰ ਰੋਵੇ
ਹੱਡੀਆਂ ਨੇ ਆਪ ਸੁਕਾਈਆਂ
ਓ ਮਹਿੰਗੇ ਰੇਹ ਤੇਲ ਹੋ ਗਏ
ਗੁਲਾਮੀ ਦੇ ਤੋੜ ਕੇ ਸੰਗਲ਼
ਨਵੀਆਂ ਕੋਈ ਪਿਰਤਾਂ ਪਾਈਏ
‘ਜੀਤ’ ਕਰ ਕੱਠੇ ਕਿਰਤੀ
ਸਾਂਝਾ ਇੱਕ ਨਾਅਰਾ ਲਾਈਏ
ਬੀਤ ਗਏ ਜੁੱਗ ਸੁੱਤਿਆਂ
ਦੀਵਾ ਕੋਈ ਨਵਾਂ ਜਗਾਈਏ
ਓ ਚੜ੍ਹ ਜਾਓ ਹੁਣ ਸੂਰਜ ਬਣਕੇ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly