(ਸਮਾਜ ਵੀਕਲੀ)
ਆਏ ਸਾਲ ਪੂਰੇ ਸੰਸਾਰ ਵਿੱਚ ਬੇਮੌਸਮੀ ਬਰਸਾਤ ਅਤੇ ਹੜ੍ਹਾਂ ਦੀ ਦਰ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦੀ ਮਾਰ ਹਰ ਇੱਕ ਆਮ ਵਿਅਕਤੀ ਹਰ ਇੱਕ ਜੰਗਲੀ ਜਾਨਵਰ ਨੂੰ ਸਹਿਣੀ ਪੈਂਦੀ ਹੈ । ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਮਨੁੱਖ ਅਤੇ ਜੰਗਲੀ ਜਾਨਵਰ ਇਨ੍ਹਾਂ ਬਰਸਾਤਾਂ ਅਤੇ ਹੜ੍ਹਾਂ ਵਿੱਚ ਆਪਣੀ ਜਾਨ ਗੁਆ ਦਿੰਦੇ ਹਨ। ਅਰਬਾਂ ਦੀਆਂ ਇਮਾਰਤਾਂ ਮੁੱਖ ਸੁਵਿਧਾਵਾਂ ਖ਼ਤਮ ਹੋ ਜਾਂਦੀਆਂ ਹਨ । ਕਈ ਕਾਰੋਬਾਰ ਬੰਦ ਹੋ ਜਾਂਦੇ ਹਨ । ਕਈ ਥਾਵਾਂ ਤੇ ਤਾਂ ਰੋਟੀ ਦੇ ਵੀ ਲਾਲੇ ਪੈ ਜਾਂਦੇ ਹਨ । ਹਜਾਰਾਂ ਲੋਕ ਕਈ ਦਿਨਾਂ ਤਕ ਆਪਣੇ ਹੀ ਘਰਾਂ ਵਿਚ ਕੈਦ ਹੋ ਜਾਂਦੇ ਹਨ ਅਤੇ ਕਈ ਇਨ੍ਹਾਂ ਹੜ੍ਹਾਂ ਦੀ ਮਾਰ ਹੇਠ ਆ ਲੋਪ ਹੋ ਜਾਂਦੇ ਹਨ ।
ਪਰ ਇਨ੍ਹਾਂ ਬੇਮੌਸਮੀ ਬਰਸਾਤਾਂ ਅਤੇ ਹੜ੍ਹਾਂ ਦੀ ਦਰ ਵਿੱਚ ਵਾਧਾ ਆਖਰ ਕਿਸ ਕਾਰਨਾਂ ਕਰਕੇ ਹੋ ਰਿਹਾ ਹੈ ਹਰ ਸਾਲ ਬਰਸਾਤਾਂ ਮੌਨਸੂਨ ਦੀ ਬਜਾਏ ਉਸ ਦੇ ਅਗੇਤਰ ਪਛੇਤਰ ਦੇ ਸਮੇਂ ਵਿੱਚ ਹੀ ਕਿਉਂ ਹੋ ਜਾਂਦੀਆਂ ਹਨ । ਇਨ੍ਹਾਂ ਹੀ ਅਣਮਿੱਥੇ ਸਮਿਆਂ ਦੀਆਂ ਬਰਸਾਤਾਂ ਹੜ੍ਹਾਂ ਦਾ ਮੁੱਖ ਕਾਰਨ ਹਨ । ਭਾਰੀ ਬੇਮੌਸਮੀ ਬਰਸਾਤ ਕਾਰਨ ਜਗ੍ਹਾ ਜਗ੍ਹਾ ਤੇ ਹੜ੍ਹ ਆਮ ਦੇਖਣ ਨੂੰ ਮਿਲ ਜਾਂਦੇ ਹਨ । ਇਸ ਵਿੱਚ ਅਸੀਂ ਕਿਸੇ ਇੱਕ ਦੇਸ਼ ਜਾਂ ਕਿਸੇ ਇੱਕ ਸ਼ਹਿਰ ਵਿੱਚ ਹੁੰਦੀ ਤਬਾਹੀ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਇਹ ਤਬਾਹੀ ਹਰ ਸਾਲ ਪੂਰੇ ਸੰਸਾਰ ਵਿੱਚ ਵੇਖਣ ਨੂੰ ਮਿਲਦੀ ਹੈ ਅਤੇ ਇਸ ਤਬਾਹੀ ਦੀ ਮਾਰ ਵਿੱਚ ਲੱਖਾਂ ਆਮ ਜਨਜੀਵਨ ਲੱਖਾਂ ਜੰਗਲੀ ਜਾਨਵਰ ਮਾਰੇ ਜਾਂਦੇ ਹਨ। ਅਰਬਾਂ ਖਰਬਾਂ ਦੀਆਂ ਇਮਾਰਤਾਂ ਨਿੱਜੀ ਘਰ ਸਾਧਨ ਸੜਕਾਂ ਸਭ ਤਬਾਹ ਹੋ ਜਾਂਦੀਆਂ ਹਨ ।
ਚਲੋ ਮੰਨਿਆ ਕਿ ਹੜ੍ਹਾਂ ਦਾ ਮੁੱਖ ਕਾਰਨ ਬੇਮੌਸਮੀ ਭਾਰੀ ਬਰਸਾਤ ਹੈ ਪਰ ਫੇਰ ਇਹ ਬਰਸਾਤਾਂ ਦਾ ਮੁੱਖ ਕਾਰਨ ਕੀ ਹੈ । ਕਿਨ੍ਹਾਂ ਕਾਰਨਾਂ ਕਰਕੇ ਹਰ ਸਾਲ ਬਰਸਾਤਾਂ ਆਪਣੇ ਸਮੇਂ ਤੋਂ ਅੱਗੇ ਪਿੱਛੇ ਆ ਆਪਣੇ ਨਾਲ ਭਾਰੀ ਤਬਾਹੀ ਲੈ ਕੇ ਆਉਂਦੀ ਹੈ।
ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਨ੍ਹਾਂ ਬੇਮੌਸਮੀ ਬਰਸਾਤਾਂ ਦਾ ਮੁੱਖ ਕਾਰਨ ਆਮ ਮਨੁੱਖ ਹੀ ਹੈ ਮਨੁੱਖ ਪਰਜਾਤੀ ਕਈ ਸਾਲਾਂ ਤੋਂ ਕੁਦਰਤ ਨਾਲ ਦੁਰ ਵਿਵਹਾਰ ਕਰਦੀ ਆ ਰਹੀ ਹੈ । ਮਨੁੱਖ ਕੁਦਰਤ ਨੂੰ ਇੱਕ ਆਮ ਸ਼ਬਦ ਸਮਝ ਕੇ ਉਸ ਦੀ ਰੱਜ ਕੇ ਬੇਅਦਬੀ ਕਰਦਾ ਆ ਰਿਹਾ ਹੈ । ਵਾਤਾਵਰਨ ਨੂੰ ਦਿਲ ਖੋਲ੍ਹ ਕੇ ਪ੍ਰਦੂਸ਼ਿਤ ਕਰਦਾ ਹੈ ਸਾਗਰਾਂ ਨਹਿਰਾਂ ਵਿਚ ਅੰਨ੍ਹੇਵਾਹ ਕੂੜਾ ਕਰਕਟ ਪਲਾਸਟਿਕ ਸੁੱਟ ਰਿਹਾ ਹੈ ਫੈਕਟਰੀਆਂ ਦਾ ਗੰਦਾ ਪਾਣੀ ਜ਼ਹਿਰ ਨਾਲੋਂ ਵੀ ਹਾਨੀਕਾਰਕ ਇਨ੍ਹਾਂ ਸਾਗਰਾਂ ਵਿੱਚ ਮਿਲਾਉਂਦਾ ਜਾ ਰਿਹਾ ਹੈ । ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਹਵਾ ਨੂੰ ਗੰਧਲਾ ਕਰਦਾ ਜਾ ਰਿਹਾ ਹੈ । ਪਲਾਸਟਿਕ , ਕੱਪੜਿਆਂ , ਦਵਾਈਆਂ ਨੂੰ ਅੱਗ ਲਾ ਕੇ ਉਸਦੇ ਕੈਮੀਕਲਾਂ ਨੂੰ ਹਵਾ ਵਿੱਚ ਮਿਲਾਉਂਦਾ ਜਾ ਰਿਹਾ ਹੈ ਫ਼ਸਲਾਂ ਨੂੰ ਸਮੇਂ ਤੋਂ ਪਹਿਲਾਂ ਤਿਆਰ ਕਰਨ ਲਈ ਕਈ ਪ੍ਰਕਾਰ ਦੀਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਨਾਲ ਵੀ ਵਾਤਾਵਰਨ ਨੂੰ ਬਹੁਤ ਪ੍ਰਭਾਵਿਤ ਕਰ ਰਿਹਾ ਹੈ । ਹਰ ਸਾਲ ਕਰੋੜਾਂ ਰੁਪਇਆਂ ਦੀ ਆਤਿਸ਼ਬਾਜ਼ੀ ਨਾਲ ਇਕ ਸਾਲ ਦੀ ਜ਼ਹਿਰ ਇਕੋ ਦਿਨ ਵਿਚ ਵਾਤਾਵਰਨ ਵਿਚ ਘੋਲ ਦਿੰਦਾ ਹੈ ਜਿਸ ਨਾਲ ਸਭ ਤੋਂ ਵੱਧ ਜਨਜੀਵਨ ਅਤੇ ਕੁਦਰਤ ਪ੍ਰਭਾਵਿਤ ਹੁੰਦੀਂ ਹੈ।
ਮਨੁੱਖ ਆਪਣੇ ਨਫ਼ੇ ਦੇ ਲਈ ਧੜਾਧੜ ਜੰਗਲਾਂ ਦੀ ਕਟਾਈ ਕਰਦਾ ਜਾ ਰਿਹਾ ਹੈ ਕਰੋੜਾਂ ਦੀ ਤਾਦਾਦ ਵਿੱਚ ਰੁੱਖਾਂ ਨੂੰ ਖ਼ਤਮ ਕਰ ਰਿਹਾ ਹੈ ਅਤੇ ਬਿਨਾਂ ਕੁਝ ਸੋਚ ਵਿਚਾਰ ਕਰੇ ਆਪਣੇ ਨਾਲ ਨਾਲ ਪੂਰੀ ਕਾਇਨਾਤ ਨੂੰ ਖ਼ਤਮ ਕਰ ਰਿਹਾ ਹੈ ।
ਸੰਸਾਰ ਦੀਆਂ ਕਈ ਵੱਡੀਆਂ ਸੰਸਥਾਵਾਂ ਨੇ ਕਈ ਸਾਲ ਪਹਿਲਾਂ ਇਹ ਬਿਆਨ ਕਰ ਦਿੱਤਾ ਸੀ ਕਿ ਜਦੋਂ ਤੱਕ ਮਨੁੱਖ ਕੁਦਰਤੀ ਵਾਤਾਵਰਨ ਨਾਲ ਛੇੜ ਛਾੜ ਕਰਨੋਂ ਨਹੀਂ ਹਟੇਗਾ , ਜਦੋਂ ਤੱਕ ਮਨੁੱਖ ਕੁਦਰਤ ਨੂੰ ਪਿਆਰ ਨਹੀਂ ਕਰੇਗਾ ਉਦੋਂ ਤਕ ਹਰ ਸਾਲ ਬੇਮੌਸਮੀ ਬਰਸਾਤਾਂ ਦੇ ਨਾਲ ਨਾਲ ਹੜ੍ਹਾਂ ਦੀ ਦਰਾਂ ਵਿੱਚ ਵਾਧਾ ਆਉਂਦਾ ਰਹੇਗਾ । ਹਰ ਸਾਲ ਇਹ ਸੰਸਥਾਵਾਂ ਮਨੁੱਖ ਨੂੰ ਇਹ ਚਿਤਾਵਨੀ ਦਿੰਦੀ ਆ ਰਹੀ ਹੈ ਕਿ ਉਹ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਕਰ ਦੇਵੇ । ਆਮ ਇਨਸਾਨ ਜੋ ਕੁਝ ਆਪਣੇ ਨਫ਼ੇ ਲਈ ਇਸ ਕੁਦਰਤ ਨੂੰ ਮਾਰ ਮਾਰ ਰਿਹਾ ਹੈ ਉਹ ਮਾਰ ਉਲਟੀ ਇੱਕ ਨਾ ਇੱਕ ਦਿਨ ਉਸ ਉੱਪਰ ਜ਼ਰੂਰ ਪੈਣੀ ਹੈ ।
ਇਨ੍ਹਾਂ ਬੇਮੌਸਮੀ ਹੜ੍ਹਾਂਦਾ ਮੁੱਖ ਕਾਰਨ ਮਨੁੱਖ ਹੀ ਹੈ ਅਤੇ ਇਸ ਨੂੰ ਸਹੀ ਸਥਿਤੀ ਵਿਚ ਵੀ ਮਨੁੱਖ ਹੀ ਲਿਆ ਸਕਦਾ ਹੈ । ਮਨੁੱਖ ਨੂੰ ਹੁਣ ਤਾਂ ਇਹ ਸਭ ਕੁਝ ਸਮਝਣਾ ਚਾਹੀਦਾ ਹੈ ਕਿ ਕੁਦਰਤ ਨਾਲ ਛੇੜਛਾੜ ਉਸ ਨੂੰ ਹੀ ਮਹਿੰਗੀ ਪਵੇਗੀ ਕੁਦਰਤ ਜਿਵੇਂ ਦੀ ਹੈ ਉਸ ਨੂੰ ਓਕਣ ਹੀ ਰਹਿਣ ਦੇਵੇ। ਉਸ ਨੂੰ ਖ਼ਤਮ ਕਰਨ ਦੀ ਬਜਾਏ ਉਸ ਨੂੰ ਪਿਆਰ ਨਾਲ ਸਤਿਕਾਰ ਨਾਲ ਹੋਰ ਵਧਾਉਣਾ ਚਾਹੀਦਾ ਹੈ ਨਾ ਕਿ ਆਪਣੇ ਕੁਝ ਨਫ਼ੇ ਲਈ ਉਸ ਨੂੰ ਖ਼ਤਮ ਕਰਨਾ ਚਾਹੀਦਾ ਹੈ .
ਉਮੀਦ ਹੈ ਕਿ ਜੋ ਵੀ ਇਨਸਾਨ ਇਸ ਗੱਲ ਨੂੰ ਪੜ੍ਹੇਗਾ ਸਮਝੇਗਾ ਉਹ ਕੁਦਰਤ ਨੂੰ ਖ਼ਤਮ ਕਰਨ ਦੀ ਬਜਾਏ ਉਸ ਨਾਲ ਪਿਆਰ ਕਰੇਗਾ ।
ਜਸਕੀਰਤ ਸਿੰਘ
ਮੰਡੀ ਗੋਬਿੰਦਗੜ੍ਹ
ਜ਼ਿਲ੍ਹਾ :- ਫਤਹਿਗੜ੍ਹ ਸਾਹਿਬ
ਸੰਪਰਕ :- 98889-49201
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly