(ਸਮਾਜ ਵੀਕਲੀ)
ਕੱਤਕ ਦਾ ਮਹੀਨਾ ਦੇਸੀ ਮਹੀਨੇ ਦਾ ਅੱਠਵਾਂ ਮਹੀਨਾ ਤੇ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਅਕਤੂਬਰ ਤੋਂ ਸ਼ੁਰੂ ਹੋ ਅੱਧ ਨਵੰਬਰ ਤਕ ਦਾ ਹੁੰਦਾ ਹੈ। ਇਸ ਤੋਂ ਪਹਿਲਾ ਆਏ ਅੱਸੂ ਦਾ ਮਹੀਨਾ ਜਿੱਥੇ ਰਾਤਾਂ ਮਿੰਨੀਆਂ-ਮਿੰਨੀਆਂ ਠੰਢੀਆਂ ਹੋਈਆਂ ਦਾ ਇਹਸਾਸ ਕਰਵਾ ਜਾਂਦਾ ਹੈ, ਉੱਥੇ ਹੀ ਕੱਤਕ ਦਾ ਮਹੀਨਾ ਤੇਜੀ ਨਾਲ ਸਿਆਲੂ ਰੁੱਤਾਂ ਵੱਲ ਵਧਦਾ ਹੈ। ਕੱਤਕ ਮਾਹ ਦੇ ਇਸ ਮਹੀਨੇ ‘ਚ ਵੱਡੀ ਮੋਸਮੀ ਤਬਦੀਲੀ ਆਉਂਦੀ ਹੈ। ਮਿੰਨੀਆਂ-ਮਿੰਨੀਆਂ ਠੰਢੀਆਂ ਹੋਈਆਂ ਦਿਨ ਤੇ ਰਾਤਾਂ ਮੌਸਮ ਨੂੰ ਖੁਸ਼ਗਵਾਰ ਬਣਾ ਦਿੰਦੀਆਂ ਹਨ।
ਮੱਠੇ-ਮੱਠੇ ਪਾਲੇ ਦਾ ਅਹਿਸਾਸਾਂ ਕਰਵਾਉਂਦਾ ਇਹ ਕੱਤਕ ਦਾ ਮਹੀਨਾ ਭੱਜੇ ਆਉਂਦੇ ਸਿਆਲੂ ਰੁੱਤ ਦੀਆਂ ਸ਼ੀਤ ਲਹਿਰਾਂ, ਦਿਨ-ਰਾਤ ਪੈਂਦੀਆਂ ਧੁੰਦਾਂ ਦੇ ਨਾਲ-ਨਾਲ ਪਹਿਲੇ ਪਹਿਰ ਫੁੱਲ-ਬੂਟਿਆਂ ਤੇ ਪਈ ਤ੍ਰੇਲ ਦੇ ਖੂਬਸੂਰਤ ਮਨੁੱਖੀ ਮਨ ਨੂੰ ਮੋਹ ਲੈਣ ਵਾਲੇ ਦਰਿਸ਼ ਅੱਖਾਂ ਅੱਗੇ ਇਸ ਮਹੀਨੇ ਦੇ ਆਗਾਜ਼ ਨਾਲ ਹੀ ਘੁੰਮਣ ਲੱਗ ਪੈਂਦੇ ਹਨ। ਕੱਤਕ ਦੇ ਮਹੀਨੇ ਨੂੰ ਮਨੁੱਖੀ ਮਨ ‘ਚ ਪ੍ਰੇਮ ਪੈਦਾ ਕਰਨ ਵਾਲਾ ਮਹੀਨਾ ਵੀ ਮੰਨਿਆ ਜਾਂਦਾ ਹੈ। ਕੱਤਕ ਦੇ ਮਹੀਨੇ ਠੰਡੀ-ਮਿੱਠੀ ਰੁੱਤ ਹੋਣ ਕਾਰਨ ਮਨੁੱਖੀ ਮਨ ‘ਚ ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਜਿਨ੍ਹਾਂ ਮੁਟਿਆਰਾਂ ਦੇ ਮਾਹੀ ਦੂਰ-ਦੁਰਾਡੇ ਕੰਮੀ ਗਏ ਹੋਣ, ਉਹ ਮੁਟਿਆਰਾਂ ਮਾਹੀ ਦੇ ਮਿਲਾਪ ਦੀ ਤਾਂਘ ‘ਚ ਤੜਪਦੀਆਂ ਜਾਪਦੀਆਂ।
ਹਰ ਮਹੀਨੇ ਦੀਆ ਆਪਣੀਆਂ ਖਾਸ ਰੁੱਤਾਂ, ਖਾਸ ਦਿਨ-ਤਿਉਹਾਰ ਤੇ ਮੋਸਮੀ ਰੰਗ ਹੁੰਦੇ ਹਨ। ਸਿਆਲੂ ਰੁੱਤ ਦੀਆ ਬਰੂਹਾਂ ਤੇ ਖੜ੍ਹਾ ਆਪਣਾ ਅਲੱਗ ਹੀ ਰੰਗ ਪੇਸ਼ ਕਰਦਾ ਇਹ ਕੱਤਕ ਦਾ ਮਹੀਨਾ ਭਾਰਤ ‘ਚ ਸਾਲ ਦੇ ਵੱਡੇ ਮੰਨੇ ਜਾਣ ਵਾਲੇ ਤਿਉਹਾਰਾਂ ਦਾ ਮਹੀਨਾ ਵੀ ਕਹਿਲਾਉਂਦਾ ਹੈ। ਕੱਤਕ ਦਾ ਮਹੀਨਾ ਦੂਜੇ ਦੇਸੀ ਮਹੀਨਿਆਂ ਤੋਂ ਕਿਸਾਨ-ਮਜਦੂਰਾਂ ਪਰੀਵਾਰਾਂ ਲਈ ਕੁਝ ਜਿਆਦਾ ਹੀ ਰੁਝੇਵਿਆ ਭਰਿਆ ਹੁੰਦਾ ਹੈ ਕਿਉ ਕਿ ਸੋਣੀ ਦੀਆ ਫ਼ਸਲਾ ਜਿਵੇ; ਝੋਨਾਂ, ਕਪਾਹ, ਨਰਮਾ, ਮੱਕੀ, ਬਾਜਰਾ ਫ਼ਸਲਾ ਦੀ ਸਾਂਭ ਸੰਭਾਲ ਕਰਨੀ ਤੇ ਨਾਲ ਹੀ ਹਾੜੀ ਦੀਆ ਫ਼ਸਲਾ ਜਿਵੇਂ ; ਕਣਕ, ਜੌਂ, ਛੋਲੇ, ਸਰੋਂ ਦੀ ਬੀਜਾਈ ਦਾ ਵੀ ਸਮਾਂ ਹੁੰਦਾ ਹੈ। ਸਿਆਲੂ ਰੁੱਤ ਸਿਰ ਤੇ ਆਈ ਵੇਖ ਚੁੱਲ੍ਹੇ-ਚੋਂਕੇ ਲਈ ਬਾਲਣ ਕੱਠਾ ਕਰਨਾ ਤੇ ਉਸ ਦੀ ਸਾਂਭ-ਸੰਭਾਲ ਦਾ ਫਿਕਰ ਵੱਖਰਾ ਹੁੰਦਾ ਸੀ ਤੇ ਨਾਲ ਹੀ ਇਸ ਮਹੀਨੇ ਕਈ ਛੋਟੇ-ਵੱਡੇ ਤਿਉਹਾਰ ਵੀ ‘ਆ ਜਾਂਦੇ ਹਨ ‘ਜੋ ਮਨੁੱਖ ਦੇ ਰੁਝੇਵੇਂ ਹੋਰ ਵਧਾ ਦਿੰਦੇ ਹਨ।
ਚੜ੍ਹਿਆ ਕੱਤਕ ਕੰਤ ਨਾ ਆਇਆ ਮੈਂ ਹੁਣ ਭਾਲਣ ਜਾਵਾਂਗੀ ।
ਦੇਸ ਬਦੇਸ ਫਿਰਾਂਗੀ ਭੌਂਦੀ ਜੋਗੀ ਭੇਸ ਬਨਾਵਾਂਗੀ ।
ਗੇਰੂ ਨਾਲ ਰੰਗਾਂਗੀ ਕਪੜੇ ਕੰਨ ਵਿਚ ਮੁੰਦ੍ਰਾਂ ਪਾਵਾਂਗੀ ।
ਸੱਸੀ ਵਾਂਗ ਹਿਦਾਯਤ ਮੈਂ ਭੀ ਥਲ ਵਿਚ ਜਾਨ ਗਵਾਵਾਂਗੀ ॥੮॥ (ਹਿਦਾਇਤਉਲਾ)
ਕੱਤਕ ਦੇ ਮਹੀਨੇ ਨੂੰ ਤਿੱਥ-ਤਿਉਹਾਰਾਂ ਦਾ ਮਹੀਨਾ ਵੀ ਮੰਨਿਆ ਜਾਂਦਾ ਹੈ ਇਸ ਮਹੀਨੇ ਕਈ ਛੋਟੇ-ਵੱਡੇ ਤਿਉਹਾਰਾਂ ਦੇ ਆਉਣ ਨਾਲ ਘਰਾਂ ਤੇ ਬਜ਼ਾਰਾਂ ‘ਚ ਦੀ ਰੌਣਕ ਵਧ ਜਾਂਦੀ ਹੈ, ਇਸ ਕੱਤਕ ਦੇ ਮਹੀਨੇ ਆਉਣ ਵਾਲੇ ਤਿਉਹਾਰਾਂ ਨੂੰ ਤਕਰੀਬਨ ਹਰ ਵਰਗ ਦੇ ਲੋਕ ਮਨਾਉਂਦੇ ਹਨ ਜਿਵੇਂ ; ਹਿੰਦੂ ਧਰਮ ਨਾਲ ਸੰਬੰਧਤ ਔਰਤਾਂ ‘ਕਰਵਾ ਚੌਥ ਦਾ ਵਰਤ’ ਜਿਸ ਨੂੰ ਵਿਆਹੀਆਂ ਔਰਤਾਂ ਆਪਣੇ ਸੁਹਾਗ ਦੀ ਲੰਮੀ ਉਮਰ ਦੀ ਕਾਮਨਾ ਲਈ ਰੱਖਦੀਆਂ ਹਨ, ਇਸ ਤਿਉਹਾਰ ਨੂੰ ਮਨਾਉਂਦੀਆਂ ਹਨ, ਇਹ ਤਿਉਹਾਰ ਕੱਤਕ ਦੇ ਹਨੇਰੇ ਪੱਖ ਦੀ ਚੌਥ ਨੂੰ ਆਉਂਦਾ ਹੈ। ਇਸ ਵਰਤ ‘ਚ ਔਰਤਾਂ ਵਲੋਂ ਸਾਰਾ ਦਿਨ ਨਾ ਤਾਂ ਅਨਾਜ ਤੋਂ ਬਾਣੀ ਕੋਈ ਵਸਤੂ ਖਾਣੀ ਹੁੰਦੀ ਹੈ ਤੇ ਨਾ ਹੀ ਪਾਣੀ ਪੀਣਾ ਹੁੰਦਾ ਹੈ। ਸਵੇਰੇ ਤਾਰਿਆਂ ਦੀ ਲੋਅ ‘ਚ ਰੋਟੀ ਆਦਿ ਖਾ ਕੇ ਰਾਤ ਨੂੰ ਚੰਦਰਮਾ ਵੇਖ ਕੇ ਹੀ ਵਰਤ ਤੋੜਿਆ ਜਾਂਦਾ ਹੈ।
ਕੱਤਕ ਦੇ ਮਹੀਨੇ ਦੀ ਮੱਸਿਆ ਨੂੰ ਉਤਰੀ ਭਾਰਤ ਦਾ ਮੁੱਖ ਤਿਉਹਾਰ ਦੀਵਾਲੀ ਦਾ ਹੁੰਦਾ ਹੈ, ਜੋ ਕੱਤਕ ਦੀ ਮੱਸਿਆ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਨਵਾਸ ਕੱਟ ਜਦੋਂ ਵਾਪਸ ਅਯੁੱਧਿਆ ਪਹੁੰਚੇ ਸਨ ਤਾਂ ਅਯੁੱਧਿਆ ਵਾਸੀਆਂ ਨੇ ਉਨ੍ਹਾਂ ਦੇ ਆਉਣ ਦੀ ਖੁਸ਼ੀ ‘ਚ ਘਰਾਂ ਵਿਚ ਦੀਪ-ਮਾਲਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਇਸੇ ਤਰਾਂ ਸਿੱਖ ਧਰਮ ‘ਚ ਬੰਦੀਛੋੜ ਦਿਵਸ ਦਾ ਤਿਉਹਾਰ ਕਾਫੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜੋ ਕਿ ਦੀਵਾਲੀ ਵਾਲੇ ਦਿਨ ਹੀ ਹੁੰਦਾ ਹੈ , ਕਿਉ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਆਪਣੇ ਨਾਲ ਉੱਥੇ ਕੈਦ 52 ਰਾਜਿਆਂ ਨੂੰ ਆਪਣੇ ਨਾਲ ਛੁਡਵਾ ਕੇ ਅੰਮ੍ਰਿਤਸਰ ਦੀ ਧਰਤੀ (ਪੰਜਾਬ ) ਪਹੁੰਚੇ ਸਨ। ਕੱਤਕ ਦੇ ਮਹੀਨੇ ‘ਚ ਆਏ ਇਨ੍ਹਾਂ ਤਿਉਹਾਰਾਂ ਨੂੰ ਤਕਰੀਬਨ ਸਾਰੇ ਹੀ ਧਰਮਾਂ ਦੇ ਲੋਕ ਮਨਾਉਂਦੇ ਹਨ। ਇਸ ਤੋਂ ਇਲਾਵਾ ਇਸ ਕੱਤਕ ਦੇ ਮਹੀਨੇ ‘ਚ ਝੱਕਰੀਆਂ, ਗੜਵੜੇ ਤੇ ਭਾਈ ਦੂਜ ਜਹਿ ਤਿਉਹਾਰ ਵੀ ਆਉਂਦੇ ਹਨ। ਇਸੇ ਤਰਾਂ ਪੁਰਾਤਨ ਸਮੇਂ ਤੋਂ ਕੱਤਕ ਦੀ ਪੂਰਨਮਾਸ਼ੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵੀ ਮਨਾਇਆ ਜਾਂਦਾ ਹੈ।
ਕੱਤਕ ਮਾਹ ਵਿਚ ਦੂਰ ਪਹਾੜੀਂ, ਕੂੰਜਾਂ ਦਾ ਕੁਰਲਾਣਾ,
ਨੂਰ-ਪਾਕ ਦੇ ਵੇਲੇ ਰੱਖ ਵਿਚ, ਚਿੜੀਆਂ ਦਾ ਚਿਚਲਾਣਾ,
ਕਾਲੀ ਰਾਤੇ ਸਰਕੜਿਆਂ ‘ਚੋਂ, ਪੌਣਾਂ ਦਾ ਲੰਘ ਜਾਣਾ,
ਇਹ ਮੇਰਾ ਗੀਤ, ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ! (ਸ਼ਿਵ ਕੁਮਾਰ ਬਟਾਲਵੀ)
ਕੱਤਕ ਮਾਹ ਦੀ ਗੱਲ ਹੋਵੇ ਤੇ ਕੂੰਜਾਂ ਦਾ ਜ਼ਿਕਰ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ, ਵੀਹਵੀਂ ਸਦੀ ਦੇ ਬੇਹੱਦ ਮਕਬੂਲ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਨੇ ਵੀ ਕੂੰਜਾਂ ਦਾ ਜ਼ਿਕਰ ਬਾਖੂਬ ਆਪਣੀਆਂ ਲਿਖਤਾਂ ‘ਚ ਕੀਤਾ। ਠੰਡੇ ਇਲਾਕੇ ਦਾ ਪੰਛੀ ‘ਕੂੰਜ’ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇ ; ਕਰਕਰਾ, ਕਰੇਨਸ, ਸਾਰਸ ਇਹ ਪੰਛੀ ਯੂਰੇਸ਼ੀਆ, ਮੰਗੋਲੀਆ ਅਤੇ ਚੀਨ ਦਾ ਜੱਦੀ ਵਸਨੀਕ ਪੰਛੀ ਹੈ। ਇਹ ਪੰਛੀ ਜਿਆਦਾਤਰ ਜੋੜਿਆਂ ਵਿਚ ਰਹਿੰਦੇ ਹਨ। ਇਹ ਪੰਛੀ ਹਰ ਸਾਲ ਕੱਤਕ ਦੇ ਮਹੀਨੇ ਹਜ਼ਾਰਾਂ ਮੀਲ ਦਾ ਅਤਿ ਕਠਿਨ ਸਫਰ ਤਹਿ ਕਰ ਪੰਜਾਬ ਸਮੇਤ ਭਾਰਤ ਦੇ ਅਲੱਗ-ਅਲੱਗ ਜਲਗਾਹਾਂ ਤੇ ਪਹੁੰਚਦੇ ਹਨ।
‘ਤਕਰੀਬਨ 26000 ਫੁੱਟ ਉਚੀਆਂ ਹਿਮਾਲਾ ਦੀਆਂ ਪਹਾੜੀਆਂ ਉਪਰੋਂ ਉਡਾਣ ਭਰ ਕੇ ਪਹੁੰਚਦੀਆਂ ਇਨ੍ਹਾਂ ਪਰਵਾਸੀ ਪੰਛੀਆਂ ਦੀਆਂ ਡਾਰਾ ਇਸ ਤਰ੍ਹਾਂ ਹਰ ਸਾਲ ਆਵਾਜਾਈ ਬਣਾਈ ਰੱਖਦੀਆਂ ਹਨ ਤੇ ਨਾਲ ਹੀ ਇਹ ਪ੍ਰਵਾਸੀ ਪੰਛੀ ‘ਕੂੰਜ’ ਵਿਸਾਖੀ ਤੋਂ ਪਹਿਲਾਂ-ਪਹਿਲਾਂ ਆਪਣੇ ਵਤਨੀਂ ਵਾਪਸ ਪਰਤ ਜਾਂਦੀਆਂ ਹਨ। ਸਾਡੇ ਪੰਜਾਬੀ ਸੱਭਿਆਚਾਰ ‘ਚ ਕੱਤਕ ਮਾਹ, ਧੀਆਂ ਤੇ ਕੂੰਜਾਂ ਦਾ ਵਰਣਨ ਕਈ ਲੋਕ ਬੋਲੀਆਂ, ਲੋਕ ਗੀਤਾਂ ਤੇ ਬੁਝਾਰਤ ‘ਚ ਵੀ ਆਉਂਦਾ ਹੈ। ਕੱਤਕ ਦੇ ਮਹੀਨੇ ਨੂੰ ‘ਕੱਤਕ’ ਤੋਂ ਇਲਾਵਾਂ ਕੱਤਾ, ਕੱਤੇ ਤੇ ਹੋਰ ਭਾਸ਼ਾਵਾਂ ‘ਚ ਅਲੱਗ-ਅਲੱਗ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ; ਹਿੰਦੀ ਭਾਸ਼ਾ ‘ਚ ਕਾਰਤਿਕ, ਫਾਰਸੀ ਭਾਸ਼ਾ ‘ਚ ਪ੍ਰਵੀਨ, ਅਰਬੀ ਭਾਸ਼ਾ ‘ਚ ਸੋਰਯਾ ਤੇ ਅੰਗਰੇਜ਼ੀ ਭਾਸ਼ਾ ‘ਚ ਪਲੀਅਡੀਜ ਕਿਹਾ ਜਾਂਦਾ ਹੈ। ਸੋ ਇਹ ਦੇਸੀ ਮਹੀਨੇ, ਇਨ੍ਹਾਂ ਦੇ ਮੌਸਮ, ਇਨ੍ਹਾਂ ਮਹੀਨਿਆਂ ‘ਚ ਆਏ ਦਿਨ-ਤਿਉਹਾਰ ਸਾਡੀ ਜਿੰਦਗੀ ‘ਚ ਵਿਸ਼ੇਸ਼ ਸਥਾਨ ਰੱਖਦੇ ਹਨ।
ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,
ਸੰਪਰਕ : 98550 10005
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly