(ਸਮਾਜ ਵੀਕਲੀ)
ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ। ਹਰ ਪਾਸੇ ਚਮਕ ਹੀ ਚਮਕ ਹੁੰਦੀ ਹੈ। ਸਾਨੂੰ ਸੱਭ ਨੂੰ ਦੀਵਾਲੀ ਦੇ ਇਤਿਹਾਸ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਤੱਥਾਂ ਤੇ ਝਾਤ ਮਾਰੀਏ ਤਾਂ ਇਸ ਦਿਨ ਸ੍ਰੀ ਰਾਮ ਜੀ ਚੌਦਾਂ ਵਰ੍ਹਿਆਂ ਦਾ ਵਣਵਾਸ ਪੂਰਾ ਕਰਕੇ ਅਤੇ ਰਾਵਣ ਨੂੰ ਮਾਰ ਕੇ ਅਯੋਧਿਆ ਪਰਤੇ ਸਨ। ਦੂਜਾ ਇਹ ਕਿ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਨਾਲ਼ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਗਵਾਲੀਅਰ ਦੇ ਕਿਲ੍ਹੇ ਚੋਂ ਬਾਹਰ ਆਏ ਸਨ। ਇਹਨਾਂ ਖੁਸ਼ੀ ਦੇ ਮੌਕਿਆਂ ਕਰਕੇ ਲੋਕਾਂ ਨੇ ਦੀਵੇ ਬਾਲੇ਼ ਸਨ।
ਦੀਵੇ ਬਾਲਣ ਤਕ ਤਾਂ ਸੱਭ ਠੀਕ ਹੈ ਪਰ ਇਸ ਦਿਨ ਪਟਾਕੇ ਚਲਾਉਣ ਦਾ ਰਿਵਾਜ਼ ਪਤਾ ਨਹੀਂ ਕਦੋਂ ਸ਼ੁਰੂ ਹੋ ਗਿਆ। ਅੱਜਕਲ ਲੋਕ ਲੱਖਾਂ ਕਰੋੜਾਂ ਦੇ ਪਟਾਕੇ ਫੂਕ ਦਿੰਦੇ ਹਨ। ਰੰਗ ਬਿਰੰਗੇ ਬੱਲਬ ਜਗਾਏ ਜਾਂਦੇ ਹਨ। ਮਿਠਾਈਆਂ ਰੱਜ ਕੇ ਵੰਡੀਆਂ ਤੇ ਖਾਧੀਆਂ ਜਾਂਦੀਆਂ ਹਨ ਭਾਵੇਂ ਉਹ ਨਕਲੀ ਹੀ ਹੋਣ।
ਬੇਸ਼ੱਕ ਸਾਡਾ ਦੇਸ਼ ਵਿਕਾਸਸ਼ੀਲ ਦੇਸ਼ ਹੈ। ਗਰੀਬੀ ਅਤੇ ਮਜ਼ਬੂਰੀ ਹਰ ਥਾਂ ਵੱਸਦੀ ਹੈ, ਪਰ ਤਿਉਹਾਰਾਂ ਦੇ ਦਿਨਾਂ ਵਿੱਚ ਲੋਕਾਂ ਦੀ ਫਜ਼ੂਲ ਖਰਚੀ ਖ਼ੂਬ ਦੇਖਣ ਨੂੰ ਮਿਲਦੀ ਹੈ। ਪਤਾ ਨਹੀਂ ਐਨੇ ਪੈਸਿਆਂ ਨੂੰ ਅੱਗ ਲਗਾ ਕੇ ਕੀ ਤੱਸਲੀ ਮਿਲ਼ਦੀ ਹੈ?ਮਾਫ਼ ਕਰਨਾ ਪਰ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਬਹੁਤ ਵੱਡੀ ਬੇਵਕੂਫ਼ੀ ਹੈ।
ਬਾਕੀ ਪਟਾਕਿਆਂ ਦੇ ਨੁਕਸਾਨ ਤੋਂ ਵੀ ਅਸੀਂ ਸਾਰੇ ਭਲੀ-ਭਾਂਤ ਜਾਣੂੰ ਹਾਂ। ਇੱਕ ਤਾਂ ਵਾਤਾਵਰਣ ਦਾ ਨੁਕਸਾਨ, ਦੂਜਾ ਸਮੇਂ ਅਤੇ ਪੈਸੇ ਦੀ ਬਰਬਾਦੀ ,ਤੀਜਾ ਅੰਗ ਪੈਰ ਵੀ ਸੜ ਜਾਂਦੇ ਹਨ । ਕਈ ਵਾਰੀ ਤਾਂ ਪਟਾਕਿਆਂ ਦੇ ਵੱਡੇ ਵੱਡੇ ਸਟੋਰਾਂ ਅਤੇ ਫੈਕਟਰੀਆਂ ਵਿੱਚ ਅੱਗ ਲੱਗ ਜਾਂਦੀ ਹੈ। ਕਈ ਥਾਂ ਲੋਕ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ।
ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਆਉਂਦੇ ਹਨ। ਇਹਨਾਂ ਸਾਰੇ ਤਿਉਹਾਰਾਂ ਦੇ ਨਾਲ਼ ਕੋਈ ਨਾ ਕੋਈ ਪਰੰਪਰਾ ਜਾਂ ਸਿੱਖਿਆ ਜ਼ਰੂਰ ਜੁੜੀ ਹੋਈ ਹੈ। ਹਰ ਤਿਉਹਾਰ ਖੁਸ਼ੀਆਂ ਦਾ ਸੁਨੇਹਾਂ ਲੈ ਕੇ ਆਉਂਦਾ ਹੈ। ਪਰ ਅਸੀਂ ਖ਼ੁਦ ਹੀ ਇਹਨਾਂ ਦੀ ਦੁਰਵਰਤੋਂ ਕਰਕੇ ਦੁੱਖ ਸਹੇੜ ਲੈਂਦੇ ਹਾਂ। ਕਈ ਮੂਰਖ਼ ਲੋਕ ਇਹਨਾਂ ਤਿਉਹਾਰਾਂ ਤੇ ਸ਼ਰਾਬ ਪੀ ਕੇ ਤੇ ਜੂਏ ਖੇਡ ਕੇ ਆਪਸ ਵਿੱਚ ਲੜਦੇ ਮਰਦੇ ਹਨ। ਇਹਨਾਂ ਕੁਰੀਤੀਆਂ ਵਿੱਚ ਪੈ ਕੇ ਆਪਣਾ ਅਤੇ ਆਪਣਿਆਂ ਦਾ ਤਿਉਹਾਰਾਂ ਦਾ ਸਾਰਾ ਮਜ਼ਾ ਕਿਰਕਿਰਾ ਕਰ ਬਹਿੰਦੇ ਹਾਂ।
ਇਸ ਲਈ ਸਾਨੂੰ ਬਾਹਰ ਰੌਸ਼ਨੀਆਂ ਬਾਲਣ ਤੋਂ ਪਹਿਲਾਂ ਆਪਣੇ ਅੰਦਰ ਚਾਨਣ ਕਰਨਾ ਚਾਹੀਦਾ ਹੈ। ਪਟਾਕਿਆਂ ਦੀ ਬੇਫਜੂ਼ਲ ਠਾਹ ਠਾਹ ਦੀ ਥਾਂ ਹਾਸਿਆਂ ਦੇ ਠਹਾਕੇ ਹੋਣ ਤਾਂ ਹੀ ਅਸਲੀ ਦਿਵਾਲੀ ਮਨਾਈ ਜਾ ਸਕਦੀ ਹੈ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly