ਏਅਰ ਇੰਡੀਆ ਨੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਮੁੱਖ ਉਡਾਣਾਂ ਦੀ ਬੁਕਿੰਗ ਕੀਤੀ ਰੱਦ

ਸਮੀਪ ਸਿੰਘ ਗੁਮਟਾਲਾ

ਹਜੂਰ ਸਾਹਿਬ ਨਾਂਦੇੜ ਅਤੇ ਰੋਮ ਦੀਆਂ ਉਡਾਣਾਂ ਨੂੰ ਬੰਦ ਕੀਤੇ ਜਾਣ ਦਾ ਖਦਸ਼ਾ

(ਸਮਾਜ ਵੀਕਲੀ): ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨੇ ਏਅਰ ਇੰਡੀਆ ਵਲੋਂ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸਿੱਖਾਂ ਦੇ ਪੰਜ ਤਖਤਾਂ ਵਿਚੋਂ ਇਕ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤ ਇਟਲੀ ਦੇ ਇਤਿਹਾਸਕ ਸ਼ਹਿਰ ਰੋਮ ਲਈ ਚਲ ਰਹੀਆਂ ਸਿੱਧੀਆਂ ਉਡਾਣਾਂ ਨੂੰ 31 ਅਕਤੂਬਰ ਤੋਂ ਬਾਦ ਵੀ ਚਾਲੂ ਰੱਖਣ ਦੀ ਮੰਗ ਕੀਤੀ ਹੈ।

ਪ੍ਰੈਸ ਨੂੰ ਜਾਰੀ ਇਕ ਵਿਸ਼ੇਸ਼ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਪੰਜਾਬ ਦੇ ਮੁੱਖ-ਮੰਤਰੀ ਸ. ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧਿਆਨ ਦਵਾਓਂਦੇ ਹੋਏ ਉਹਨਾਂ ਨੂੰ ਇਸ ਮਸਲੇ ਸੰਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਸ੍ਰੀ ਜਯੋਤੀਰਾਦਿੱਤਿਆ ਸਿੰਧੀਆਂ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ।

ਗੁਮਟਾਲਾ ਨੇ ਸਰਦ ਰੁੱਤ ਦੀ ਸਮਾਂ ਸੂਚੀ ਵਿੱਚ ਇਹਨਾਂ ਉਡਾਣਾਂ ਦੀ ਬੁਕਿੰਗ ਰੱਦ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵਲੌਂ ਏਅਰ ਇੰਡੀਆ ਨੂੰ ਟਾਟਾ ਸੰਨਜ਼ ਲਿਮੀਟਿਡ ਦੇ ਹਵਾਲੇ ਕਰਨ ਤੋਂ ਪਹਿਲਾਂ ਗੁਰੁ ਕੀ ਨਗਰੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਇਕ ਵੱਡਾ ਝਟਕਾ ਲੱਗ ਸਕਦਾ ਹੈ। ਆਉਂਦੇ ਨਵੰਬਰ ਮਹੀਨੇ ਤੋਂ ਏਅਰ ਇੰਡੀਅ ਦੀ ਬਹੁਤ ਹੀ ਪ੍ਰਸਿੱਧ ਨਾਂਦੇੜ – ਅੰਮ੍ਰਿਤਸਰ ਸਿੱਧੀ ਉਡਾਣ ਦੀ ਬੁਕਿੰਗ ਏਅਰਲਾਈਨ ਜਾਂ ਟਰੈਵਲ ਏਜੰਸੀਆਂ ਦੀ ਵੈਬਸਾਈਟ ‘ਤੇ ਉਪਲੱਬਧ ਨਹੀਂ ਹੈ। ਇਹੀ ਨਹੀਂ ਹਫਤੇ ਵਿੱਚ ਕੇਵਲ ਇਕ ਦਿਨ ਚਲਾਈ ਜਾਂਦੀ ਦਿੱਲੀ – ਅੰਮ੍ਰਿਤਸਰ – ਰੋਮ ਸਿੱਧੀ ਉਡਾਣ ਦੀ ਬੁਕਿੰਗ ਵੀ 30 ਅਕਤੂਬਰ ਤੋਂ ਬਾਦ ਵੈਬਸਾਈਟ ਤੇ ਬੰਦ ਕਰ ਦਿੱਤੀ ਗਈ ਹੈ। ਏਅਰ ਇੰਡੀਆ ਵਲੋਂ ਆਪਣੀ ਵੈਬਸਾਈਟ ਤੇ ਦਿੱਤੀ ਗਈ ਅੰਤਰਰਾਸ਼ਟਰੀ ਉਡਾਣਾਂ ਦੀ ਸਮਾਸੂਚੀ ਵਿੱਚ ਹੁਣ 28 ਅਕਤੂਬਰ ਤੋਂ ਬਾਦ ਇਹ ਉਡਾਣ ਉਪਲੱਬਧ ਨਹੀਂ ਹੈ।

ਉਹਨਾਂ ਦੱਸਿਆ ਕਿ ਏਅਰ ਇੰਡੀਆ ਇਸ ਸਮੇਂ ਹਫਤੇ ਵਿੱਚ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਵਾਲੇ ਦਿਨ ਨਾਂਦੇੜ ਉਡਾਣ ਦਾ ਸੰਚਾਲਨ ਕਰ ਰਹੀ ਹੈ। ਇਹ ਦਿੱਲੀ ਤੋਂ ਸਵੇਰੇ ਅੰਮ੍ਰਿਤਸਰ ਲਈ ਉਡਾਣ ਭਰਦੀ ਹੈ ਅਤੇ ਫਿਰ ਸਵੇਰੇ 6:50 ਵਜੇ ਨਾਂਦੇੜ ਲਈ ਰਵਾਨਾ ਹੁੰਦੀ ਹੈ। ਇਸ ਉਡਾਣ ਨਾਲ ਅੰਮ੍ਰਿਤਸਰ – ਨਾਂਦੇੜ ਦਰਮਿਆਨ ਯਾਤਰਾ ਲਈ ਸਿਰਫ ਢਾਈ ਘੰਟੇ ਦਾ ਸਮਾਂ ਲੱਗਦਾ ਹੈ। ਨਾਂਦੇੜ ਸਿੱਖ ਭਾਈਚਾਰੇ ਲਈ ਵੀ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ ਅਤੇ ਇਸ ਉਡਾਣ ਦੇ ਮੁਅੱਤਲ ਹੋਣ ਨਾਲ ਸ਼ਰਧਾਲੂਆਂ ਨੂੰ ਭਾਰੀ ਪਰੇਸ਼ਾਨੀ ਹੋਵੇਗੀ।

ਗੁਮਟਾਲਾ ਨੇ ਅੱਗੇ ਦੱਸਿਆ ਕਿ, ਅੰਮ੍ਰਿਤਸਰ-ਨਾਂਦੇੜ ਦੇ ਵਿਚਕਾਰ ਸਿੱਧੀ ਉਡਾਣ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ ਤੋਂ ਪੰਜਾਬ ਆਓਣ ਵਾਲੇ ਪ੍ਰਵਾਸੀ ਪੰਜਾਬੀ ਅਤੇ ਪੰਜਾਬ ਦੇ ਨਾਲ ਨਾਲ ਦੂਜੇ ਗੁਆਂਢੀ ਰਾਜਾਂ ਦੇ ਯਾਤਰੀ ਵੀ ਦਰਸ਼ਨ ਕਰਨ ਲਈ ਇਸ ਉਡਾਣ ਰਾਹੀਂ ਜਾਂਦੇ ਹਨ। ਇਹ ਸਿੱਧੀ ਉਡਾਣ ਬੜੇ ਲੰਮੇ ਸਮੇਂ ਤੋਂ ਪੰਜਾਬੀਆਂ ਦੁਆਰਾ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਕੇ ਸ਼ੁਰੂ ਕੀਤੀ ਗਈ ਸੀ। ਇਸ ਦੇ ਬੰਦ ਹੋਣ ਨਾਲ ਦੇਸ਼-ਵਿਦੇਸ਼ ਦੇ ਤੋਂ ਸ਼ਰਧਾਲੂਆ ਦੇ ਵਿਚ ਰੋਸ ਦੀ ਲਹਿਰ ਫੈਲ ਗਈ ਹੈ।

ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਦੇ ਭਾਰਤ ਵਿੱਚ ਕਨਵੀਨਰ ਯੋਗੇਸ਼ ਕਾਮਰਾ ਜੋ ਕਿ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ ਦਾ ਕਹਿਣਾ ਹੈ ਕਿ ਏਅਰ ਇੰਡੀਆ ਵਲੋਂ ਕੋਵਿਡ ਦੋਰਾਨ ਇਹਨਾਂ ਉਡਾਣਾਂ ਵਿੱਚ 70 ਪ੍ਰਤੀਸ਼ਤ ਤੋਂ ਵੱਧ ਯਾਤਰੀਆਂ ਦੇ ਸਫਰ ਕਰਨ ਦੇ ਬਾਵਜੂਦ ਵੀ ਬੰਦ ਕੀਤਾ ਜਾ ਰਿਹਾ ਹੈ।

ਕਾਮਰਾ ਨੇ ਦੱਸਿਆ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਏਅਰ ਇੰਡੀਆ ਵਲੌ 23 ਅਕਤੂਬਰ ਨੂੰ ਇਕ ਟਵੀਟ ਕੀਤਾ ਗਿਆ ਕਿ ਅੰਮ੍ਰਿਤਸਰ ਤੋਂ ਨਾਂਦੇੜ ਲਈ ਸਿੱਧੀ ਉਡਾਣ ਭਰੋ ਤੇ ਇਸ ਲਈ ਬੁਕਿੰਗ ਸਾਡੀ ਵੈਬਸਾਈਟ ਤੇ ਕਰੋ। ਉਹਨਾਂ ਕਿਹਾ ਕਿ ਇਸ ਟਵੀਟ ਤੋਂ ਬਾਦ ਮੇਰੇ ਸਮੇਤ ਕਈਆਂ ਹੋਰਨਾਂ ਵਲੋਂ ਵੀ ਏਅਰ ਇੰਡੀਆ ਨੂੰ ਸਵਾਲ ਵੀ ਕੀਤੇ ਜਾ ਰਹੇ ਹਨ ਕਿ ਇਹ ਉਡਾਣ ‘ਤੇ ਨਵੰਬਰ ਤੋਂ ਉਪਲੱਬਧ ਹੀ ਨਹੀਂ ਹੈ ਪਰ ਏਅਰ ਇੰਡੀਆ ਵਲੋਂ ਇਸ ਦਾ ਕੋਈ ਜਵਾਬ ਨਹੀ ਦਿੱਤਾ ਗਿਆ।

ਉਹਨਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅੰਮ੍ਰਿਤਸਰ ਤੋਂ ਰੋਮ ਅਤੇ ਮਿਲਾਨ ਲਈ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਕਈ ਪ੍ਰਾਈਵੇਟ ਚਾਰਟਰ ਉਡਾਣਾਂ ਸਪਾਈਸਜੈੱਟ, ਇੰਡੀਗੋ ਅਤੇ ਹੁਣ ਇਟਲੀ ਦੀ ਨਿਓਜ਼ ਏਅਰ ਵਲੋਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਰੂਟ ਤੇ ਬਹੁਤ ਵੱਡੀ ਗਿਣਤੀ ਵਿੱਚ ਯਾਤਰੀ ਸਫਰ ਕਰਦੇ ਹਨ। ਇਸ ਲਈ ਏਅਰ ਇੰਡੀਆ ਉਡਾਣਾਂ ਦੀ ਗਿਣਤੀ ਵਧਾਓਣ ਦੀ ਥਾਂ ਤੇ ਹਫਤੇ ਵਿੱਚ ਇਕ ਦਿਨ ਚਲਦੀ ਇਸ ਉਡਾਣ ਨੂੰ ਵੀ ਬੰਦ ਕਰ ਰਹੀ ਹੈ ਜੋ ਕਿ ਮੰਦਭਾਗੀ ਗੱਲ ਹੈ।

ਉਹਨਾਂ ਦੱਸਿਆ ਕਿ ਮੈਂ ਇਹ ਮਾਮਲਾ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔੁਜਲਾ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਅਸੀੰ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਏਅਰ ਇੰਡੀਆ ਦੇ ਸੀਐਮਡੀ ਨੂੰ ਵੀ ਇਸ ਫੈਸਲੇ ’ਤੇ ਮੁੜ ਸਮੀਖਿਆ ਕਰਨ ਦੀ ਅਪੀਲ ਕਰਦੇ ਹਾਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸੱਚੇ ਰੰਗ”
Next articleBHAGWAN VALMIKI PARGAT UTSAB