ਮਾਨਸਾ (ਸਮਾਜ ਵੀਕਲੀ) ( ਔਲਖ ) ਡੇਂਗੂ ਬੁਖਾਰ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰ ਹੁਣ ਤੱਕ ਲੱਗਭੱਗ 42 ਕੇਸ ਸਾਹਮਣੇ ਆਏ ਹਨ। ਪਿਛਲੇ ਦਿਨੀਂ ਸਿਵਲ ਸਰਜਨ ਮਾਨਸਾ ਡਾ ਹਤਿੰਦਰ ਕੌਰ ਕਲੇਰ ਵੱਲੋਂ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਸਿਹਤ ਸੁਪਰਵਾਈਜ਼ਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਫੀਲਡ ਵਿੱਚ ਜਾਗਰੁਕਤਾ ਗਤੀਵਿਧੀਆਂ ਤੇਜ਼ ਕਰਨ ਬਾਰੇ ਚਰਚਾ ਕੀਤੀ ਗਈ। ਭਾਂਵੇ ਕੋਵਿਡ ਟੀਕਾਕਰਨ ਡਿਊਟੀਆਂ ਦੇ ਚਲਦਿਆਂ ਜਾਗਰੂਕਤਾ ਮੁਹਿੰਮ ਨੂੰ ਪੂਰਾ ਸਮਾਂ ਨਹੀਂ ਦਿੱਤਾ ਜਾ ਸਕਦਾ ਫਿਰ ਵੀ ਮਲਟੀਪਰਪਜ ਹੈਲਥ ਵਰਕਰਾਂ ਅਤੇ ਮਲਟੀਪਰਪਜ ਹੈਲਥ ਸੁਪਰਵਾਈਜਰਾਂ ਵਲੋਂ ਆਪਣੇ ਏਰੀਏ ਵਿੱਚ ਮਲੇਰੀਆ ਅਤੇ ਡੇਗੂ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਸਿਹਤ ਕਾਮਿਆਂ ਵੱਲੋਂ ਪਿੰਡਾਂ ਵਿੱਚ ਗੁਰੂ ਘਰਾਂ ਵਿੱਚ ਅਨਾਊਂਸਮੈਂਟ ਕਰਵਾ ਕੇ, ਨੁੱਕੜ ਮੀਟਿੰਗਾਂ ਕਰਕੇ ਅਤੇ ਘਰਾਂ ਦਾ ਸਰਵੇਖਣ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਲੜ੍ਹੀ ਤਹਿਤ ਅੱਜ ਪਿੰਡ ਹੀਰੇਵਾਲਾ ਵਿਖੇ ਇੱਕ ਨੁੱਕੜ ਮੀਟਿੰਗ ਦੌਰਾਨ ਸਿਹਤ ਮੁਲਾਜ਼ਮ ਚਾਨਣ ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਥੋੜੀ ਜਿਹੀ ਸਾਵਧਾਨੀ ਨਾਲ ਆਲੇ-ਦੁਆਲੇ ਨੂੰ ਡੇਂਗੂ ਦੇ ਕਹਿਰ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਘਰਾਂ ਵਿੱਚ ਸਾਫ ਪਾਣੀ ਦੇ ਸੋਮੇਂ ਜਿਵੇਂ ਘੜੇ, ਟੈਂਕੀਆਂ ਆਦਿ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਕੂਲਰਾਂ ਗਮਲਿਆਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਣਾ ਚਾਹੀਦਾ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਦਾ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਕਰਮਜੀਤ ਸਿੰਘ, ਜਗਸੀਰ ਸਿੰਘ ਪੰਚ, ਘੁਤਰਾ ਸਿੰਘ, ਸਿਕੰਦਰ ਸਿੰਘ, ਹਰਜੀਤ ਕੌਰ, ਅਮਰਜੀਤ ਕੌਰ, ਬਲਜੀਤ ਕੌਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly