ਤਿੰਨ ਖੇਤੀ ਕਾਨੂੰਨ ਲਿਆਉਣ ਪਿੱਛੇ ਕਿਤੇ ਕੈਪਟਨ ਤੇ ਭਾਜਪਾ ਦੀ ਮਿਲੀਭੁਗਤ ਤਾਂ ਨਹੀਂ ਸੀ: ਕਾਂਗਰਸ

Congress.

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਨੇ ਅੱਜ ਕਿਹਾ ਕਿ ਸੀਨੀਅਰ ਪਾਰਟੀ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡ ਕੇ ਜਾਣ ਨਾਲ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਏਗਾ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕੀ ਤਿੰਨ ਖੇਤੀ ਕਾਨੂੰਨਾਂ ਨੂੰ ਲਿਆਉਣ ਪਿੱਛੇ ਉਨ੍ਹਾਂ ਤੇ ਭਾਜਪਾ ਦੀ ਮਿਲੀਭੁਗਤ ਤਾਂ ਨਹੀਂ ਸੀ।

ਕਾਂਗਰਸ ਦੇ ਤਰਜਮਾਨ ਗੌਰਵ ਵੱਲਭ ਨੇ ਕਿਹਾ, ‘‘ਜਿਵੇਂ ਬਿਆਨ ਜਨਤਕ ਕੀਤੇ ਜਾ ਰਹੇ ਹਨ, ਉਸ ਤੋਂ ਇਹੀ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਤਿੰਨ ਖੇਤੀ ਕਾਨੂੰਨਾਂ ਨੂੰ ਲਿਆਉਣ ਪਿੱਛੇ ਕੈਪਟਨ ਤੇ ਭਾਜਪਾ ਦੀ ਮਿਲੀਭੁਗਤ ਤਾਂ ਨਹੀਂ ਸੀ।’’ ਤਰਜਮਾਨ ਨੇ ਕਿਹਾ ਕਿ ਅਮਰਿੰਦਰ ਦੇ ਬਿਆਨ ਇਹ ਸ਼ਾਹਦੀ ਭਰਦੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਦਾ ਫੈਸਲਾ ਸਹੀ ਸੀ। ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਹੋਰਨਾਂ ਆਗੂਆਂ ਦੀ ਮੌਜੂਦਗੀ ਵਿੱਚ  ਅੱਜ ਹੋਈ ਮੀਟਿੰਗ ਦੌਰਾਨ ਇਸ ਮੁੱਦੇ ’ਤੇ ਵੀ ਚਰਚਾ ਹੋਈ। ਸੂਤਰਾਂ ਮੁਤਾਬਕ ਕਾਂਗਰਸ ਅਜਿਹੇ ਆਗੂਆਂ ਦੀ ਅਨੁਮਾਨਿਤ ਸੂਚੀ ਤਿਆਰ ਕਰ ਰਹੀ ਹੈ, ਜਿਨ੍ਹਾਂ ਦੇ ਪਾਰਟੀ ਛੱਡਣ ਦੇ ਆਸਾਰ ਹਨ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਨੇੜਲੇ ਲੋਕਾਂ ਦੇ ਪਾਰਟੀ ਛੱਡਣ ਦੀਆਂ ਸੰਭਾਵਨਾਵਾਂ   ਬਹੁਤ ਘੱਟ ਹਨ।

ਸਾਬਕਾ ਮੁੱਖ ਮੰਤਰੀ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਕੀਤੇ ਐਲਾਨ ਮਗਰੋਂ ਕਾਂਗਰਸੀ ਆਗੂਆਂ ਵੱਲੋਂ ਕੈਪਟਨ ਦੇ ਹਰ ਕਦਮ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ਨਾਲ ਹੱਥ ਮਿਲਾਉਣ ਦੇ ਕੈਪਟਨ ਦੇ ਇਸ਼ਾਰੇ ਮਗਰੋਂ ਕਾਂਗਰਸੀ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਤੋਂ ਦੂਰੀ ਬਣਾ ਲਈ ਹੈ। ਹਰੀਸ਼ ਰਾਵਤ ਨੇ ਕਿਹਾ, ‘‘ਕੈਪਟਨ ਦੇ ਉਪਰੋਕਤ ਫੈਸਲੇ ਨਾਲ ਕਾਂਗਰਸ ਨੂੰ ਬਹੁਤਾ ਫ਼ਰਕ ਨਹੀਂ ਪੈਣਾ। ਪਾਰਟੀ ਦੀ ਕਾਰਗੁਜ਼ਾਰੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਕੰਮਾਂ ’ਤੇ ਮੁਨੱਸਰ ਕਰੇਗੀ।’’ ਰਾਵਤ ਨੇ ਕਿਹਾ ਕਿ ਅਮਰਿੰਦਰ ਨੇ ਸ਼ਾਇਦ ਆਪਣੇ ਅੰਦਰਲੇ ਧਰਮਨਿਰਪੱਖ ਅਮਰਿੰਦਰ ਨੂੰ ਮਾਰ ਦਿੱਤਾ ਹੈ…ਉਹ ਪਿਛਲੇ ਇਕ ਸਾਲ ਤੋਂ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਬਿਠਾ ਕੇ ਰੱਖਣ ਲਈ ਕਿਵੇਂ ਮੁਆਫ਼ ਕਰਨਗੇ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰਿੰਦਰ ‘ਮੌਕਾਪ੍ਰਸਤ’, ਪੰਜਾਬ ਨਾਲ ਧੋਖਾ ਕੀਤਾ: ਰੰਧਾਵਾ
Next articleਰਾਹੁਲ ਗਾਂਧੀ ਨੂੰ ਮਿਲੇ ਹਰੀਸ਼ ਰਾਵਤ, ਅਸਤੀਫ਼ੇ ਦੀ ਇੱਛਾ ਜਤਾਈ