ਤਾਇਵਾਨ: ਰਿਹਾਇਸ਼ੀ ਇਮਾਰਤ ’ਚ ਅੱਗ ਨਾਲ 46 ਮੌਤਾਂ

ਤੇਪਈ (ਸਮਾਜ ਵੀਕਲੀ) : ਦੱਖਣੀ ਤਾਇਵਾਨ ਦੀ ਰਿਹਾਇਸ਼ੀ ਇਮਾਰਤ ’ਚ ਅੱਗ ਲੱਗਣ ਕਾਰਨ 46 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਘੱਟੋ-ਘੱਟ 41 ਜਣੇ ਝੁਲਸ ਗਏ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਸਾਂਝੀ ਕੀਤੀ। ਕਾਓਸਿਉਂਗ ਸ਼ਹਿਰ ਦੇ ਫਾਇਰ ਅਧਿਕਾਰੀਆਂ ਨੇ ਦੱਸਿਆ ਕਿ 13 ਮੰਜ਼ਿਲਾ ਇਮਾਰਤ ਨੂੰ ਵੀਰਵਾਰ ਤੜਕੇ ਤਿੰਨ ਵਜੇ ਅੱਗ ਲੱਗ ਗਈ। ਅੱਗ ਤੇਜ਼ ਹੋਣ ਕਾਰਨ ਕਈ ਮੰਜ਼ਿਲਾਂ ਨੂੰ ਨੁਕਸਾਨ ਪੁੱਜਿਆ।

ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਇਰ ਚੀਫ ਲੀ ਚਿੰਗ-ਹਸ਼ਿਊ ਨੇ ਦੱਸਿਆ ਕਿ 11 ਲਾਸ਼ਾਂ ਨੂੰ ਸਿੱਧਾ ਮੁਰਦਾਘਰ ਅਤੇ 55 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵੱਲੋਂ ਮੌਤਾਂ ਦੀ ਪੁਸ਼ਟੀ ਕੀਤੀ ਗਈ। ਤਾਇਵਾਨੀ ਟੈਲੀਵਿਜ਼ਨ ਵੱਲੋਂ ਦਿਖਾਈਆਂ ਗਈਆਂ ਵੀਡੀਓਜ਼ ਵਿੱਚ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਇਮਾਰਤ ਦੀਆਂ ਹੇਠਲੀਆਂ ਮੰਜ਼ਿਲਾਂ ਤੋਂ ਧੂੰਆਂ ਨਿਕਲ ਰਿਹਾ ਹੈ। ਇਸ ਦੌਰਾਨ ਅੱਗ ਬੁਝਾਊ ਦਸਤੇ ਦੇ ਮੈਂਬਰ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਸਨ। ਅੱਗ ਬੁਝਾਊ ਵਿਭਾਗ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਅੱਗ ਲੱਗਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹੋਏ। ਚਸ਼ਮਦੀਦਾਂ ਨੇ ਤਾਇਵਾਨੀ ਮੀਡੀਆ ਨੂੰ ਦੱਸਿਆ ਕਿ ਕਿ ਉਨ੍ਹਾਂ ਨੂੰ ਤੜਕੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜ਼ਿਕਰਯੋਗ ਹੈ ਕਿ ਇਹ ਇਮਾਰਤ ਲਗਪਗ 40 ਸਾਲ ਪੁਰਾਣੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਇਡਨ ਨੇ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਪੈਂਟਾਗਨ ’ਚ ਸੌਂਪੀ ਅਹਿਮ ਜ਼ਿੰਮੇਵਾਰੀ
Next articleHealth Minister should apologise for photo with ex-PM in AIIMS: Congress