ਗੁਲਾਬੀ ਸੁੰਡੀ ਨੇ ਕਿਸਾਨੀ ਦੇ ਤਿੰਨ ਹਜ਼ਾਰ ਕਰੋੜ ਚੱਟੇ

ਚੰਡੀਗੜ੍ਹ (ਸਮਾਜ ਵੀਕਲੀ) : ਨਰਮਾ ਪੱਟੀ ਦੇ ਇਕੱਲੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ’ਚ ਗੁਲਾਬੀ ਸੁੰਡੀ ਨੇ ਕਿਸਾਨਾਂ ਨੂੰ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸੱਟ ਮਾਰੀ ਹੈ| ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਨਰਮੇ ਦੀ ਸੌ ਫ਼ੀਸਦੀ ਫ਼ਸਲ ਤਬਾਹ ਹੋ ਗਈ ਹੈ| ਮਾਲ ਵਿਭਾਗ ਪੰਜਾਬ ਨੇ ਪ੍ਰਭਾਵਿਤ ਫ਼ਸਲਾਂ ਦੀ ਗਿਰਦਾਵਰੀ ਕਰਨ ਮਗਰੋਂ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ ਜਿਸ ’ਚ ਇਹ ਤੱਥ ਉੱਭਰੇ ਹਨ|

ਮਾਲ ਵਿਭਾਗ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਕੁੱਲ 2.43 ਲੱਖ ਏਕੜ ਰਕਬਾ ਨਰਮੇ ਹੇਠ ਹੈ। ਇਸ ’ਚੋਂ ਵੱਡੇ ਰਕਬੇ ’ਚ ਨਰਮੇ ਦੀ ਫ਼ਸਲ 76 ਤੋਂ ਸੌ ਫ਼ੀਸਦ ਤੱਕ ਨੁਕਸਾਨੀ ਗਈ ਹੈ ਜਦਕਿ 150 ਏਕੜ ਰਕਬੇ ਦਾ ਨੁਕਸਾਨ ਥੋੜ੍ਹਾ ਘੱਟ ਹੋਇਆ ਹੈ| ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਕੁੱਲ 1.52 ਲੱਖ ਏਕੜ ਰਕਬੇ ’ਚੋਂ ਸੌ ਫ਼ੀਸਦੀ ਫ਼ਸਲ 76 ਤੋਂ 100 ਫ਼ੀਸਦੀ ਪ੍ਰਭਾਵਿਤ ਹੋਈ ਹੈ| ਸੰਗਰੂਰ ਜ਼ਿਲ੍ਹੇ ਵਿਚ ਕੁੱਲ 6600 ਏਕੜ ਰਕਬੇ ’ਚ ਨਰਮਾ ਬੀਜਿਆ ਗਿਆ ਜਿਸ ’ਚੋਂ 4092 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ|

ਗਿਰਦਾਵਰੀ ਰਿਪੋਰਟ ਦੇ ਆਧਾਰ ’ਤੇ ਬਠਿੰਡਾ ਮਾਨਸਾ ਜ਼ਿਲ੍ਹਿਆਂ ਦੇ ਨਰਮਾ ਕਾਸ਼ਤਕਾਰਾਂ ਦਾ 3081 ਕਰੋੜ ਰੁਪਏ ਨੁਕਸਾਨ ਹੋਇਆ ਹੈ| ਲੰਘੇ ਵਰ੍ਹੇ ਇਨ੍ਹਾਂ ਜ਼ਿਲ੍ਹਿਆਂ ਵਿਚ ਨਰਮੇ ਦਾ ਪ੍ਰਤੀ ਏਕੜ ਝਾੜ 14 ਕੁਇੰਟਲ ਰਿਹਾ ਸੀ| ਇਸੇ ਤਰ੍ਹਾਂ ਮੌਜੂਦਾ ਭਾਅ ਵੱਲ ਵੇਖੀਏ ਤਾਂ ਬਠਿੰਡਾ ਜ਼ਿਲ੍ਹੇ ਵਿਚ 5890 ਤੋਂ 7910 ਰੁਪਏ ਪ੍ਰਤੀ ਕੁਇੰਟਲ ਅਤੇ ਮਾਨਸਾ ਜ਼ਿਲ੍ਹੇ ਵਿਚ 5800 ਰੁਪਏ ਤੋਂ ਲੈ ਕੇ 7750 ਰੁਪਏ ਪ੍ਰਤੀ ਕੁਇੰਟਲ ਤੱਕ ਨਰਮਾ ਵਿਕ ਰਿਹਾ ਹੈ| ਐਤਕੀਂ ਔਸਤਨ 12 ਕੁਇੰਟਲ ਪ੍ਰਤੀ ਏਕੜ ਦੇ ਝਾੜ ਅਤੇ 6500 ਰੁਪਏ ਪ੍ਰਤੀ ਕੁਇੰਟਲ ਦਾ ਔਸਤਨ ਭਾਅ ਹੋਣ ਦੇ ਲਿਹਾਜ਼ ਨਾਲ ਮਾਨਸਾ ਜ਼ਿਲ੍ਹੇ ਵਿਚ ਨੁਕਸਾਨੀ ਫ਼ਸਲ ਕਰ ਕੇ ਕਿਸਾਨਾਂ ਦਾ 1185 ਕਰੋੜ ਅਤੇ ਬਠਿੰਡਾ ਜ਼ਿਲ੍ਹੇ ’ਚ 1895 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋ ਚੁੱਕਾ ਹੈ|

ਸਰਕਾਰੀ ਰਿਪੋਰਟ ਅਨੁਸਾਰ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਕਰੀਬ  3081 ਕਰੋੜ ਦੀ ਫ਼ਸਲ ਨੁਕਸਾਨੀ ਗਈ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਖ਼ਰਾਬੇ ਦਾ ਮੁਆਵਜ਼ਾ 477.76 ਕਰੋੜ ਰੁਪਏ ਦਿੱਤਾ ਜਾਣਾ ਹੈ। ਇਸ ’ਚ ਕੇਂਦਰ ਸਰਕਾਰ ਵੱਲੋਂ 216.11 ਕਰੋੜ ਅਤੇ ਰਾਜ ਸਰਕਾਰ ਨੇ 261.65 ਕਰੋੜ ਰੁਪਏ ਦੀ ਹਿੱਸੇਦਾਰੀ ਪਾਉਣੀ ਹੈ। ਸਮੁੱਚੀ ਨਰਮਾ ਪੱਟੀ ਵਿਚ ਗੁਲਾਬੀ ਸੁੰਡੀ ਕਰਕੇ 3.96 ਲੱਖ ਏਕੜ ਫ਼ਸਲ 76 ਤੋਂ 100 ਫ਼ੀਸਦੀ ਤਬਾਹ ਹੋਈ ਹੈ। ਕੁਝ ਵਰ੍ਹੇ ਪਹਿਲਾਂ ਜਦੋਂ ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਸੀ ਤਾਂ ਉਦੋਂ 23 ਹਜ਼ਾਰ ਕਰੋੜ ਦੀ ਫ਼ਸਲ ਨੁਕਸਾਨੀ ਗਈ ਸੀ ਅਤੇ ਸਰਕਾਰ ਨੇ ਕਿਸਾਨਾਂ ਨੂੰ 643 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਸੀ। ਬੀਕੇਯੂ (ਉਗਰਾਹਾਂ) ਨੇ 3 ਅਕਤੂਬਰ ਤੋਂ ਖ਼ਜ਼ਾਨਾ ਮੰਤਰੀ ਦੀ ਪਿੰਡ ਬਾਦਲ ਵਿਚਲੀ ਰਿਹਾਇਸ਼ ਨੂੰ ਢੁੱਕਵਾਂ ਮੁਆਵਜ਼ਾ ਲੈਣ ਲਈ ਘੇਰਿਆ ਹੋਇਆ ਹੈ।

ਮੁੱਖ ਮੰਤਰੀ ਨੇ ਗਿਰਦਾਵਰੀ ’ਤੇ ਉਂਗਲ ਉਠਾਈ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਗੁਲਾਬੀ ਸੁੰਡੀ ਕਾਰਨ ਹੋਏ ਖ਼ਰਾਬੇ ਦੇ ਮਾਮਲੇ ’ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਜਿਸ ਵਿਚ ਗਿਰਦਾਵਰੀ ਦੀ ਪੇਸ਼ ਰਿਪੋਰਟ ’ਤੇ ਮੁੱਖ ਮੰਤਰੀ ਨੇ ਉਂਗਲ ਉਠਾਈ ਹੈ ਅਤੇ ਉਨ੍ਹਾਂ ਮਾਲ ਵਿਭਾਗ ਨੂੰ ਹੋਈ ਗਿਰਦਾਵਰੀ ਦੀ ਮੁੜ ਚੈਕਿੰਗ ਕਰਨ ਵਾਸਤੇ ਹਦਾਇਤ ਕੀਤੀ ਹੈ। ਚੰਨੀ ਨੇ ਮੀਟਿੰਗ ਵਿਚ ਕਿਹਾ ਕਿ ਬਾਜ਼ਾਰ ਵਿਚ ਨਰਮੇ ਦੀ ਫ਼ਸਲ ਵੀ ਆ ਰਹੀ ਹੈ ਤੇ ਇੱਧਰ ਗਿਰਦਾਵਰੀ ਮੁਤਾਬਿਕ ਸਮੁੱਚੀ ਫ਼ਸਲ ਦੀ ਤਬਾਹੀ ਦਿਖਾਈ ਜਾ ਰਹੀ ਹੈ। ਪਤਾ ਲੱਗਾ ਹੈ ਕਿ ਹੁਣ ਮਾਲ ਮਹਿਕਮੇ ਵੱਲੋਂ ਕਾਨੂੰਗੋਆਂ ਤੋਂ ਪੜਤਾਲ ਕਰਾਈ ਜਾਣੀ ਹੈ।

ਬਾਜ਼ਾਰ ਗਰਮ, ਤਿਉਹਾਰ ਠੰਢੇ

ਮੰਡੀ ਬੋਰਡ ਪੰਜਾਬ ਦੇ ਰਿਕਾਰਡ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਹੁਣ ਤੱਕ 84,685 ਕੁਇੰਟਲ ਨਰਮੇ ਦੀ ਖ਼ਰੀਦ ਹੋ ਚੁੱਕੀ ਹੈ ਜਦਕਿ ਮਾਨਸਾ ਜ਼ਿਲ੍ਹੇ ਵਿਚ 91,165 ਕੁਇੰਟਲ ਫ਼ਸਲ ਖ਼ਰੀਦੀ ਜਾ ਚੁੱਕੀ ਹੈ। ਭਾਰਤੀ ਕਪਾਹ ਨਿਗਮ ਨੇ ਹਾਲੇ ਖ਼ਰੀਦ ਸ਼ੁਰੂ ਨਹੀਂ ਕੀਤੀ ਹੈ ਅਤੇ ਸਮੁੱਚੀ ਫ਼ਸਲ ਵਪਾਰੀ ਖ਼ਰੀਦ ਰਿਹਾ ਹੈ। ਐਤਕੀਂ ਨਰਮੇ ਦਾ ਭਾਅ ਉੱਚਾ ਹੈ ਪਰ ਗੁਲਾਬੀ ਸੁੰਡੀ ਨੇ ਫ਼ਸਲ ਝੰਬ ਦਿੱਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਬੁਲ ਦੇ ਗੁਰਦੁਆਰੇ ’ਚ ਮੁੜ ਹਥਿਆਰਬੰਦ ਦਾਖਲ
Next articleItaly mandates ‘Green Pass’ rule for workers