ਸ੍ਰੀਨਗਰ (ਸਮਾਜ ਵੀਕਲੀ): ਜੰਮੂ ਤੇ ਕਸ਼ਮੀਰ ਦੇ ਪੁਣਛ ਵਿੱਚ ਗਹਿਗੱਚ ਮੁਕਾਬਲੇ ਦੌਰਾਨ ਇਕ ਜੇਸੀਓ ਸਮੇਤ ਪੰਜ ਭਾਰਤੀ ਫੌਜੀਆਂ ਦੇ ਸ਼ਹੀਦ ਹੋਣ ਤੋਂ ਇਕ ਦਿਨ ਮਗਰੋਂ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਖ਼ਿਲਾਫ਼ ਕੀਤੀ ਇਕ ਵੱਡੀ ਕਾਰਵਾਈ ਵਿੱਚ ਸ਼ੋਪੀਆਂ ਵਿੱਚ ਅੱਜ ਦੋ ਵੱਖ ਵੱਖ ਮੁਕਾਬਲਿਆਂ ਵਿੱਚ ਦਿ ਰਜ਼ਿਸਟੈਂਸ ਫਰੰਟ (ਟੀਆਰਐੱਫ) ਦੇ ਤਿੰਨ ਦਹਿਸ਼ਤਗਰਦਾਂ ਸਮੇਤ ਪੰਜ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਪੁਲੀਸ ਤਰਜਮਾਨ ਨੇ ਕਿਹਾ ਕਿ ਦਹਿਸ਼ਤਗਰਦਾਂ ਦੇ ਮਾਰੇ ਜਾਣ ਨਾਲ ਸ੍ਰੀਨਗਰ ਤੇ ਬਾਂਦੀਪੋਰਾ ਵਿੱਚ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਦੇ ਚਾਰ ਕੇਸ ਸੁਲਝ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਵਿੱਚ ਸੋਮਵਾਰ ਸ਼ਾਮ ਨੂੰ ਸ਼ੋਪੀਆਂ ਦੇ ਤੁਲਰਾਨ, ਇਮਾਮਸਾਹਿਬ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਸੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਇਲਾਕੇ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਪੁਖਤਾ ਜਾਣਕਾਰੀ ਸੀ।
ਤਲਾਸ਼ੀ ਦੌਰਾਨ ਇਕ ਥਾਂ ਲੁਕੇ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗੋਲੀ ਚਲਾ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਤਿੰਨ ਦਹਿਸ਼ਤਗਰਦ ਮਾਰੇ ਗਏ, ਜਿਨ੍ਹਾਂ ਦਾ ਸਬੰਧ ਲਸ਼ਕਰ-ਏ-ਤੋਇਬਾ ਦੇ ਫਰੰਟ ਵਜੋਂ ਕੰਮ ਕਰਦੇ ‘ਟੀਆਰਐੱਫ’ ਨਾਲ ਦੱਸਿਆ ਜਾਂਦਾ ਹੈ। ਤਰਜਮਾਨ ਨੇ ਕਿਹਾ ਕਿ ਇਹ ਪੂਰਾ ਅਪਰੇਸ਼ਨ ਸੋਮਵਾਰ ਰਾਤ ਨੂੰ ਸ਼ੁਰੂ ਹੋਇਆ ਸੀ ਤੇ ਇਸ ਦੌਰਾਨ ਦਹਿਸ਼ਤਗਰਦਾਂ ਨੂੰ ਵਾਰ ਵਾਰ ਗੋਡੇ ਟੇਕਣ ਲਈ ਵੀ ਆਖਿਆ ਗਿਆ, ਪਰ ਉਨ੍ਹਾਂ ਸਾਂਝੀ ਸਰਚ ਪਾਰਟੀ ’ਤੇ ਅੰਨ੍ਹੇਵਾਹ ਗੋਲੀਬਾਰੀ ਜਾਰੀ ਰੱਖੀ। ਤਰਜਮਾਨ ਨੇ ਕਿਹਾ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਦਾਨਿਸ਼ ਹੁਸੈਨ ਡਾਰ, ਯਾਵਰ ਹੁਸੈਨ ਨਾਇਕੂ ਤੇ ਮੁਖ਼ਤਾਰ ਅਹਿਮਦ ਸ਼ਾਹ ਵਜੋਂ ਦੱਸੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਮਾਰੇ ਗਏ ਤਿੰਨੋਂ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਦੀ ਫਰੰਟ ਵਜੋਂ ਕੰਮ ਕਰਦੀ ਟੀਆਰਐੱਫ ਨਾਲ ਸਬੰਧਤ ਸਨ।
ਕਸ਼ਮੀਰ ਜ਼ੋਨ ਪੁਲੀਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਤੇ ਗੋਲੀਸਿੱਕੇ ਤੋਂ ਇਲਾਵਾ ਭੜਕਾਊ ਸਮੱਗਰੀ ਬਰਾਮਦ ਹੋਈ ਹੈ। ਆਈਜੀਪੀ (ਕਸ਼ਮੀਰ) ਵਿਜੈ ਕੁਮਾਰ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਮੁਖ਼ਤਾਰ ਅਹਿਮਦ ਸ਼ਾਹ, ਜੋ ਗੰਦਰਬਲ ਦਾ ਵਸਨੀਕ ਹੈ, ਪਿਛਲੇ ਦਿਨੀਂ ਬਿਹਾਰ ਨਾਲ ਸਬੰਧਤ ਫੇਰੀ ਵਾਲੇ ਵੀਰੇਂਦਰ ਪਾਸਵਾਨ ਦੀ ਹੱਤਿਆ ਵਿੱਚ ਸ਼ਾਮਲ ਸੀ। ਮਗਰੋਂ ਉਹ ਸ਼ੋਪੀਆਂ ਚਲਾ ਗਿਆ ਸੀ। ਪਾਸਵਾਨ ਨੂੰ 5 ਅਕਤੂਬਰ ਨੂੰ ਉੱਘੇ ਕੈਮਿਸਟ ਐੱਮ.ਐੱਲ.ਬਿੰਦਰੂ ਦੀ ਉਹਦੀ ਫਾਰਮੇਸੀ ਨੇੜੇ ਹੱਤਿਆ ਮਗਰੋਂ ਸ਼ਹਿਰ ਦੇ ਹਵਾਲ ਖੇਤਰ ਵਿੱਚ ਉਸ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ। ਇਸ ਦੌਰਾਨ ਦੋ ਦਹਿਸ਼ਤਗਦ ਸ਼ੋਪੀਆਂ ਦੇ ਫੀਰੀਪੋਰਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਮਾਰੇ ਗਏ, ਜਿਨ੍ਹਾਂ ਦੀ ਪਛਾਣ ਉਬੇਮ ਅਹਿਮਦ ਡਾਰ ਤੇ ਖੁਬੇਬ ਅਹਿਮਦ ਨੈਂਗਰੂ ਵਜੋਂ ਹੋਈ ਹੈ। ਇਥੇ ਵੀ ਸੁਰੱਖਿਆ ਬਲਾਂ ਕੋਲ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਪੁਖਤਾ ਜਾਣਕਾਰੀ ਸੀ, ਜਿਸ ਆਧਾਰ ’ਤੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly