(ਸਮਾਜ ਵੀਕਲੀ)
ਡਾਕਟਰ ਭੀਮ ਰਾਓ ਅੰਬੇਡਕਰ ਨੂੰ ਸੰਸਾਰ ਭਰ ਵਿੱਚ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਵਜੋਂ ਜਾਣਿਆ ਜਾਂਦਾ ਹੈ ਤਾਂ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਮਹਾਤਮਾ ਦਾ ਦਰਜਾ ਪ੍ਰਾਪਤ ਹੈ। ਭਾਰਤ ਦੇ ਸਮਾਜਿਕ ਤੇ ਰਾਜਨੀਤਿਕ ਗਲਿਆਰਿਆਂ ਵਿੱਚ ਇੱਨ੍ਹਾਂ ਦੋਨਾਂ ਸ਼ਖਸ਼ੀਅਤਾਂ ਦੀ ਵਿਚਾਰਧਾਰਾ ਅੰਤਰਵਿਰੋਧੀ ਰਹੀ ਹੈ। ਅਜੋਕੇ ਭਾਰਤ ਵਿੱਚ ਦੋਨਾਂ ਦੇ ਪੈਰੋਕਾਰ ਹਨ, ਗਾਂਧੀਵਾਦੀ ਤੇ ਅੰਬੇਡਕਰਵਾਦੀ।ਦੋਨੋਂ ਤਬਕਿਆਂ ਵਿੱਚ ਵਿਚਾਰਧਾਰਕ ਮੱਤਭੇਦ ਨਿਰੰਤਰ ਕ੍ਰਿਆਸ਼ੀਲ ਹਨ ਜਿਵੇਂ ਸ਼ਾਸਕ ਤੇ ਸ਼ੋਸ਼ਿਤ ਵਿੱਚ ਹਮੇਸ਼ਾਂ ਵਿਰੋਧੀ ਸੁਰਾਂ ਪਨਪਦੀਆਂ ਰਹਿੰਦੀਆਂ ਹਨ।
ਮਹਾਤਮਾ ਗਾਂਧੀ ਜਾਤੀਗਤ ਪਿਰਾਮਿੱਡ ਨੂੰ ਭਾਰਤ ਦੀ ਸਮਾਜਿਕ ਵਿਵਸਥਾ ਦਾ ਅਧਾਰ ਮੰਨਦਾ ਸੀ।ਮਹਾਤਮਾ ਗਾਂਧੀ ਨੇ ਗੁਜਰਾਤੀ ਰਸਾਲੇ “ਨਵਜੀਵਨ” ਵਿੱਚ ਲਿਖਿਆ ਸੀ ,“ਮੇਰਾ ਵਿਸ਼ਵਾਸ ਹੈ ਕਿ ਜੇ ਹਿੰਦੂ ਸਮਾਜ ਆਪਣੇ ਪੈਰਾਂ ਉੱਪਰ ਖੜ੍ਹ ਸਕਿਆ ਹੈ ਤਾਂ ਇਸਦੀ ਨੀਂਹ ਜਾਤੀ ਵਿਵਸਥਾ ਉੱਪਰ ਰੱਖੀ ਗਈ ਹੈ। ਵਿਰਾਸਤੀ ਸਿੱਧਾਂਤ ਇੱਕ ਸਦੀਵੀ ਸਿੱਧਾਂਤ ਹੈ।ਇਸਨੁੰ ਬਦਲਣ ਨਾਲ ਗੜਬੜ ਪੈਦਾ ਹੋ ਜਾਵੇਗੀ।ਮੇਰੇ ਲਈ ਬ੍ਰਾਹਮਣ ਹੋਣ ਦਾ ਕੀ ਲਾਭ ਜੇ ਮੈਂ ਉਸਨੂੰ ਪੂਰੀ ਜਿੰਦਗੀ ਬ੍ਰਾਹਮਣ ਨਾ ਕਹਿ ਸਕਾਂ।ਜੇ ਨਿੱਤ ਦਿਨ ਕਿਸੇ ਬ੍ਰਾਹਮਣ ਨੂੰ ਸ਼ੂਦਰ ਬਣਾ ਦਿੱਤਾ ਜਾਵੇ ਅਤੇ ਸ਼ੂਦਰ ਨੂੰ ਬ੍ਰਾਹਮਣ ਤਾਂ ਅਜਿਹਾ ਕਰਨ ਨਾਲ ਅਰਾਜਕਤਾ ਫੈਲ ਜਾਵੇਗੀ”।ਮਹਾਤਮਾ ਇੱਕ ਪਾਸੇ ਜਾਤੀ ਪ੍ਰਥਾ ਦੇ ਹਾਮੀ ਸਨ ਤਾਂ ਦੂਜੇ ਪਾਸੇ ਜਾਤੀਆਂ ਵਿੱਚ ਊਚ ਨੀਚ ਦੇ ਨਿੰਦਕ ਵੀ ਸਨ।
ਜਦਕਿ ਅੰਬੇਡਕਰ ਨੇ 1916 ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਸੈਮੀਨਾਰ ਵਾਸਤੇ “ਭਾਰਤ ਵਿੱਚ ਜਾਤੀਆਂ “ਦੇ ਨਾਂ ਦਾ ਇੱਕ ਲੇਖ ਲਿਖਿਆ ਅਤੇ ਜਾਤੀੌ ਦੀ ਪ੍ਰੀਭਾਸ਼ਾ ਦਿੰਦਿਆਂ ਆਖਿਆ “ਇਹ ਇੱਕ ਐਸੀ ਵਿਵਸਥਾ ਹੈ ਜਿਸ ਵਿੱਚ ਜਿੰਨ੍ਹਾਂ ਤੁਸੀਂ ਉੱਪਰ ਜਾਂਦੇ ਹੋ(ਵਰਣ ਵਿਵਸਥਾ)ਮਾਣ-ਸਨਮਾਨ ਵਧਦਾ ਜਾਂਦਾ ਹੈ ਜਿੰਨਾ ਹੇਠਾਂ ਨੂੰ ਜਾਂਦੇ ਹੋ ਘਿਰਣਾ ਅਪਮਾਨ ਵਧਦਾ ਜਾਂਦਾ ਹੈ” ਭੀਮ ਰਾਓ ਅੰਬੇਡਕਰ ਦਾ ਪ੍ਰਤੀਕਰਮ ਸੀ ਕਿ ਜਾਤੀਵਾਦ ਦਾ ਬੀਜ ਨਾਸ਼ ਹੀ ਮਨੁੱਖਤਾ ਪ੍ਰਤੀ ਸਰਵ ਕਲਿਆਣਕਾਰੀ ਪਹੁੰਚ ਹੈ।
ਭਾਰਤੀ ਸਮਾਜਿਕ ਵਿਵਸਥਾ ਚਾਰ ਵਰਣਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੇ ਮੱਕੜਜਾਲ ਵਿੱਚੋਂ ਨਹੀਂ ਨਿੱਕਲਣਾ ਚਾਹੁੰਦੀ ਕਿਉਕਿ ਇਹ ਹਾਕਮ ਜਮਾਤਾਂ ਦਾ ਬ੍ਰਹਮਾ ਅਸਤਰ ਹੀ ਨਹੀਂ ਬਲਕਿ ਰਾਜਨੀਤਿਕ ਹੱਥਕੰਡਾ ਵੀ ਹੈ।
ਇਸਨੂੰ ਵਿਡੰਬਨਾ ਹੀ ਕਹਾਂਗੇ ਕਿ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਬੱਚਾ ਬੱਚਾ ਮਹਾਤਮਾ ਨੂੰ ਤਾਂ ਜਾਣਦਾ ਹੈ ਪਰ ਮਸੀਹਾ ਤੋਂ ਅਣਜਾਣ ਹੈ।ਅੰਬੇਡਕਰ ਬਹੁਤ ਲਿਖਦੇ ਸਨ,ਬਹੁਤ ਸਾਰੀਆਂ ਕਿਤਾਬਾਂ ਦੇ ਲੇਖਕ ਹਨ ਇਹ ਬਦਕਿਸਮਤੀ ਹੈ ਕਿ ਜਿਵੇਂ ਮਹਾਤਮਾ ਗਾਂਧੀ,ਜਵਾਹਰ ਲਾਲ ਨਹਿਰੂ ਜਾਂ ਵਿਵੇਕਾਨੰਦ ਦੀਆਂ ਲਿਖੀਆਂ ਕਿਤਾਬਾਂ ਲਾਇਬ੍ਰੇਰੀਆਂ ਅਤੇ ਕਿਤਾਬਾਂ ਦੀਆਂ ਦੁਕਾਨਾਂ ਵਿੱਚ ਅਲਮਾਰੀਆਂ ਦਾ ਸ਼ਿੰਗਾਰ ਹਨ ਅੰਬੇਡਕਰ ਦੀਆਂ ਕਿਤਾਬਾਂ ਭਾਲਿਆਂ ਵੀ ਨਹੀਂ ਮਿਲਦੀਆਂ। ਅੰਬੇਡਕਰ ਦੀਆ ਲਿਖੀਆਂ ਕਿਤਾਬਾਂ,ਫਲਸਫਾ,ਵਿਚਾਰਧਾਰਾ ਅਤੇ ਜਾਤੀਵਾਦ ਵਿਰੋਧੀ ਭਾਸਣਾਂ ਨੂੰ ਆਮ ਲੋਕਾਂ ਵਿੱਚ ਤਾਂ ਕੀ ਬਲਕਿ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਮਹਿਜ ਖਾਨਾਪੂਰਤੀ ਤੱਕ ਹੀ ਸੀਮਤ ਰੱਖਿਆ ਗਿਆ।ਕਿਓ ਜੋ ਅੰਬੇਡਕਰਵਾਦ ਵਰਣ ਵਿਵਸਥਾ ਨੂੰ ਲਲਕਾਰਦਾ ਹੈ,ਰਾਜ ਭਾਗ ਤੇ ਸ਼ਾਸਨ ਵਿੱਚ ਬਰਾਬਰੀ ਦੀ ਮੰਗ ਕਰਦਾ ਹੈ,ਮੂਲਨਿਵਾਸੀ ਹੋਣ ਦੇ ਦਾਅਵੇ ਕਰਦਿਆਂ ਸੱਤਾ ਸਿੰਘਾਸ਼ਨ ਦੀ ਕੁਰਸੀ ਤੇ ਆਪਣਾ ਹੱਕ ਚਿਤਾਰਦਾ ਹੈ।
ਗਾਂਧੀ ਅਤੇ ਅੰਬੇਡਕਰ ਦੋਨੋਂ ਹੀ ਵੱਖਰੇ ਵੱਖਰੇ ਦ੍ਰਿਸ਼ਟੀਕੋਣਾਂ, ਜਾਤੀਆ ਅਤੇ ਹਿੱਤਾਂ ਨਾਲ ਜੁੜੇ ਹੋਏ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਸਨ।ੳਨੁਂ੍ਹਾਂ ਨੇ ਜੋ ਵੀ ਕਿਹਾ ਜਾਂ ਕੀਤਾ ਉਸਦਾ ਸਮਕਾਲੀ ਸਿਆਸਤ ਅਤੇ ਸਮਾਜਿਕ ਦਾਇਰਿਆਂ ਤੇ ਡੂੰਘਾ ਅਸਰ ਪਿਆ ਜੋ ਅੱਜ ਵੀ ਜਾਰੀ ਹੈ।ਦੱਬੇ ਕੁਚਲਿਆ ਨੂੰ ਰਾਜਸੀ ਹਿੱਤਾਂ ਤਹਿਤ ਵੋਟਾਂ ਭਰਮਾਉਣ ਦੇ ਮਨਸੂਬੇ ਨਾਲ ਬਾਬਾ ਸਾਹਿਬ ਦੇ ਹਜਾਰਾਂ, ਲੱਖਾਂ ਬੁੱਤ ਸਥਾਪਿਤ ਕੀਤੇ ਗਏ ਪਰ ਬੁੱਤਾਂ ਨੂੰ ਪੂਜਣ ਤੋਂ ਇਲਾਵਾ ਉਸਦੀ ਵਿਚਾਰਧਾਰਾ ਦੇ ਫੈਲਾਅ ਤੇ ਕਾਰਗਰ ਯਤਨ ਨਾ ਕਰਨੇ ਹਾਕਮ ਜਮਾਤਾਂ ਦੀ ਨੀਤ ਤੇ ਨੀਤੀ ਨੂੰ ਨੰਗਾ ਕਰਦੇ ਹਨ।ਵਿਚਾਰਧਾਰਾ ਤੋਂ ਕੋਹਾਂ ਦੂਰ ਰੱਖਦਿਆਂ, ਬੁੱਤਾਂ ਨੂੰ ਮਹਿਜ ਪੂਜਣ ਤੱਕ ਹੀ ਸੀਮਤ ਕੀਤਾ ਗਿਆ।
ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਨੇ ਸਮਾਜਿਕ.ਆਰਥਿਕ,ਧਾਰਮਿਕ,ਰਾਜਨਿਤਕ ਪੱੱਧਰਾਂ ਤੇ ਸਦੀਆਂ ਤੋਂ ਅਣਮਨੁੱਖੀ ਭੇਦ ਭਾਵ ਅਤੇ ਤਸ਼ੱਦਦ ਦੇ ਵਿਰੋਧ ਵਿੱਚ ਅਛੂਤਾਂ ਦੇ ਪੱਖ ਵਿੱਚ ਅਵਾਜ ਉਠਾਈ।ਕਿਓ ਜੋ ਇਹ ਭਾਰਤੀ ਸਮਾਜਿਕ ਪ੍ਰਣਾਲੀ ਵਿੱਚ ਸ਼ਾਸ਼ਨ ਕਰਨ ਵਾਲੀਆਂ ਜਮਾਤਾਂ ਵੱਲੋਂ ਵਰਣ ਵਿਵਸਥਾ ਦੇ ਗੁੰਝਲਦਾਰ ਤਾਣੇ ਬਾਣੇ ਵਿੱਚ ਸਭ ਤੋਂ ਹੇਠਲੀ ਜਮਾਤ ਸ਼ੂਦਰ ਕਹਾਉਂਦੇ ਸਨ।
ਡਾਕਟਰ ਅੰਬੇਡਕਰ ਅਨੁਸਾਰ ਭਾਰਤੀ ਸਮਾਜ ਪੂਰੀ ਤਰ੍ਹਾਂ ਗੈਰ-ਲੋਕਤੰਤਰੀ ਸੀ ਜਿਸ ਵਿੱਚ ਜਿੱਥੇ ਕਿ ਲੋਕਾਂ ਨੂੰ ਜਮਾਤਾਂ ਅਤੇ ਜਾਤਾਂ ਵਿੱਚ ੳਨੁੰਂ੍ਹਾਂ ਦੀਆਂ ਯੋਗਤਾਵਾਂ ,ਬੁੱਧੀ ਜਾਂ ਕੰੰਮਾਂ ਦੇ ਅਧਾਂਰ ਤੇ ਨਹੀਂ ਵੰਡਿਆਂ ਗਿਆਂ ਬਲਕਿ ਜਨਮ ਦੇ ਅਧਾਰ ਤੇ ਵੰਡਿਆ ਗਿਆ ਹੈ।
ਡਾਕਟਰ ਅੰਬੇਡਕਰ ਦਾ ਮੁਖ ਮਿਸ਼ਨ ਦੱਬੇ ਕੁਚਲੇ ਲੋਕਾਂ ਨੂੰ ਉੱਚ ਸਮਾਜਿਕ,ਰਾਜਿਨੀਤਕ ਪੱਧਰ ਤੇ ਲੈ ਕੇ ਆਉਣਾ ਸੀ ਤਾਂ ਜੋਕਿ ਉਨਂੰ੍ਹਾਂ ਦੇ ਮੱਥੇ ਤੇ ਲੱਗਿਆ ਅਛੂਤਾਂ ਵਾਲਾ ਕਲੰਕ ਧੋਇਆ ਜਾ ਸਕੇ।ਉਹ ਦਲਿਤਾਂ ਨੂੰ ਹਿੰਦੂਆਂ ਦੇ ਬਰਾਰਬਰ ਸਮਾਨਤਾ ਦਿਵਾਉਣ ਦਾ ਹਾਮੀ ਸੀ।ਆਪਣੀਆਂ ਕਿਤਾਬਾਂ ਦੀ ਰੌਸ਼ਨੀ ਨਾਲ ਉਸਨੇ ਦੱਬੇ ਕੁਚਲੇ ਅਛੂਤਾਂ ਵਿੱਚ ਨਵੀਂ ਰੂਹ ਭਰੀ ਅਤੇ ਉਨ੍ਹਾਂ ਨੁੰ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਕਿਹਾ “ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਉਹ ਬਗਾਵਤ ਕਰ ਦੇਣਗੇ” ਦਲਿਤਾਂ ਨੂੰ ਆਪਣੇ ਹੱਕਾਂ ਵਾਸਤੇ ਲਾਮਬੰਦ ਕਰਨਾ ਆਰੰਭਿਆ।
ਅਛੂਤਾਂ ਵਿੱਚ ਸਵੈਮਾਣ ਦੀ ਮੂਵਮੈਂਟ ਚਲਾਈ।ਦਲਿਤਾਂ ਵਿੱਚ ਏਕੇ ਦੀ ਭਾਵਨਾ ਅਤੇ ਵੋਟ ਦੀ ਸ਼ਕਤੀ ਦਾ ਅਹਿਸਾਸ ਭਰਿਆ।ਦਲਿਤਾਂ ਨੂੰ ਇਕੱਠੇ ਕਰਨ ਉਪਰੰਤ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਅੰਬੇਡਕਰ ਨੇ “ਪੜ੍ਹੌ, ਜੁੜੋ, ਸ਼ੰਘਰਸ਼ ਕਰੋ” ਦਾ ਨਾਹਰਾ ਦਿੱਤਾ। ਦਲਿਤਾਂ ਵਿੱਚ ਸਵੈ ਮਾਣ, ਸਵੈ ਨਿਰਭਰਤਾ, ਸਵੈ ਸੁਧਾਰ, ਆਤਮ ਵਿਸ਼ਵਾਸ ਪੈਦਾ ਕਰਨ ਤੇ ਜੋਰ ਦਿੱਤਾ। ਦਲਿਤਾਂ ਵਿੱਚੋਂ ਸਦੀਆਂ ਦੀ ਗੁਲਾਮੀ ਸਦਕਾ ਪੈਦਾ ਹੋਈ ਹੀਣ ਭਾਵਨਾ ਨੂੰ ਖਤਮ ਕਰਨ ਦੇ ਅਣਥੱਕ ਉਪਰਾਲੇ ਕੀਤੇ।
ਸ਼ਮਾਜ ਸੁਧਾਰ ਦੇ ਕੰਮਾਂ ਤਹਿਤ ਆਪਨੇ ਸ਼ੋਸਿਤ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦੇ ਮਨੋਰਥ ਨਾਲ ਉਨਂ੍ਹਾਂ ਵਾਸਤੇ ਸਕੂਲ,ਹੋਸਟਲ,ਲਾਇਬਰ੍ਰੇਰੀਆਂ,ਸ਼ਟੇਸ਼ਨਰੀ ਦੀਆਂ ਸਹੂਲਤਾਂ ਪੈਦਾ ਕਰਨ ਤੇ ਜੋਰ ਦਿੱਤਾ ਅਤੇ ਖੁਦ ਕਈ ਸਕੂਲ ਖੁਲਵਾਏ।ਇਸਤੋਂ ਇਲਾਵਾ ਡਾਕਟਰ ਅੰਬੇਡਕਰ ਨੇ ਦਲਿਤ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਮਨਾਂ ਵਿੱਚੋਂ ਅਛੂਤ ਹੋਣ ਦਾ ਡਰ ਖਤਮ ਕਰਕੇ ਅੰਤਰ ਜਾਤੀ ਸਮਾਰੋਹਾਂ ਵਿੱਚ ਸ਼ਾਮਿਲ ਹੋਣ, ਅੰਤਰ ਜਾਤੀ ਵਿਆਹਾ ਦਾ ਸਮਰਥਨ ਕਰਨ ਅਤੇ ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹ ਹਿੰਦੂ ਸਮਾਜ ਵਿੱਚ ਜਾਤੀਵਾਦ ਦਾ ਟਾਕਰਾ ਨਹੀਂ ਕਰ ਸਕਣਗੇ।
ਇਸਤੋਂ ਇਲਾਵਾ ਡਾਕਟਰ ਅੰਬਡਕਰ ਨੇ ਦਲਿਤ ਲੋਕਾਂ ਨੂੰ ਸੱਤਿਆਗ੍ਰਹਿ ਕਰਨ ਵਾਸਤੇ ਪ੍ਰੇਰਿਤ ਕੀਤਾ ਅਤੇ ਕਈ ਸਾਂਝੀਆਂ ਮਨਾਹੀ ਵਾਲੀਆਂ ਥਾਵਾਂ(ਜਿੱਥੇ ਕਿ ਅਛੂਤਾਂ ਨੂੰ ਜਾਣ ਦੀ ਮਨਾਹੀ ਹੁੰਦੀ ਸੀ)ਤੇ ਜਾ ਕੇ ਸੱਤਿਆਗ੍ਰਹਿ ਚਲਾਏ। ਸੱਤਾ ਪ੍ਰਾਪਤੀ ਰਾਹੀਂ ਦਲਿਤਾਂ ਨੈੰ ਰਾਜ ਭਾਗ ਤੇ ਕਾਬਿਜ ਹੋਣ ਦੀ ਪ੍ਰੇਰਣਾ ਵੀ ਡਾਕਟਰ ਅੰਬੇਡਕਰ ਨੇ ਦਿੱਤੀ।ਦੂਜੇ ਸ਼ਬਦਾਂ ਵਿੱਚ ਡਾਕਟਰ ਅੰਬੇਡਕਰ ਨੇ ਦਲਿਤ ਲੋਕਾਂ ਦੇ ਜੀਵਨ, ਸੋਝੀ ਅਤੇ ਵਿਵਹਾਰ ਵਿੱਚ ਕਾਫੀ ਤਬਦੀਲੀ ਲਿਆਂਦੀ
ਪਰੰਤੂ ਅਜੇ ਵੀ ਇੰਨ੍ਹਾਂ ਲੋਕਾਂ ਦੇ ਸੂਧਾਰ ਵਿੱਚ ਬਹੁਤ ਕੁਝ ਕਰਨਾ ਬਾਕੀ ਪਿਆ ਸੀ।ਜਦਕਿ ਡਾਕਟਰ ਅੰਬੇਡਕਰ ਨੇ ਆਪਣੇ ਸਮਾਜ ਸੁਧਾਰਕ ਯਤਨਾਂ ਰਾਹੀਂ ਹਿੰਦੂ ਸਮਾਜ ਦੀ ਅੰਤਰ ਆਤਮਾ ਨੂ ਝੰਜੋੜਨ ਦਾ ਕੰਮ ਕੀਤਾ ਕਿ ਕਿਸ ਪ੍ਰਕਾਰ ਦਲਿਤ ਵਿਰੋਧੀ ਅਣਮਨੁੱਖੀ ਭੇਦ ਭਾਵ ਇਸ ਸਮਾਜ ਦੇ ਮੱਥੇ ਤੇ ਕਲੰਕ ਹੈ।ਨਿਰਸੰਦੇਹ ਡਾਕਟਰ ਭੀਮ ਰਾਓ ਅੰਬੇਡਕਰ ਇੱਕ ਉੱਘੇ ਸਮਾਜ ਸੁਧਾਰਕ ਸਨ ਜਿਨੰਂ੍ਹਾਂ ਨੇ ਆਪਣਾ ਸਾਰਾ ਜੀਵਨ ਦਲਿਤ ਲੋਕਾਂ ਦੀ ਭਲਾਈ ਉੱਤੇ ਲਗਾ ਦਿੱਤਾ।
ਭਾਰਤੀ ਸਮਾਜ ਵਿੱਚ ਜਦੋਂ ਵੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਚਰਾਚਾ ਹੁੰਦੀ ਹੈ ਤਾਂ ਦੱਬਿਆਂ ਕੁਚਲਿਆਂ ਦੇ ਮਸੀਹਾ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਿਕਰ ਵੀ ਸੁਭਾਵਿਕ ਹੀ ਹੁੰਦਾ ਹੈ।
ਨੋਟ: ਇਸ ਲੇਖ ਵਿੱਚ ਦਰਸਾਈਆਂ ਮਿਤੀਆ,ਗਾਂਧੀ ਤੇ ਅੰਬੇਡਕਰ ਦੇ ਦ੍ਰਿਸ਼ਟੀਕੋਣ,ਵਿਚਾਰਧਾਰਾਵਾਂ,ਆਦਿ ਅਰੁੰਧਤੀ ਰਾਏ ਦੁਆਰਾ ਅੰਬੇਡਕਰ ਦੇ ਭਾਸਣ “ ਐਨਹੀਲੀਏਸ਼ਨ ਆਫ ਕਾਸਟ” {ਜਾਤਪਾਤ ਦਾ ਬੀਜ ਨਾਸ਼} ਦੀ ਪੰਜਾਬੀ ਵਿੱਚ ਬੂਟਾ ਸਿੰਘ ਦੁਆਰਾ ਅਨੁਵਾਦਿਤ ਕਿਤਾਬ “ਅੰਬੇਡਕਰ-ਗਾਂਧੀ ਸੰਵਾਦ”ਵਿੱਚੋਂ ਲਏ ਗਏ ਹਨ।(ਕਿਸੇ ਵਾਦ ਵਿਵਾਦ ਦੀ ਸਥਿਤੀ ਵਿੱਚ ਇਸਦਾ ਵੇਰਵਾ ਦਿੱਤਾ ਜਾ ਸਕਦਾ ਹੈ।)
ਮਾ: ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106