(ਸਮਾਜ ਵੀਕਲੀ)
(19 ਅਕਤੂਬਰ ਜਨਮ ਦਿਨ)
ਧਰਮ ਕੋਈ ਵੀ ਹੋਵੇ ਮਨੁੱਖ ਨੂੰ ਮਨੁੱਖਤਾ ਦਾ ਸਬਕ ਪੜ੍ਹਾ ਕੇ ਜਿਥੇ ਉਸ (ਮਨੁੱਖ) ਦੇ ਮਨਵਾਵਾਦੀ ਬਣਨ ਦੀ ਹਾਮੀ ਭਰਦਾ ਹੈ,ਉਥੇ ਨਾਲ ਹੀ ਰੱਬੀ ਸੰਦੇਸ਼ ਅਤੇ ਰੂਹਾਨੀ ਉਪਦੇਸ਼ ਸਦਕਾ ਮਨੁੱਖ ਦੇ ਆਤਮਿਕ ਜੀਵਨ ਵਿਚ ਨਿਖ਼ਾਰ ਲਿਆਉਣ ਦਾ ਯਤਨ ਵੀ ਕਰਦਾ ਹੈ।ਹਰੇਕ ਧਰਮ ਆਪੋ ਆਪਣੀ ਧਾਰਮਿਕ-ਮਰਯਾਦਾ ਅਤੇ ਪੂਜਾ-ਪੱਧਤੀ ਅਨੁਸਾਰ ਆਤਮਾ ਅਤੇ ਪਰਮਾਤਮਾ ਵਿਚ ਨੇੜਤਾ ਸਥਾਪਿਤ ਕਰਕੇ ਆਪਸੀ ਅਭੇਦਤਾ ਦੀ ਅਜਿਹੀ ਅਵਸਥਾ ਪੈਦਾ ਕਰਦਾ ਹੈ ਜਿਸ ਤੱਕ ਪਹੁੰਚ ਕਿ ਕੋਈ ਵੀ ਸਾਧਕ ਆਵਾਗਮਨ (ਜਨਮ-ਮਰਨ) ਦੇ ਚੱਕਰ ਤੋਂ ਛੁਟਕਾਰਾ ਪਾ ਸਕਦਾ ਹੈ।ਪਰ ਇਲਾਹੀ ਆਨੰਦ ਦੀ ਇਹ ਉੱਚਤਮ ਅਵਸ਼ਥਾ ਕੁੱਝ ਵਿਰਲਿਆਂ ਵਿਅਕਤੀਆਂ ਨੂੰ ਹੀ ਪ੍ਰਾਪਤ ਹੁੰਦੀ।
ਰੂਹਾਨੀਅਤ ਦੀ ਇਸ ਉਚਤਮ ਅਤੇ ਆਨੰਦਵਰਧਕ ਅਵਸਥਾ ਦੀ ਪ੍ਰਾਪਤੀ ਦਾ ਲਈ ਸਾਡੇ ਗੁਰੂ,ਪੀਰ ਪੈਗੰਬਰ,ਮੁਰਸ਼ਦ ਅਤੇ ਰਹਿਬਰ ਸਮੇਂ-ਸਮੇਂ ਆਪਣਾ ਬਣਦਾ-ਸਰਦਾ ਯੋਗਦਾਨ ਪਾਉਂਦੇ ਰਹੇ ਹਨ।ਉਨ੍ਹਾਂ ਦੇ ਇਸ ਬੇਸ਼ਕੀਮਤੀ ਅਤੇ ਮਹੱਤਵਪੂਰਨ ਯੋਗਦਾਨ ਬਦਲੇ ਲੋਕਾਈ (ਵਿਸ਼ੇਸ਼ ਕਰਕੇ ਉਨ੍ਹਾਂ ਦੇ ਪੈਰੋਕਾਰਾਂ) ਵੱਲੋਂ ਉਨ੍ਹਾਂ ਮਹਾਂਪੁਰਖਾਂ ਨੂੰ ਰੱਜਵਾਂ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ।ਮਨੁੱਖੀ ਮਾਰਗ ਨੂੰ ਰੁਸ਼ਨਾਉਣ ਵਾਲੀਆਂ ਆਪਣੀਆਂ ਸਦੀਵੀ ਸਿੱਖਿਆਵਾਂ ਕਾਰਨ ਉਹ ਇਸ ਫ਼ਾਨੀ ਦੁਨੀਆਂ ਤੋਂ ਵਫ਼ਾਤ ਪਾ ਜਾਣ ਤੋਂ ਬਾਅਦ ਵੀ ਆਪਣੇ ਮੁਰੀਦਾਂ ਦੇ ਮਨਾਂ ਉਪਰ ਸਦੀਆਂ ਤੱਕ ਆਪਣਾ ਪ੍ਰਭਾਵ ਬਣਾਈ ਰੱਖਦੇ ਹਨ।ਇਸ ਤਰਾਂ੍ਹ ਦਾ ਹੀ ਪ੍ਰਭਾਵ ਬਣਾਉਣ ਵਾਲਿਆਂ ਵਿਚ ਸ਼ਾਮਿਲ ਹੈ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦਾ ਨਾਮ।
ਏਸ਼ੀਆ ਦੇ ਵੱਡੇ ਧਰਮਾਂ ਵਿਚ ਸ਼ੁਮਾਰ ਕੀਤੇ ਜਾਂਦੇ ਇਸਲਮ ਧਰਮ ਦੀ ਸਤਿਕਰਯੋਗ ਹਸਤੀ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ 570 ਈ: ਨੂੰ ਮੱਕੇ ਦੇ ਇੱਕ ਪੁਜਾਰੀ ਬਨੀ ਹਾਸ਼ਮ ਦੇ ਖ਼ਾਨਦਾਨ ਨਾਲ ਸਬੰਧ ਰੱਖਣ ਵਾਲੇ ਅਬਦੁੱਲਾ ਕੁਰੈਸ਼ੀ ਅਤੇ ਬੀਬੀ ਆਮਨਾ ਦੇ ਗ੍ਰਹਿ ਵਿਖੇ ਹੋਇਆ।ਮੁਹੰਮਦ ਸਾਹਿਬ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਜਿਸ ਕਰਕੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਨ੍ਹਾਂ ਦਾਦਾ ਅਬਦੁੱਲ ਮੁਤਲਿਬ ਨੂੰ ਨਿਭਾਉਣੀ ਪਈ।
ਜਦੋਂ ਮੁਹੰਮਦ ਸਾਹਿਬ ਦੀ ਉਮਰ ਛੇ ਸਾਲ ਦੀ ਹੋਈ ਤਾਂ ਬੀਬੀ ਆਮਨਾ ਉਨ੍ਹਾਂ ਨੂੰ ਆਪਣੇ ਪੇਕੇ ਮਦੀਨੇ ਲੈ ਗਈ ਪਰ ਮਦੀਨੇ ਤੋਂ ਵਾਪਸੀ ਦੇ ਸਮੇਂ ਅਬੋਹਾ ਨਾਮ ਦੇ ਇੱਕ ਪਿੰਡ ਕੋਲ ਬੀਬੀ ਆਮਨਾ ਅੱਲ੍ਹਾ ਨੂੰ ਪਿਆਰੀ ਹੋ ਗਈ।ਮਾਤਾ ਦੇ ਫ਼ੌਤ ਹੋ ਜਾਣ ਨਾਲ ਹਜ਼ਰਤ ਮੁਹੰਮਦ ਸਾਹਿਬ ਯਤੀਮ ਹੋ ਗਏੇੇੇੇ।ਅੱਠ ਸਾਲ ਦੀ ਉਮਰ ਤੱਕ ਪਹੁੰਚਦਿਆਂ ਦਾਦਾ ਅਬਦੁਲ ਮੁਤਲਿਬ ਦਾ (ਮੌਤ ਹੋ ਜਾਣ ਕਾਰਨ) ਸਾਥ ਵੀ ਛੁੱਟ ਗਿਆ।ਇਨ੍ਹਾਂ ਦੁਖ਼ਾਂਤਕ ਵਰਤਾਰਿਆਂ ਤੋਂ ਬਾਅਦ ਮੁਹੰਮਦ ਸਾਹਿਬ ਦੀ ਦੇਖਭਾਲ ਦਾ ਜਿੰਮਾ ਚਾਚਾ ਅਬੂ ਤਾਲਿਬ ਨੇ ਲੈ ਲਿਆ ਜਿਸ ਨੂੰ ਉਨ੍ਹਾਂ ਵੱਲੋਂ ਬਾਖ਼ੂਬੀ ਨਾਲ ਨਿਭਾਇਆ ਗਿਆ।
ਚਾਚਾ ਅਬੂ ਤਾਲਿਬ ਇੱਕ ਚੰਗੇ ਵਪਾਰੀ ਸਨ ਅਤੇ ਉਹ ਵਪਾਰ ਲਈ ਆਪਣੇ ਭਤੀਜੇ ਮੁਹੰਮਦ ਸਾਹਿਬ ਨੂੰ ਵੀ ਨਾਲ ਲੈ ਜਾਂਦੇ ਸਨ।ਚਾਚੇ ਨਾਲ ਜਾਣ ਕਰਕੇ ਜਿੱਥੇ ਉਨ੍ਹਾਂ ਨੂੰ ਵਪਾਰ ਦੀਆਂ ਬਰੀਕੀਆਂ ਦੀ ਸਮਝ ਆ ਗਈ ਉੱਥੇ ਨਾਲ ਹੀ ਦੂਸਰੇ ਦੇਸ਼ਾਂ ਦੇ ਧਰਮ ਅਤੇ ਰੀਤੀ-ਰਿਵਾਜ਼ਾਂ ਨੂੰ ਜਾਣਨ ਦਾ ਸੁਨਿਹਰੀ ਮੌਕਾ ਵੀ ਮਿਲ ਗਿਆ।ਇਸ ਸਮੇਂ ਦੌਰਾਨ ਉਨ੍ਹਾਂ ਨੇ ਈਸਾਈ ਪਾਦਰੀਆਂ ਨਾਲ ਵੀਚਾਰ-ਗੋਸ਼ਟੀਆਂ ਕੀਤੀਆਂ ਅਤੇ ਉਨ੍ਹਾਂ ਦੇ ਨਿਸਚਿਆਂ ਅਤੇ ਸਿਧਾਤਾਂ ਦੀ ਵਾਕਫ਼ੀਅਤ ਹਾਸਲ ਕੀਤੀ।ਈਸਾਈ ਅਤੇ ਮੂਸਾਈ ਪ੍ਰਚਾਰਕਾਂ ਤੋਂ ਹਜ਼ਰਤ ਨੇ ਬਹੁਤ ਸਾਰੇ ਧਾਰਮਿਕ ਨੁਕਤਿਆਂ ਨੂੰ ਹਾਸਲ ਕੀਤਾ ਜਿਹੜੇ ਬਾਅਦ ਵਿਚ ਇਸਲਾਮ ਵਿਚ ਰੂਪਾਂਤਰਿਤ ਹੋਏ ਹਨ। ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਤੀਖਣ ਬੁੱਧੀ ਅਤੇ ਚੰਗਾ ਤਜਰਬਾ ਰੱਖਦੇ ਸਨ।ਭਲੇ ਪੁਰਸ਼ ਅਤੇ ਇਮਾਨਦਾਰ ਵੀ ਪੂਰੇ ਸਨ।ਇਸ ਕਰਕੇ ਲੋਕ ਉਨਾਂ ਨੂੰ ‘ਸਾਦਕ’ ਜਾਂ ਅਮੀਨ ਕਹਿੰਦੇ ਸਨ।।
ਇੱਕ ਚੰਗੇ ਵਪਾਰੀ ਵੱਜੋਂ ਹਜ਼ਰਤ ਸਾਹਿਬ ਦਾ ਨਾਮ ਕਾਫ਼ੀ ਚਰਚਿਤ ਹੋ ਗਿਆ ਜਿਸ ਕਰਕੇ ਮੱਕੇ ਦੀ ਇੱਕ ਅਮੀਰ ਵਿਧਵਾ ਖਦੀਜਾ ਨੇ ਉਨ੍ਹਾਂ ਨਾਲ ਸ਼ਾਦੀ ਕਰ ਲਈ।ਉਸ ਸਮੇਂ ਖਦੀਜਾ ਦੀ ਉਮਰ 40 ਸਾਲ ਅਤੇ ਉਨ੍ਹਾਂ ਦੀ ਉਮਰ 25 ਸਾਲ ਸੀ।ਖਦੀਜਾ ਦੀ ਕੁੱਖੋਂ ਚਾਰ ਲੜਕੀਆਂ ਅਤੇ ਚਾਰ ਲੜਕੇ ਪੈਦਾ ਹੋਏ। . ਹਜ਼ਰਤ ਮੁਹੰਮਦ ਸਾਹਿਬ ਅੱਲ੍ਹਾ ਦੀ ਬੰਦਗੀ ਕਰਨ ਵਾਲੇ ਪੁਰਖ ਸਨ।ਬੰਦਗੀ ਦੇ ਸਮੇਂ ਉਹ ਇੱਕ ਪਹਾੜ ਉਪਰ ਬਣੀ ਹੋਈ ਹਿਰਾ ਨਾਮੀ ਗ਼ੁਫ਼ਾ ਵਿਚ ਚਲੇ ਜਾਂਦੇ ਸਨ ਅਤੇ ਗੁਜ਼ਾਰੇ ਲਈ ਕੁੱਝ ਸਤੂ ਅਤੇ ਪਾਣੀ ਵੀ ਆਪਣੇ ਨਾਲ ਲੈ ਜਾਂਦੇ ਸਨ।ਲਗਾਤਾਰ ਕਈ ਸਾਲਾਂ ਦੀ ਸਾਧਨਾ ਦੇ ਬਾਅਦ ਇੱਕ ਰੋਜ਼ ਅਚਨਚੇਤ ਉਨ੍ਹਾਂ ਨੂੰ ਇੱਕ ਫ਼ਰਿਸ਼ਤੇ ਦੇ ਦਰਸਨ ਹੋਏ ਜਿਸ ਨੇ ਮੁਹੰਮਦ ਸਾਹਿਬ ਨੂੰ ਅੱਲ੍ਹਾ ਦੇ ਰਸੂਲ਼ ਹੋਣ ‘ਤੇ ਮੁਬਾਰਕਬਾਦ ਦਿੱਤੀ।ਉਸ ਸਮੇਂ ਉਨ੍ਹਾਂ ਦੀ ਉਮਰ ਚਾਲੀ ਸਾਲ ਦੇ ਨੇੜੇ ਸੀ।ਜਦੋਂ ਉਹ ਆਪਣੇ ਘਰ ਆਏ ਤਾਂ ਉਨ੍ਹਾਂ ਦੇ ਚਿਹਰੇ ‘ਤੇ ਕੁੱਝ ਘਬਰਾਹਟ ਸੀ।
ਜਦੋਂ ਉਨ੍ਹਾਂ ਦੀ ਸ਼ਰੀਕ-ਏ-ਹਯਾਤ ਖ਼ਦੀਜਾ ਨੇ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, “ਮੈਂ ਪਹਾੜ ਦੀ ਕੰਦਰਾ ਵਿਚ ਬੈਠਾ ਹੋਇਆ ਸੀ ਕਿ ਇੱਕ ਫ਼ਰਿਸ਼ਤਾ ਮੇਰੇ ਸਾਹਮਣੇ ਆ ਗਿਆ ਅਤੇ ਉਸ ਨੇ ਜ਼ੋਰ ਨਾਲ ਘੁੱਟ ਕੇ ਮੈਨੂੰ ਕਿਹਾ, “ਪੜ੍ਹ।” . ਮੈਂ ਉਸ ਫ਼ਰਿਸ਼ਤੇ ਨੂੰ ਕਿਹਾ “ਮੈ ਅਨਪੜ੍ਹ ਹਾਂ।” ਉਸ ਨੇ ਮੈਨੂੰ ਫਿਰ ਹਿਲਾਇਆ ਅਤੇ ਕਿਹਾ,“ਪੜ੍ਹ, ਆਪਣੇ ਪਾਲਣਹਾਰ ਦੇ ਨਾਮ ਨਾਲ,ਜਿਸ ਨੇ ਸਿਖਾਇਆ ਆਦਮ ਨੂੰ ਜੋ ਕੁੱਝ ਨਹੀਂ ਜਾਣਦਾ ਸੀ।” ਸਾਰੀ ਵਾਰਤਾ ਸੁਣ ਕੇ ਉਨ੍ਹਾਂ ਦੀ ਪਤਨੀ ਖ਼ਦੀਜਾ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਇਸ ਵਿਚ ਘਬਰਾਉਣ ਵਾਲੀ ਕੋਈ ਗੱਲ ਨਹੀਂ।ਖ਼ਦੀਜਾ ਦੇ ਹੌਂਸਲੇ ਨਾਲ ਮੁਹੰਮਦ ਸਾਹਿਬ ਦੀ ਤਸੱਲੀ ਨਹੀਂ ਹੋਈ।ਅਖ਼ੀਰ ਉਹ ਉਨ੍ਹਾਂ ਨੂੰ ਆਪਣੇ ਚਾਚੇ ਦੇ ਲੜਕੇ ਵਰਕਾ ਕੋਲ ਲੈ ਗਈ।ਵਰਕਾ ਇਸਾਈ ਸੀ।
ਉਸ ਨੇ ਮੁਹੰਮਦ ਸਾਹਿਬ ਨੂੰ ਕਿਹਾ,“ਰੱਬ ਤਹਾਨੂੰ ਪੈਗ਼ੰਬਰ ਬਣਾਉਣ ਲੱਗਾ ਹੈ।” ਇਹ ਗੱਲ ਸੁਣ ਕੇ ਉਨ੍ਹਾਂ ਨੂੰ ਕੁੱਝ ਧੀਰਜ ਹੋ ਗਿਆ। ਇੱਕ ਦਿਨ ਹਜ਼ਰਤ ਸਾਹਿਬ ਫਿਰ ਦੌੜੇ ਹੋਏ ਬਾਹਰੋਂ ਆਏ।ਖ਼ਦੀਜਾ ਨੇ ਕਪੜੇ ਪਾ ਕੇ ਛੁਪਾ ਦਿੱਤਾ ਅਤੇ ਪੁੱਛਿਆ “ਅੱਜ ਕੀ ਭਾਣਾ ਵਰਤਿਆ ਹੈ।”ਮੁਹੰਮਦ ਸਾਹਿਬ ਨੇ ਦੱਸਿਆ,“ਅੱਜ ਫਿਰ ਉਸੇ ਤਰ੍ਹਾਂ ਦੀਆਂ ਆਵਾਜਾਂ ਆਉਂਦੀਆਂ ਸਨ।” ਫ਼ਰਿਸ਼ਤੇ ਨੇ ਕਿਹਾ “ਐ ਆਪਣੇ ਉਪਰ ਕਪੜਾ ਲੈਣ ਵਾਲਿਆ! ਖੜਾ ਹੋ ਤੇ ਆਪਣੇ ਪਾਲਣਹਾਰ ਦੀ ਵਡਿਆਈ ਕਰ।ਗੰਦਗੀ ਛੱਡ ਕੇ ਆਪਣੇ ਕਪੜਿਆਂ ਨੂੰ ਪਵਿੱਤਰ ਕਰ।” ਇਹ ਸੁਣ ਕੇ ਖ਼ਦੀਜਾ ਉਨ੍ਹਾਂ ਨੂੰ ਫਿਰ ਆਪਣੇ ਚਾਚੇ ਦੇ ਪੂੱਤਰ ਵਰਕਾ ਪਾਸ ਲੈ ਗਈ।ਮੁਹੰਮਦ ਸਾਹਿਬ ਨੇ ਉਸ ਨੂੰ ਸਾਰੀ ਵਿਥਿਆ ਕਹਿ ਸੁਣਾਈ।
ਵਰਕਾ ਨੇ ਕਿਹਾ, “ਅਜਿਹੇ ਫ਼ਰਿਸ਼ਤੇ ਸਿਰਫ ਪੈਗ਼ੰਬਰਾਂ ਕੋਲ ਹੀ ਆਉਂਦੇ ਹਨ।” ਪੈਗ਼ੰਬਰੀ ਦਾ ਯਕੀਨ ਹੋ ਜਾਣ ‘ਤੇ ਹਜ਼ਰਤ ਮੁਹੰਮਦ ਸਾਹਿਬ ਨੇ ਇਸਲਾਮ ਦਾ ਪ੍ਰਚਾਰ ਆਰੰਭ ਕਰ ਦਿੱਤਾ।ਸਭ ਤੋਂ ਪਹਿਲਾਂ ਜ਼ੈਦ ਨਾਮੇ ਗ਼ੁਲਾਮ ਨੇ ਇਸਲਾਮ ਕਬੂਲ ਕੀਤਾ।ਉਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਮੋਮਨ ਬਣੀ।ਇਸ ਤੋਂ ਪਿਛੋਂ ਵਰਕਾ ਦੀਨ ਵਿਚ ਆਇਆ।ਫਿਰ ਚਾਚੇ ਦੇ ਪੁੱਤਰ ਅਲੀ ਨੇ ਵੀ ਉਨ੍ਹਾਂ ਉਪਰ ਈਮਾਨ ਲੈ ਆਂਦਾ। ਤਿੰਨ ਸਾਲ ਤੱਕ ਹਜ਼ਰਤ ਮੁਹੰਮਦ ਸਾਹਿਬ ਨੂੰ ਕੋਈ ਆਇਤ ਨਹੀਂ ਉਤਰੀ।ਤਰਤਾਲੀ ਸਾਲ ਦੇ ਹੋਣ ‘ਤੇ ਉਨ੍ਹਾਂ ਨੇ ਇਸਲਾਮ ਦਾ ਪ੍ਰਚਾਰ ਸ਼ੁਰੂ ਕੀਤਾ।ਤਿੰਨ ਸਾਲ ਤੱਕ ਕੇਵਲ 40 ਆਦਮੀ ਹੀ ਮੁਸਲਮਾਨ ਹੋਏ।
ਹਜ਼ਰਤ ਮੁਹੰਮਦ ਦੇ ਆਪਣੇ ਘਰਾਣੇ ਦਾ ਮਜ੍ਹਬ ਮੂਰਤੀ-ਪੂਜਾ ਸੀ।ਮੱਕਾ ਕੁਰੈਸ਼ ਦਾ ਧਾਰਮਿਕ ਮੰਦਰ ਸੀ ਜਿਥੇ 360 ਦੇਵਤਿਆਂ ਦੀਆਂ ਮੂਰਤੀਆਂ ਤੇ ਕਿਸੇ ਟੁੱਟੇ ਹੋਏ ਤਾਰੇ ਦਾ ਇਕ ਟੁੱਕੜਾ ਕਾਲੇ ਰੰਗ ਦਾ ਪੱਥਰ (ਸੰਗ-ਏ-ਅਸਵਦ) ਸਨ, ਜਿੰਨ੍ਹਾ ਦੀ ਪੂਜਾ-ਅਰਚਨਾ ਕੀਤੀ ਜਾਂਦੀ ਸੀ।ਮੱਕੇ ਦੇ ‘ਮਜਾਵਰ’ ਆਪਣੀ ਪੂਜਾ-ਭੇਟਾ ਕਾਇਮ ਰੱਖਣ ਲਈ ਪੁਰਾਣੇ ਮਜ਼੍ਹਬ ਵਿਚ ਕਿਸੇ ਤਬਦੀਲੀ ਲਈ ਤਿਆਰ ਨਹੀਂ ਸਨ ਪਰ ਹਜ਼ਰਤ ਮੁਹੰਮਦ ਸਾਹਿਬ ਇੱਕ ਈਸ਼ਵਰਵਾਦੀ ਹੋਣ ਕਰਕੇ ਚਾਹੁੰਦੇ ਸਨ ਕਿ ਉੱਥੇ ਇੱਕ ਖ਼ੁਦਾ ਦੀ ਬੰਦਗੀ ਕੀਤੀ ਜਾਵੇ।ਇਹ ਕਾਰਜ ਹੀ ਉਨ੍ਹਾਂ ਦਾ ਜੀਵਨ-ਉਦੇਸ਼ ਬਣ ਗਿਆ।
ਪਰ ਇਹ ਇੱਕ ਔਖਾ ਅਤੇ ਸੰਵੇਦਨਸ਼ੀਲ ਕਾਰਜ ਸੀ।ਇਸ ਨੂੰ ਨੇਪਰੇ੍ਹ ਚਾੜਨ ਲਈ ਸਭ ਤੋਂ ਵੱਧ ਵਿਰੋਧ ਉਨ੍ਹਾਂ ਨੂੰ ਆਪਣੇ ਕਬੀਲੇ ਕੁਰੈਸ਼ ਦਾ ਹੀ ਸਹਿਣਾ ਪਿਆ।ਉਨ੍ਹਾਂ ਦੇ ਇਸ ਅੜੀਅਲ ਰਵੱਈਏ ਕਾਰਨ ਮੁਹੰਮਦ ਸਾਹਿਬ ਨੂੰ ਉਨ੍ਹਾਂ ਨਾਲ ਧਰਮ-ਯੁੱਧ ਵੀ ਕਰਨੇ ਪਏ।ਇਨ੍ਹਾਂ ਯੁੱਧਾਂ ਤੋਂ ਬਾਅਦ ਅਖ਼ੀਰ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਗਏ।ਇਸ ਕਾਮਯਾਬੀ ਕਾਰਨ ਇਸਲਾਮ ਜਗਤ ਵਿਚ ਉਨ੍ਹਾਂ ਦਾ ਨਾਂ ਬਹੁਤ ਹੀ ਅਦਬ ਨਾਲ ਲਿਆ ਜਾਂਦਾ ਹੈ।ਪਿਆਰ,ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣ ਵਾਲੇ ਇਹ ਮਹਾਂਪੁਰਖ 632 ਈ. ਵਿਚ (ਕੁਝ ਸਮਾਂ ਬਿਮਾਰ ਰਹਿਣ ਕਾਰਨ) ਅੱਲ੍ਹਾ ਨੂੰ ਪਿਆਰੇ ਹੋ ਗਏ।
ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ: 8 ਰਿਸ਼ੀ ਨਗਰ
ਐਕਸਟੈਂਸ਼ਨ (ਲੁਧਿਆਣਾ) ਮੋਬ:9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly