(ਸਮਾਜ ਵੀਕਲੀ)
ਕਿੱਥੋਂ ਮੋੜ ਲਿਆਵਾਂ ਮਾਪੇ
ਸਮਝ ਕੁੱਝ ਨਾ ਆਵੇ
ਵਾਰੋ ਵਾਰੀ ਦੇ ਕੇ ਤੁਰ ਗਏ
ਉਮਰਾਂ ਦੇ ਪਛਤਾਵੇ
ਮੋਹ ਮਮਤਾ ਨਾਲ ਕੁੱਟੀ ਚੂਰੀ
ਮੂੰਹ ਵਿੱਚ ਕੋਈ ਨਾ ਪਾਵੇ
ਨਜ਼ਰ ਉਤਾਰਨ ਦੇ ਲਈ ਮਿਰਚਾਂ
ਕੋਈ ਨਾ ਸਿਰੋੰ ਛੁਆਵੇ
ਨਿੱਕੀ ਨਿੱਕੀ ਗ਼ਲਤੀ ਉੱਤੇ
ਕੋਈ ਨਾ ਹੁਣ ਸਮਝਾਵੇ
ਪੁੱਤ ਪੁੱਤ ਕਹਿ ਹੁਣ ਨਾ ਕੋਈ
ਗਲ ਨਾਲ ਸਾਨੂੰ ਲਾਵੇ
ਸਾਤੋਂ ਖੋਹ ਕੇ ਲੈ ਗਏ ਛਾਵਾਂ
ਵਕਤਾਂ ਦੇ ਪਰਛਾਵੇ
ਆਜਾ ਬਿੰਦਰਾ ਵਾਪਸ ਘਰ ਨੂੰ
ਕੋਈ ਨਾ ਹੁਣ ਬੁਲਾਵੇ
ਬਿੰਦਰ ਸਾਹਿਤ ……..
00393278159218
ਇਨਸਾਫ
ਸਿਸਟਮ ਜਦੋਂ ਵਿਕਾਊ ਸਾਰਾ
ਕੌਣ ਦਿਓ ਇਨਸਾਫ਼
ਬੇਗੁਨਾਹ ਇਥੇ ਸਜ਼ਾ ਭੁਗਤ ਦੇ
ਮੁਜਰਿਮ ਹੋਵਣ ਮੁਆਫ
ਰਾਜਨੀਤੀ ਦੀ ਭੱਠੀ ਵਿੱਚੋਂ
ਜੁਰਮ ਦੀ ਉੱਡੇ ਭਾਫ਼
ਕਾਨੂੰਨ ਵਿਵਸਥਾ ਵਾਲਾ ਵੇਖੋ
ਡਿੱਗਦਾ ਜਾਵੇ ਗਰਾਫ
ਸੱਚ ਬੋਲੇਗਾ ਜਿਹੜਾ ਬਿੰਦਰਾ
ਉਸਦੇ ਜੱਗ ਖ਼ਿਲਾਫ਼
ਬਿੰਦਰ ਸਾਹਿਤ ਇਟਲੀ
ਪੰਜਾਬ ਦੀ ਸਿਫਤ
ਲੋਕਾਂ ਦੀ ਵੇਖੋ ਸਰਕਾਰ
ਲੋਕਾਂ ਨੂੰ ਹੀ ਰਹੀ ਏ ਮਾਰ
ਰਿਸ਼ਵਤ ਬਿਨਾਂ ਪੈਰ ਨਾ ਪੱਟੇ
ਚੌਕੀਦਾਰ ਭਾਵੇਂ ਠਾਣੇਦਾਰ
ਕਾਨੂੰਗੋ ਅਤੇ ਪਟਵਾਰੀ ਚੋਰ
2% ਮੰਗਦਾ ਤਹਿਸੀਲਦਾਰ
ਮੋਹਰ ਲਾਉਣ ਦੇ ਪੈਸੇ ਮੰਗੇ
ਪਿੰਡ ਮੇਰੇ ਦਾ ਲੰਬੜਦਾਰ
ਮਿਲਾਵਟ ਕਰਦੇ ਰੱਜ ਰੱਜ ਕੇ
ਵਿਉਪਾਰੀ ਭਾਵੇਂ ਦੁਕਾਨਦਾਰ
ਨਕਲੀ ਖੋਏ ਦੀ ਮਠਿਆਈ
ਰੰਗ ਘੋਲ ਕੇ ਕਰਨ ਤਿਆਰ
ਬਿਮਾਰੀ ਰਲ ਕੇ ਵੰਡਣ ਲੱਗੇ
ਦੋਧੀ ਦਾ ਹਲਵਾਈ ਯਾਰ
ਰੇਹ ਸਪਰੇਅ ਟੀਕੇ ਲਾਉਂਦਾ
ਕਿਸਾਨ ਵੀ ਹੋ ਗਿਆ ਬਿਮਾਰ
ਵਿਕ ਗਏ ਅਖ਼ਬਾਰ ਤੇ ਚੈਨਲ
ਨਾਲੇ ਵਿਕ ਗਏ ਪੱਤਰਕਾਰ
ਪੰਜਾਬ ਨੂੰ ਖਾ ਰਹੇ ਨੇ ਰਲਕੇ
ਬਾਦਲ ਕਾਂਗਰਸ ਵਾਰੋ ਵਾਰ
ਕੋਈ ਜੀਵੇ ਮਰ ਜਾਏ ਕੋਈ
ਰੁਕੇ ਨਾ ਸਾਡਾ ਕਾਰੋਬਾਰ
ਗ਼ਰੀਬ ਬਿਮਾਰ ਤੜਪ ਰਹੇ ਨੇ
ਮੱਚੀ ਮੁਲਕ ਵਿੱਚ ਹਾਹਾਕਾਰ
ਕੌਣ ਸੁਣੇਗਾ ਤੇਰੀ ਬਿੰਦਰਾ
ਹਰ ਖੇਤਰ ਮਾਰੋ ਮਾਰ
ਬਿੰਦਰ ਸਾਹਿਤ ਇਟਲੀ….
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly