ਉਡੀਕ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਹੱਥ ਵਿੱਚ ਸਾਈਕਲ ਰੋੜ੍ਹੀ ਆਉਂਦੇ, ਰੰਗ ਗੋਰਾ, ਮੂੰਹ ਤੇ ਵਕਤ ਦੀਆਂ ਡੂੰਘੀਆਂ ਲਕੀਰਾਂ ਦੇ ਨਾਲ ਚੇਚਕ ਦੇ ਦਾਗ, ਅੱਖਾਂ ਅੰਦਰ ਧੁਸੀਆਂ ਹੋਈਆਂ , ਸਫ਼ੈਦ ਦਾੜੀ,ਸਿਰ ਤੇ ਨੀਲੀ ਪੱਗ ਤੇ ਦੁੱਧ ਧੋਤਾ ਚਿੱਟਾ ਕੁੜਤਾ ਪਜਾਮਾ, ਪੈਰੀਂ ਕਾਲੀ ਬੰਦ ਜੁੱਤੀ (ਜਲਸਾ) ਪਾਈਂ ਮਧਰੇ ਜਿਹੇ ਕੱਦ ਦੇ ਸੱਤਰ-ਪੰਝੱਤਰ ਕੁ ਸਾਲ ਦੇ ਬਜ਼ੁਰਗ ‘ਪਿੰਗਲਵਾੜੇ ਵਾਲੇ ਬਾਬਾ ਜੀ’ ਦਾ ਚਿਹਰਾ ਮੈਨੂੰ ਹੂਬਹੂ ਉਸ ਤਰ੍ਹਾਂ ਯਾਦ ਆਉਂਦਾ ਹੈ ਜਿਵੇਂ ਉਹ ਮੇਰੇ ਸਾਮ੍ਹਣੇ ਹੀ ਖੜ੍ਹੇ ਹੋਣ। ਬਾਬਾ ਜੀ ਪਿੰਗਲਵਾੜੇ ਦਾ ਦਾਨਪਾਤਰ ਲੈ ਕੇ ਮਹੀਨੇ- ਦੋ ਮਹੀਨੇ ਬਾਅਦ ਆਉਂਦੇ ਹੁੰਦੇ ਸਨ। ਆਉਂਦਿਆਂ ਹੀ ਉਹਨਾਂ ਨੇ ਮੈਨੂੰ ਪੁੱਛਣਾ. ‌‌..” ਹੋਰ ਪੁੱਤਰ ਕੀ ਹਾਲ ਏ?” … “ਬਾਬਾ ਜੀ ਸਭ ਠੀਕ ਠਾਕ ਹੈ”… ਮੈਂ ਵੀ ਅੱਗੋਂ ਸਤਿਕਾਰ ਸਹਿਤ ਜਵਾਬ ਦੇਣਾ। ਪਹਿਲਾਂ ਪਹਿਲਾਂ ਸ਼ਾਇਦ ਐਨਾ ਹੀ ਕਾਫ਼ੀ ਹੁੰਦਾ ਸੀ। ਵੈਸੇ ਵੀ ਬਾਬਾ ਜੀ ਹਰ ਕਿਸੇ ਦੇ ਘਰ ਅੱਗੇ ਨਹੀਂ ਜਾਂਦੇ ਸਨ।ਮੇਰੀ ਗਲ਼ੀ ਵਿਚ ਸਿਰਫ਼ ਇੱਕ ਦੋ ਘਰਾਂ ਵਿੱਚ ਹੀ ਜਾਂਦੇ ਸਨ। ਮੈਂ ਬਾਬਾ ਜੀ ਨੂੰ ਪੁੱਛ ਲੈਣਾ… “ਬਾਬਾ ਜੀ ਚਾਹ ਪੀਓਂਗੇ…?” ਅੱਗੋਂ ਬਾਬਾ ਜੀ ਨੇ ਕਹਿਣਾ…” ਪੁੱਤਰ ਇੱਕ ਗਿਲਾਸ ਪਾਣੀ ਪਿਲਾ ਦੇ…।”

ਬਾਬਾ ਜੀ ਬਹੁਤ ਥੱਕੇ‌ ਹੋਏ, ਪਹਿਲਾਂ ਆਉਂਦੇ ਹੀ ਹਮੇਸ਼ਾਂ ਮੇਰੇ ਘਰ ਦੇ ਗੇਟ ਅੱਗੇ ਬਣਾਈ ਸੀਮੈਂਟ ਦੀ ਥੜ੍ਹੀ ਉੱਤੇ ਸਾਹ ਲੈਣ ਲਈ ਬੈਠ ਜਾਂਦੇ ਸਨ। ਕਦੇ-ਕਦੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰ ਲੈਂਦੇ ਸਨ ਅਤੇ ਮੇਰੇ ਪਰਿਵਾਰ ਦੀ ਸੁੱਖ-ਸਾਂਦ ਪੁੱਛਣਾ ਕਦੇ ਨਹੀਂ ਭੁੱਲਦੇ ਸਨ। ਉਹ ਮੈਨੂੰ ਆਪਣੀ ਧਰਮ ਦੀ ਧੀ ਕਹਿੰਦੇ ਸਨ। ਇਸ ਨਾਲ ਉਨ੍ਹਾਂ ਪ੍ਰਤੀ ਮੇਰੇ ਅੰਦਰਲੀ ਮੋਹ ਦੀ ਤੰਦ ਹੋਰ ਵੀ ਪੀਡੀ ਹੋ ਗਈ ਸੀ। ਇੱਕ ਵਾਰੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਦੀਆਂ ਤਿੰਨ ਧੀਆਂ ਹੀ ਹਨ ਜੋ ਸਾਰੀਆਂ ਵਿਆਹੀਆਂ ਹੋਈਆਂ ਹਨ।

ਤੇ ਨਾਲ ਹੀ ਕਹਿੰਦੇ”… ਪਰ ਪੁੱਤਰ ਸਾਨੂੰ ਕੋਈ ਨਹੀਂ ਜੇ ਪੁੱਛਦਾ, ਤੇਰੀ ਆਂਟੀ ਦੀ ਨਿਗਾਹ ਕੋਈ ਨਾ ਹੈ ਸੀ, ਮੈਨੂੰ ਜੋ ਸੰਸਥਾ ਵਾਲੇ ਥੋੜ੍ਹਾ ਬਹੁਤਾ ਦੇ ਛੱਡਦੇ ਨੇ,ਉਸ ਨਾਲ ਈ ਅਸੀਂ ਗੁਜ਼ਾਰਾ ਕਰ ਛੱਡਨੇਂ ਆ ਧੀਏ…।”ਇਹ ਗੱਲ ਸੁਣ ਕੇ ਮੈਨੂੰ ਬਾਬਾ ਜੀ ਤੇ ਕਾਫੀ ਤਰਸ ਆਇਆ । ਉਸ ਤੋਂ ਬਾਅਦ ਮੈਂ ਦਾਨ ਪਾਤਰ ਵਿੱਚ ਦਸ-ਵੀਹ ਰੁਪਏ ਪਾਉਣੇਂ ਤੇ ਬਾਬਾ ਜੀ ਨੂੰ ਪੰਜਾਹ-ਸੌ ਰੁਪਏ ਸਿੱਧੇ ਦੇ ਦੇਣੇ ਕਿਉਂਕਿ ਮੇਰੀ ਸੋਚ ਮੁਤਾਬਕ ਬਜ਼ੁਰਗਾਂ ਦਾ ਜੀਅ ਵੀ ਤਾਂ ਬੱਚਿਆਂ ਵਰਗਾ ਹੁੰਦਾ ਹੈ, ਰਸਤੇ ਵਿੱਚ ਕਦੇ ਕੁਝ ਖਾਣ ਨੂੰ ਹੀ ਦਿਲ ਕਰ ਆਉਂਦਾ ਹੈ। ਇਹ ਗੱਲ ਮੈਂ ਆਪਣੇ ਬੇਟੇ ਅਤੇ ਪਤੀ ਨੂੰ ਵੀ ਦੱਸ ਦਿੱਤੀ ਸੀ ਕਿਉਂਕਿ ਜੇ ਉਹ ਮੇਰੀ ਗ਼ੈਰਹਾਜ਼ਰੀ ਵਿੱਚ ਵੀ ਆਉਣ ਤਾਂ ਉਹ ਵੀ ਮੇਰੇ ਵਾਂਗ ਹੀ ਕਰਨ। ਬਾਬਾ ਜੀ ਨੂੰ ਸਾਹ ਬਹੁਤ ਚੜ੍ਹਦਾ ਸੀ ਉਸ ਲਈ ਮੈਂ ਆਪਣੇ ਪਤੀ ਨੂੰ ਕਹਿ ਕੇ ਮਹੀਨੇ ਭਰ ਦੀ ਦਵਾਈ ਮੰਗਵਾ ਕੇ ਦੇ ਦੇਣੀ ।ਕਈ ਸਾਲ ਇੰਝ ਹੀ ਚੱਲਦਾ ਰਿਹਾ।

ਇੱਕ ਦਿਨ ਮੈਂ ਘਰ ਹੀ ਸੀ ਜਦ ਬਾਬਾ ਜੀ ਆਏ। ਬਾਬਾ ਜੀ ਦੇ ਚਿਹਰੇ ਤੇ ਸੱਟਾਂ ਦੇ ਕਾਫ਼ੀ ਨਿਸ਼ਾਨ ਸਨ । ਮੈਂ ਬਾਬਾ ਜੀ ਨੂੰ ਪੁੱਛਿਆ,” ਬਾਬਾ ਜੀ ਇਹ ਸੱਟਾਂ ਕਿਵੇਂ ਲੱਗ ਗਈਆਂ?”……” ਪੁੱਤਰ ਨਿਗਾਹ ਬਹੁਤ ਘਟ ਗਈ ਹੈ ਤੇ ਦਿਸਦਾ ਕੋਈ ਨਾ ਹੈ ਸੀ, ਸਾਈਕਲ ਅੱਗੇ ਡੂੰਘਾ ਟੋਆ ਆ ਗਿਆ ਤੇ ਮੈਂ ਬੁਰੀ ਤਰ੍ਹਾਂ ਡਿੱਗ ਖਲੋਤਾ ਸਾਂ, ਪੁੱਤਰ ਡਾਕਟਰ ਆਂਹਦੇ ਨੇ ਚਸ਼ਮਾ ਲੱਗਣਾ ਸੂ, ਤੈਨੂੰ ਤੇ ਪਤਾ ਈ ਆ ਪੁੱਤਰ ਰੋਟੀ ਦਾ ਗੁਜ਼ਾਰਾ ਮਸਾਂ ਹੋਂਦਾ ਏ , ਚਸ਼ਮੇ ਤੇ ਤਿੰਨ ਸੌ ਰੁਪਏ ਕਿੱਥੋਂ ਲਗਾਵਾਂ… ‌‌..”ਬਾਬਾ ਜੀ ਬੋਲੇ। ਮੇਰਾ ਦਿਲ ਪਸੀਜ ਗਿਆ ਬਸ ਅੱਖਾਂ ਵਿੱਚ ਅੱਥਰੂ ਨਹੀਂ ਆਏ ਪਰ ਦਿਲ ਰੋ ਰਿਹਾ ਸੀ ਬਾਬਾ ਜੀ ਦੀ ਇਹ ਗੱਲ ਸੁਣ ਕੇ। ਮੈਂ ਬਾਬਾ ਜੀ ਨੂੰ ਕਿਹਾ, “ਬਾਬਾ ਜੀ ਤੁਸੀਂ ਅੱਜ ਹੀ ਆਪਣਾ ਚਸ਼ਮਾ ਬਣਵਾਉਣਾ ਦੇ ਦਿਓ,ਜਿੰਨੇ ਪੈਸੇ ਉਹ ਮੰਗੇਗਾ ਤੁਸੀਂ ਮੇਰੇ ਤੋਂ ਲੈ ਜਾਇਓ।” ਕੁਛ ਦਿਨ ਬਾਅਦ ਬਾਬਾ ਜੀ ਆਏ ਤਾਂ ਉਨ੍ਹਾਂ ਦੇ ਮੋਟੇ ਸ਼ੀਸ਼ੇ ਵਾਲਾ ਚਸ਼ਮਾ ਲੱਗਿਆ ਹੋਇਆ ਸੀ ਤੇ ਮੈਨੂੰ ਕਹਿੰਦੇ , ” ਪੁੱਤਰ, ਦੋ ਸੌ ਰੁਪਏ ਦੇ ਦੇ ,ਬਾਕੀ ਉਹ ਕਹਿੰਦਾ ਐ ਕਿ ਮੈਂ ਘੱਟ ਕਰ ਦਿੱਤੇ ਹਨ।”

ਹੁਣ ਬਾਬਾ ਜੀ ਨੂੰ ਸੰਸਥਾ (ਯਤੀਮਖਾਨੇ) ਵਾਲਿਆਂ ਨੇ ਸਕੂਟਰੀ ਲੈ ਦਿੱਤੀ ਸੀ, ਦਾਨ ਅਤੇ ਕੱਪੜੇ ਵਗੈਰਾ ਇਕੱਠੇ ਕਰਨ ਲਈ ਕਿਉਂਕਿ ਹੁਣ ਉਹ ਉੱਥੇ ਸੰਸਥਾ ਵਿੱਚ ਹੀ ਰਹਿਣ ਲੱਗ ਪਏ ਸਨ।ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ ਸੀ। ਉਹਨਾਂ ਦੀਆਂ ਧੀਆਂ ਨੇ ਮਕਾਨ ਪਹਿਲਾਂ ਹੀ ਆਪਣੇ ਨਾਂ ਲਗਵਾ ਲਿਆ ਸੀ। ਮਾਂ ਦੀ ਮੌਤ ਤੋਂ ਬਾਅਦ ਬਾਬਾ ਜੀ ਦੀਆਂ ਤਿੰਨੇ ਧੀਆਂ ਨੇ ਮਕਾਨ ਵੇਚ ਕੇ ਪੈਸੇ ਵੰਡਣੇ ਸਨ ਇਸ ਲਈ ਉਹਨਾਂ ਨੇ ਉਨ੍ਹਾਂ ਨੂੰ ਘਰ ਛੱਡਣ ਨੂੰ ਕਹਿ ਦਿੱਤਾ ਸੀ।

ਬਾਬਾ ਜੀ ਨੇ ਹਮੇਸ਼ਾਂ ਕਹਿਣਾ ,” ਧੀਏ ਇੱਕ ਉਹ ਧੀਆਂ ਜਿੰਨਾਂ ਕਦੇ ਮੇਰਾ ਹਾਲ ਨਾ ਪੁੱਛਿਆ ਸੁ ਕਿ ਤੂੰ ਜੀਂਵਦਾਂ ਵੀ ਏਂ ਕਿ ਮਰ ਗਿਆਂ ਏਂ ਤੇ ਇੱਕ ਤੂੰ ਮੇਰੀ ਧਰਮ ਦੀ ਧੀ… ਮੇਰਾ ਕਿੰਨਾ ਖਿਆਲ ਰੱਖਨੀਂ ਏਂ। ਪੁੱਤਰ ਪਰਮਾਤਮਾ ਤੈਨੂੰ ਏਨਾ ਕੁਝ ਦੇਵੇਗਾ ਤੂੰ ਦੇਖੀਂ ਜਾਈਂ… ਤੇਰੇ ਏਹ ਬੁੱਢੜੇ ਬਾਪ ਦੀਆਂ ਅੰਦਰੋਂ ਅਸੀਸਾਂ ਆਉਂਦੀਆਂ ਪਈਆਂ ਨੇ… ‌‌.. ਤੈਨੂੰ ਬੜੇ ਰੰਗ ਭਾਗ ਲੱਗਣੇ ਨੇ ਪੁੱਤਰ ਤੂੰ ਦੇਖੀਂ ਜਾਈਂ ….। ਹੋਰ ਸੁਣਾ ਪੁੱਤਰ, ਮੇਰਾ ਦੋਹਤਰਾ ਬਾਹਰ ਕਦੋਂ ਜਾਵੇਗਾ…ਓਹਦੇ ਕਾਗਜ਼ ਤੋਰੇ ਆ ਕਿ ਨਹੀਂ? ਮੇਰਾ ਦੋਹਤਰਾ ਜਿਸ ਦਿਨ ਬਾਹਰ ਚਲਾ ਗਿਆ, ਪੁੱਤਰ ਮੈਂ ਤੇਰੇ ਤੋਂ ਇੱਕ ਚਿੱਟਾ ਕੁੜਤਾ ਪਜਾਮਾ ਤੇ ਨੀਲੀ ਪੱਗ ਲਵਾਂਗਾ।” ਇਸ ਤਰ੍ਹਾਂ ਬਾਬਾ ਜੀ ਅਸੀਸਾਂ ਦੀ ਝੜੀ ਲਗਾ ਦਿੰਦੇ ,ਹਜੇ ਮੈਂ ਉਨ੍ਹਾਂ ਲਈ ਬਹੁਤਾ ਖ਼ਾਸ ਕਰਦੀ ਹੀ ਕੀ ਸੀ?

ਹੁਣ ਹਰ ਫੇਰੀ ਉਹਨਾਂ ਦੀ ਪਹਿਲੀ ਗੱਲ ਆਪਣੇ ਦੋਹਤਰੇ ਦੇ ਬਾਹਰ ਜਾਣ ਤੋਂ ਸ਼ੁਰੂ ਹੁੰਦੀ। ਮੈਂ ਵੀ ਬਾਬਾ ਜੀ ਨੂੰ ਕਹਿ ਛੱਡਣਾ ,”ਬਾਬਾ ਜੀ ਤੁਸੀਂ ਅਰਦਾਸ ਕਰਿਆ ਕਰੋ, ਵੱਡਿਆਂ ਦੀ ਅਰਦਾਸ ਛੇਤੀ ਕਬੂਲ ਹੁੰਦੀ ਹੈ।” “….. ਪੁੱਤਰ ਮੈਂ ਤੇ ਰੋਜ਼ ਕਰਨਾਂ ਏਂ, ਵਾਹਿਗੁਰੂ ਜਰੂਰ ਸੁਣੇਗਾ।” ਬਾਬਾ ਜੀ ਨੇ ਕਹਿਣਾ।

ਫਿਰ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ ਮੇਰਾ ਪੁੱਤਰ ਅਮਰੀਕਾ ਆਪਣੀ ਪਤਨੀ ਕੋਲ ਚਲਾ ਗਿਆ। ਮੈਨੂੰ ਬਾਬਾ ਜੀ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਬਾਬਾ ਜੀ ਲਈ ਮੈਂ ਵਧੀਆ ਕੁੜਤਾ ਪਜਾਮਾ ਖਰੀਦ ਕੇ ਰੱਖਿਆ ਹੋਇਆ ਸੀ। ਮਹੀਨੇ ਕੁ ਬਾਅਦ ਬਾਬਾ ਜੀ ਆਏ ਤਾਂ ਮੈਂ ਬਾਬਾ ਜੀ ਨੂੰ ਦੱਸਿਆ, ਉਹ ਬਹੁਤ ਹੀ ਖੁਸ਼ ਹੁੰਦੇ ਹੋਏ ਕਿੰਨਾਂ ਈ ਚਿਰ ਵਾਹਿਗੁਰੂ ਦੇ ਸ਼ੁਕਰਾਨੇ ਕਰਦੇ ਰਹੇ। ਡਰਾਇੰਗ ਰੂਮ ਵਿੱਚ ਬਿਠਾ ਕੇ ਉਨ੍ਹਾਂ ਨੂੰ ਪ੍ਰਸ਼ਾਦਾ ਛਕਾਇਆ । ਉਹ ਬਹੁਤ ਹੀ ਖੁਸ਼ ਸਨ । ਮੈਂ ਉਨ੍ਹਾਂ ਨੂੰ ਕੱਪੜੇ ਸਵਾਉਣ ਲਈ ਪੈਸੇ ਵੀ ਦਿੱਤੇ। ਬਾਬਾ ਜੀ ਜਾਂਦੇ ਜਾਂਦੇ ਇੱਕ ਹੋਰ ਵਾਅਦੇ ਨਾਲ ਅਸੀਸ ਵੀ ਦੇ ਕੇ ਗਏ ,”ਹੁਣ ਮੇਰੇ ਦੋਹਤਰੇ ਦੇ ਘਰ ਪੁੱਤਰ ਹੋਵੇਗਾ ਤਾਂ ਮੈਂ ਫਿਰ ਸੂਟ ਲੈ ਕੇ ਜਾਵਾਂਗਾ।”

ਉਸ ਤੋਂ ਬਾਅਦ ਉਹਨਾਂ ਦੀਆਂ ਦੋ-ਤਿੰਨ ਫ਼ੇਰੀਆਂ ਹੀ ਲੱਗੀਆਂ ਹੋਣਗੀਆਂ। ਅੱਜ ਉਹਨਾਂ ਦੇ ਦੋਹਤਰੇ ਦਾ ਪੁੱਤਰ ਇੱਕ ਸਾਲ ਤੋਂ ਵੱਧ ਦਾ ਹੋ ਚੁੱਕਾ ਹੈ , ਬਾਬਾ ਜੀ ਨਹੀਂ ਆਏ। ਪਰ‌ ਮੈਨੂੰ ਉਹਨਾਂ ਦੀ ਉਡੀਕ ਰਹਿੰਦੀ ਹੈ।ਕਦੇ ਕਦੇ‌ ਅਸੀਂ ਦੋਵੇਂ ਜੀਅ ਸਾਂਝੇ ਤੌਰ ਤੇ ਉਹਨਾਂ ਨੂੰ ਯਾਦ ਕਰਦਿਆਂ ਜ਼ਿਕਰ ਕਰਦੇ ਹਾਂ ਤੇ ਮੇਰੇ ਕਹਿਣ ਤੇ ਕਿ ਬਾਬਾ ਜੀ ਨੂੰ ਯਤੀਮਖਾਨੇ ਦੇਖ ਕੇ ਆਈਏ ਤਾਂ ਲਾਰਾ ਲਾ ਛੱਡਦੇ ਜਾਂ ਸੱਚੀਂ ਕਹਿੰਦੇ ਹਨ , “ਹਾਂ ਚੱਲਾਂਗੇ।” ਮੈਂ ਵੀ ਬਹੁਤਾ ਜ਼ੋਰ ਨਹੀਂ ਪਾਉਂਦੀ, ਸ਼ਾਇਦ ਮਨ ਵਿੱਚ ਕਿਸੇ ਗੱਲ ਦਾ ਡਰ ਜਿਹਾ ਹੈ । ਮੈਂ ਜਦ ਵੀ ਕੋਈ ਖੁਸ਼ੀ ਮਨਾਉਂਦੀ ਹਾਂ ਮੈਨੂੰ ਬਾਬਾ ਜੀ ਦੀ ਯਾਦ ਆਉਂਦੀ ਹੈ ਕਿ ਉਹਨਾਂ ਨੂੰ ਵਧੀਆ ਕੱਪੜੇ ਲੈ ਕੇ ਦੇਵਾਂ। ਚਾਹੇ ਉਹਨਾਂ ਨੂੰ ਆਇਆਂ ਡੇਢ ਸਾਲ ਤੋਂ ਉੱਪਰ ਹੋ ਚੁੱਕਿਆ ਹੈ,ਪਰ ਮੇਰੀ ਉਡੀਕ ਨਹੀਂ ਮੁੱਕੀ। ਕਦੇ ਕਦੇ ਅਸੀਂ ਉਨ੍ਹਾਂ ਦਾ ਜ਼ਿਕਰ ਕਰਦੇ ਹਾਂ , ਉਹਨਾਂ ਨੂੰ ਯਾਦ ਕਰਦੇ ਹਾਂ ।ਉਹ ਸਾਡੀਆਂ ਯਾਦਾਂ ਦਾ ਇੱਕ ਅਹਿਮ ਹਿੱਸਾ ਹਨ।

ਅੱਜ ਵੀ ਮੈਨੂੰ ਉਹਨਾਂ ਦੀ ਉਡੀਕ ਹੈ। ਉਹਨਾਂ ਕੋਲੋਂ ਮਿਲਣ ਵਾਲੀਆਂ ਬੇਸ਼ੁਮਾਰ ਕੀਮਤੀ ਅਸੀਸਾਂ ਦੀ ਉਡੀਕ ਹੈ। ਇੱਕ ਧਰਮ ਦੀ ਧੀ ਨੂੰ ਧਰਮ ਦੇ ਬੁੱਢੇ ਬਾਪ ਦੀ ਉਡੀਕ ਹੈ।

ਬਰਜਿੰਦਰ ਕੌਰ ਬਿਸਰਾਓ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਹਰਮਿੰਦਰ ਸਿੰਘ ਦੀ ਰਾਣਾ ਗੁਰਜੀਤ ਸਿੰਘ ਨਾਲ ਹੋਈ ਅਚਾਨਕ ਮੁਲਾਕਾਤ ਨੇ ਸਿਆਸੀ ਗਲਿਆਰਿਆਂ ਵਿੱਚ ਛੇੜੀ ਚਰਚਾ
Next articleਜਾਤ-ਪਾਤੀ ਜੱਕੜਪੰਜਾ ਕਿਵੇਂ ਟੁੱਟੇ