ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਉਪਰੰਤ ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੇ ਉਮੀਦਵਾਰ ਐਲਾਨੇ ਗਏ ਕੈਪਟਨ ਹਰਮਿੰਦਰ ਸਿੰਘ ਨੇ ਅੱਜ ਅਚਾਨਕ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਦਫਤਰ ਵਿਖੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਇਸ ਮੌਕੇ ਭਾਵੇਂ ਉਨ੍ਹਾਂ ਨੇ ਆਪਣੀ ਮੁਲਾਕਾਤ ਨੂੰ ਨਿੱਜੀ ਅਤੇ ਪਰਿਵਾਰਕ ਦੱਸਿਆ। ਪਰੰਤੂ ਇਸ ਮੁਲਾਕਾਤ ਨਾਲ ਸਿਆਸੀ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ ।ਇਸ ਦੌਰਾਨ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਹਰਮਿੰਦਰ ਸਿੰਘ ਮੇਰੇ ਪੁਰਾਣੇ ਮਿੱਤਰ ਹਨ ਤੇ ਇਨ੍ਹਾਂ ਲਈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਹਨ ।
ਦੋ ਵਿਰੋਧੀ ਪਾਰਟੀਆਂ ਦੇ ਵੱਖ ਵੱਖ ਆਗੂਆਂ ਦੀ ਇਸ ਮਿਲਣੀ ਨੂੰ ਕਿਸ ਢੰਗ ਨਾਲ ਦੇਖਿਆ ਜਾਵੇ ? ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਮੁਲਾਕਾਤ ਬਿਲਕੁਲ ਪਰਿਵਾਰਕ ਮੁਲਾਕਾਤ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਸਿਆਸੀ ਤੌਰ ਤੇ ਨਾ ਦੇਖਿਆ ਜਾਵੇ । ਉਹਨਾਂ ਕਿਹਾ ਕਿ ਜੇਕਰ ਇਹ ਮੁਲਾਕਾਤ ਸਿਆਸੀ ਹੁੰਦੀ ਤਾਂ ਇਸ ਨੂੰ ਗੁਪਤ ਤੌਰ ਤੇ ਕੀਤਾ ਜਾਂਦਾ। ਉਨ੍ਹਾਂ ਨੇ ਇਸ ਦੌਰਾਨ ਕੈਪਟਨ ਹਰਮਿੰਦਰ ਸਿੰਘ ਦੇ ਕੁਝ ਦਿਨ ਪਹਿਲਾਂ ਹੀ ਅਕਾਲੀ ਪਾਰਟੀ ਜੁਆਇੰਨ ਕਰਨ ਅਤੇ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦਾ ਉਮੀਦਵਾਰ ਬਣਾਏ ਜਾਣ ਤੇ ਰਾਣਾ ਗੁਰਜੀਤ ਸਿੰਘ ਨੇ ਕੈਪਟਨ ਹਰਮਿੰਦਰ ਸਿੰਘ ਨੂੰ ਵਧਾਈ ਦਿੱਤੀ।
ਇਸ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਆਪਣੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਦੀਆਂ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੂੰ ਲੋਕਾਂ ਵੱਲੋਂ ਉਠਾਈ ਮੰਗ ਦੱਸਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਨ ਮੇਰੇ ਪੁੱਤਰ ਨੂੰ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਦਿੰਦੀ ਹੈ ਤਾਂ ਇਹ ਸੀਟ ਅਸੀਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਵਾਂਗੇ । ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਦਾ ਸੱਚਾ ਸਿਪਾਹੀ ਹਾਂ ਅਤੇ ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਰਹਾਂਗਾ। ਦੂਸਰੇ ਪਾਸੇ ਕੈਪਟਨ ਹਰਮਿੰਦਰ ਸਿੰਘ ਨੇ ਵੀ ਇਸ ਮੁਲਾਕਾਤ ਨੂੰ ਇਕ ਪਰਿਵਾਰਕ ਮੁਲਾਕਾਤ ਦੱਸਦੇ ਹੋਏ ਕਿਹਾ ਕਿ ਰਾਜਨੀਤੀ ਵਿੱਚ ਉਨ੍ਹਾਂ ਨੂੰ ਰਾਣਾ ਗੁਰਜੀਤ ਸਿੰਘ ਹੀ ਲੈ ਕੇ ਆਏ ਸਨ । ਇਸ ਲਈ ਉਹ ਰਾਣਾ ਗੁਰਜੀਤ ਸਿੰਘ ਨੂੰ ਆਪਣਾ ਰਾਜਨੀਤਕ ਗੁਰੂ ਹੀ ਮੰਨਦੇ ਹਨ । ਜ਼ਿਕਰਯੋਗ ਹੈ ਕਿ ਕੈਪਟਨ ਹਰਮਿੰਦਰ ਸਿੰਘ ਅਕਾਲੀ ਦਲ ਦਾ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਬਣਾਏ ਜਾਣ ਤੇ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਤੇ ਜਾਂ ਆਜ਼ਾਦ ਉਮੀਦਵਾਰ ਚੋਣ ਲੜਨ ਦੀਆਂ ਚਰਚਾਵਾਂ ਨੂੰ ਦੇਖਦੇ ਹੋਏ ਇਸ ਮੁਲਾਕਾਤ ਨੂੰ ਸਿਆਸੀ ਗਲਿਆਰਿਆਂ ਵਿੱਚ ਕਈ ਮਾਇਆਨਿਆਂ ਨਾਲ ਦੇਖਿਆ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly