ਜੇ ਨੌਜਵਾਨ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਫ਼ੇਰ ਸਵਾਲ ਪੁੱਛਣ ਦਾ ਕਿਉਂ ਨਹੀਂ ?

(ਸਮਾਜ ਵੀਕਲੀ)

ਦੋਸਤੋ , ਮੈਂ ਜਦੋਂ ਤੋਂ ਪੰਜਾਬ ਦੀ ਸਿਆਸਤ ਨੂੰ ਸਮਝਣਾ ਸ਼ੁਰੂ ਕੀਤਾ ਉਦੋਂ ਤੋਂ ਦੇਖਦਾ ਤੇ ਸੁਣਦਾ ਆ ਰਿਹਾ ਹਾਂ ਕਿ ਜਦੋਂ ਕਦੇ ਕਿਸੇ ਨੌਜਵਾਨ ਵੱਲੋਂ ਆਪਣੇ ਗਲ਼ੀ ਮੁਹੱਲੇ ਵਿੱਚ ਹੋਏ ਵਿਕਾਸ , ਖੇਡ ਗਰਾਊਂਡ ਪਾਰਕਾਂ ਦੇ ਹੋ ਰਹੇ ਵਿਕਾਸ ਜਾਂ ਹੋਰ ਕਿਸੇ ਤਰਾਂ ਦੇ ਵੀ ਵਿਕਾਸ ਬਾਰੇ ਜਾਂ ਵਿਕਾਸ ਨਾ ਹੋਣ ਤੇ ਲੀਡਰਾਂ ਨੂੰ ਸਵਾਲ ਕਰਨੇ ਚਾਹੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਗਲ਼ੀ ਮੁਹੱਲੇ ਦੇ ਪਾਰਟੀ ਨਾਲ ਸਬੰਧਤ ਨੁਮਾਇੰਦੇ (ਪੰਚ, ਸਰਪੰਚ, ਕੌਂਸਲਰ ਜਾਂ ਪ੍ਰਧਾਨ ਵਗੈਰਾ) ਉੱਥੇ ਹੀ ਰੋਕ ਦਿੰਦੇ ਨੇ !

ਉਨ੍ਹਾਂ ਨੂੰ ਕਹਿਣ ਲਗਦੇ ਨੇ … ਤੁਸੀਂ ਕੀ ਲੈਣਾ ?

ਥੋਡੀ ਉਮਰ ਪੜਨ ਲਿਖਣ ਦੀ ਹੈ !

ਥੋਡੀ ਉਮਰ ਮਾਪਿਆਂ ਦੀ ਸੇਵਾ ਕਰਨ ਦੀ ਹੈ !

ਆ ਤੁਸੀਂ ਕਿਹੜੇ ਰਾਹੇ ਤੁਰ ਪਏ ?

ਭਾਵ ਕਿ ਤਰਾਂ ਤਰਾਂ ਦੇ ਤਾਨੇ ਮਿਹਣੇ ਮਾਰਨ ਲੱਗ ਜਾਂਦੇ ਨੇ !

ਉਨ੍ਹਾਂ ਨੂੰ ਅੱਖਾਂ ਦਿਖਾਉਣੀਆ ਸ਼ੁਰੂ ਕਰ ਦਿੰਦੇ ਨੇ !

ਕਈਆਂ ਤੇ ਅੱਜ ਤੱਕ ਨਜਾਇਜ਼ ਪਰਚੇ ਵੀ ਕਰਵਾਏ ਗਏ ਨੇ ਤੇ ਕੁਟਮਾਰ ਤੱਕ ਵੀ ਕੀਤੀ ਗਈ ਹੈ !

ਪਰ !!!!!!!

ਕੀ ਨੌਜਵਾਨ ਨੂੰ ਸਿਰਫ਼ ਵੋਟ ਪਾਉਣ ਦਾ ਹੀ ਅਧਿਕਾਰ ਹੈ , ਸਵਾਲ ਪੁੱਛਣ ਦਾ ਨਹੀਂ ?

ਕੀ ਨੌਜਵਾਨ ਸਿਰਫ਼ ਇਨ੍ਹਾਂ ਦੀਆਂ ਰੈਲੀਆਂ ‘ਚ ਹੀ ਜਾ ਸਕਦਾ , ਆਪਣੀ ਗੱਲ ਕਿਉਂ ਨੀ ਕਹਿ ਸਕਦਾ ?

ਕੀ ਨੌਜਵਾਨ ਸਿਰਫ਼ ਤੁਹਾਡੇ ਇਕੱਠਾ ਵਿੱਚ ਦਰੀਆਂ ਮੈਟ ਝਾੜ ਕੇ ਵਿਛਾਉਣ ਲਈ ਹੀ ਹੈ , ਆਪਣੇ ਇਲਾਕੇ ਦੇ ਮੁੱਦੇ ਨੂੰ ਸਾਹਮਣੇ ਨਹੀਂ ਰੱਖ ਸਕਦਾ ?

ਖ਼ੈਰ !!!

ਨੌਜਵਾਨ ਵੀਰੋ ਯਾਦ ਰੱਖਿਓ , ਇਹ ਦਬਦਿਆਂ ਨੂੰ ਦਬਾਉਂਦੇ ਨੇ !

ਜੇ ਥੋਨੂੰ 18 ਸਾਲ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਹੈ ਤਾਂ ਥੋਨੂੰ ਸਵਾਲ ਪੁੱਛਣ ਦਾ ਵੀ ਪੂਰਾ ਅਧਿਕਾਰ ਹੈ !

ਜੇ ਤੁਸੀਂ ਆਪਣੀ ਮੱਤ ਦਾ ਦਾਨ (ਮੱਤਦਾਨ/ਵੋਟ) ਕਰ ਸਕਦੇ ਹੋ ਤਾਂ ਤੁਸੀਂ ਹਰ ਵੱਡੇ ਤੋਂ ਵੱਡੇ ਨੁੰਮਾਇੰਦੇ ਨੂੰ ਸਾਰਥਕ ਸ਼ਬਦਾਂ ਵਿਚ ਆਪਣੇ ਸਵਾਲ ਵੀ ਪੁੱਛ ਸਕਦੇ ਹੋ !

ਅੱਜ ਜਾਗਣ ਦੀ ਲੋੜ ਹੈ , ਆਪਣੇ ਇਲਾਕੇ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਜ਼ਰੂਰ ਰੱਖੋ , ਮਟੀਰੀਅਲ ਘੱਟ ਜਾਂ ਘਟੀਆ ਪਾਉਣ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਮੁੱਦਾ ਲਿਆਓ ਅਗਰ ਕੋਈ ਕਾਰਵਾਈ ਨਾ ਹੋਵੇ ਤਾਂ ਮੁੱਦੇ ਨੂੰ ਇਲਾਕੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਗਰਮਾਓ , ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ , ਮੀਡੀਆ ਦੀ ਮਦਦ ਲਵੋ !

ਜਿੱਥੇ ਤੱਕ ਕਨੂੰਨੀ ਲੜਾਈ ਲੜ ਸਕਦੇ ਹੋ ਲੜੋ , ਦਬੋ ਨਾ !

ਸਾਡੇ ਪੰਜਾਬ ਨੂੰ ਇਨ੍ਹਾਂ ਗੱਲਾਂ ਨੇ ਡੋਬ ਦਿੱਤਾ –

ਆਪਾਂ ਕੀ ਲੈਣਾ ?

ਕਿਹੜਾ ਪੰਗਾ ਲਊ ਇਨਾਂ ਨਾਲ ?

ਜੋ ਕਰੂ ਸੋ ਭਰੂ !

ਕੀ ਕਰ ਸਕਦੇ ਹਾਂ ?

ਵਗੈਰਾ ਵਗੈਰਾ !

ਅਗਰ ਤੁਸੀਂ ਕੁਛ ਚੰਗਾ ਨਹੀਂ ਕਰ ਸਕਦੇ ਤਾਂ ਚੰਗਾ ਕਰਨ ਵਾਲੇ ਦਾ ਸਾਥ ਦਿਓ , ਜੇ ਸਾਥ ਨਹੀਂ ਦੇ ਸਕਦੇ ਤਾਂ ਹੌਸਲਾ ਦਿਓ , ਜੇ ਹੌਸਲਾ ਨਹੀਂ ਦੇ ਸਕਦੇ ਫੇਰ ਆਪਣੇ ਆਪ ਨੂੰ ਅਜਿਹਾ ਬਣਾ ਲਓ ਕਿ ਆਉਣ ਵਾਲੇ ਸਮੇਂ ਵਿੱਚ ਅਗਰ ਭ੍ਰਿਸ਼ਟਾਚਾਰ ਕਰਕੇ ਸਾਡੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਵਗੈਰਾ ਲੀਕੇਜ ਨਾਲ ਮਿਲਦਾ ਹੈ ਤੇ ਤੁਸੀਂ ਉਹ ਪਾਣੀ ਪੀਕੇ ਬੀਮਾਰ ਹੁੰਦੇ ਹੋ ਫੇਰ ਤੁਸੀਂ ਉਸ ਘਟਨਾ ਨੂੰ ਹੱਸ ਕੇ ਕਬੂਲ ਕਰੋ !

ਆਸ਼ਕੀਆਂ ਪਿੱਛੇ , ਵੱਟਾ ਪਿੱਛੇ , ਜ਼ਮੀਨਾਂ ਪਿੱਛੇ , ਨਾਲ਼ੀਆਂ ਪਿੱਛੇ ਬਥੇਰੇ ਲੜਦੇ ਨੇ … ਜੇ ਲੜਨਾ ਹੀ ਹੈ ਤਾਂ ਆਪਣੇ ਸਮਾਜ ਲਈ ਲੜੋ ਜਿਸਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਫ਼ਾਇਦਾ ਵੀ ਹੋਵੇ !

ਇਸ ਕਰਕੇ ਜਾਗੋ , ਏਕਾ ਰੱਖੋ , ਡਰੋ ਨਾ !

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਰਿੰਦਰਪਾਲ ਬਣਿਆ ਇਕਾਈ ਮੁਖੀ
Next articleਲੱਚਰ ਗਾਇਕੀ ਪੰਜਾਬੀ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਰਹੀ ਹੈ- ਪੰਡਿਤਰਾਓ