(ਸਮਾਜ ਵੀਕਲੀ)
ਸੋਸ਼ਲ ਮੀਡੀਆ ਤੇ “ਭੱਟੀ ਭੈਣਾਂ” ਨਾਮ ਨਾਲ ਮਸ਼ਹੂਰ ਹਨ, ਇਹ ਬੱਚੀਆਂ ਬੁਹਤ ਹੀ ਪਿਆਰੀਆਂ ਨੇ। ਵੱਡੀ ਜਸਪ੍ਰੀਤ ਕੌਰ ਭੱਟੀ ਤੇ ਛੋਟੀ ਸ਼ਰਨਪ੍ਰੀਤ ਕੌਰ ਭੱਟੀ। ਇਹਨਾਂ ਦਾ ਜਨਮ ਸ਼ਾਹਕੋਟ ਵਿੱਚ ਮਾਤਾ ਕਮਲੇਸ਼ ਕੌਰ ਅਤੇ ਪਿਤਾ ਕਮਲਜੀਤ ਸਿੰਘ ਜੀ ਦੇ ਘਰ ਹੋਇਆ। ਇਹਨਾਂ ਦੀ ਮਾਤਾ ਜੋ ਕੇ ਕਵਿਤਾਵਾਂ ਤੇ ਗੀਤਾਂ ਦੇ ਲੇਖਕ ਹਨ,ਸਾਹਿਤਕ ਸਭਾਵਾਂ ਦੇ ਗਾਇਕ ਵੀ ਹਨ। ਉਹਨਾਂ ਦੀਆਂ ਹੀ ਲਿਖੀਆਂ ਕਵਿਤਾਵਾਂ ਤੇ ਗੀਤ ਪੜ੍ਹ ਕੇ ਤੇ ਸਮੇਂ ਸਮੇਂ ਤੇ ਸੁਣ ਕੇ ਉਹਨਾਂ ਨੂੰ ਗਾਉਣ ਵੱਲ ਰੁਚੀ ਵਧਣ ਲੱਗੀ। ਪਰ ਅੱਜ ਕੱਲ ਦੀ ਗਾਇਕੀ ਤੋਂ ਨਿਰਾਸ਼ ਭੱਟੀ ਭੈਣਾਂ ਨੇ ਸਮੇਂ ਸਮੇਂ ਤੇ ਆਪਣੀ ਮਾਂ ਵਲੋਂ ਗਾਏ ਲਿਖੇ ਗੀਤਾਂ ਰਾਹੀਂ ਹਮੇਸ਼ਾ ਵਧੀਆ ਸੁਨੇਹਾ ਦਿੱਤਾ। ਕਿਸਾਨਾਂ ਦੇ ਹੱਕ ਵਿੱਚ ਗੀਤ “ਜੇ ਖੇਤਾਂ ਦੇ ਵਿੱਚ ਆ ਗਏ ਅਸੀਂ ਭਜਾਉਣਾ ਜਾਣਦੇ ਹਾਂ” ਗਾ ਕੇ ਕਿਸਾਨਾਂ ਦਾ ਸਾਥ ਦਿੱਤਾ। ਇਸੇ ਤਰਾਂ ਇੱਕ ਕਵਿਤਾ ਰਾਹੀਂ ਕੰਗਣਾ ਨੂੰ ਮੂੰਹ ਤੋੜ ਜਵਾਬ ਦਿੱਤਾ।
ਕਰੋਨਾ ਕਾਲ ਵਿੱਚ “ਹਾਲੇ ਤੱਕ ਨਿੱਕੀ ਜਿਹੀ ਗੋਲੀ ਵੀ ਨਾ ਬਣੀ ਲੋਕ ਜਾਣ ਮਰਦੇ” ਗੀਤ ਵੀ ਗਾਇਆ।ਇਸੇ ਤਰਾਂ ਵਾਤਾਵਰਣ ਦੇ ਵਿਸ਼ੇ ਤੇ “ਧੀਆਂ ਪਾਣੀ ਰੁੱਖਾਂ ਨੂੰ ਬਚਾ ਲਓ ਦੋਸਤੋ” ਗੀਤ ਗਾ ਕੇ ਲੋਕਾਂ ਨੂੰ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ।ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਗੀਤ ਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।ਗੁਰੂ ਨਾਨਕ ਦੇਵ ਜੀ ਅਤੇ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ ਆਪਣੀ ਹੀ ਮੰਮੀ ਵਲੋਂ ਲਿਖੇ ਸ਼ਬਦ ਗਾਏ।ਇਸੇ ਤਰਾਂ ਸਮੇਂ ਸਮੇਂ ਤੇ ਉੱਠਦੇ ਮੁੱਦੇ ਦੇ ਹਿਸਾਬ ਨਾਲ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀਆਂ ਇਹ ਦੋਨੋਂ ਭੈਣਾਂ ਬੁਹਤ ਹੀ ਵਧੀਆ ਸਨੇਹੇ ਦਿੰਦੀਆਂ ਨੇ।
ਅੱਗੇ ਭਵਿੱਖ ਵਿੱਚ ਵੀ ਇਹੀ ਆਸ ਹੈ ਕੇ ਓਹ ਇਸੇ ਤਰਾਂ ਅੱਗੇ ਵਧਦੀਆਂ ਰਹਿਣ।ਵੱਡੀ ਬੇਟੀ 11ਵੀ ਵਿੱਚ ਤੇ ਛੋਟੀ 7ਵੀ ਵਿੱਚ ਪੜ੍ਹ ਰਹੀ ਹੈ। ਦੋਨਾਂ ਦੀ ਪੜ੍ਹਾਈ ਬੁਹਤ ਵਧੀਆ ਚੱਲ ਰਹੀ ਹੈ। ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈਂਦੀਆਂ ਨੇ ਦੋਨੋਂ ਬੱਚਿਆਂ ਨਾਲ ਗੱਲਬਾਤ ਕਰਨ ਤੇ ਬਹੁਤ ਸੋਹਣਾ ਜਵਾਬ ਮਿਲਿਆ,ਮੈਂ ਕਿਹਾ ਬੇਟੀਓ ਤੁਸੀਂ ਪੜ੍ਹਾਈ ਵੱਲ ਧਿਆਨ ਦੇਵੋ ਇਹ ਗੌਣ ਵਜਾਉਣ ਦੀ ਕੀ ਜ਼ਰੂਰਤ ਪੈ ਗਈ।” ਦੋਨਾਂ ਨੇ ਇਕੋ ਸੁਰ ਵਿੱਚ ਜਵਾਬ ਦਿੱਤਾ ਕਿ ਸਾਡੀ ਪੰਜਾਬੀ ਗਾਇਕੀ ਅੱਜਕੱਲ੍ਹ ਆਪਣੇ ਵਿਰਸੇ ਤੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ।ਅਸੀਂ ਦੋਨੋਂ ਮਿਲ ਕੇ ਆਪਣੀ ਮਾਂ ਜੀ ਦੇ ਲਿਖੇ ਗੀਤ ਤੇ ਕਵਿਤਾਵਾਂ ਪੜ੍ਹਦੀਆਂ ਹਾਂ।ਜਿਸ ਵਿੱਚ ਸਾਨੂੰ ਸਾਡੀ ਮਾਂ ਬੋਲੀ ਦੀ ਝਲਕ ਵਿਖਾਈ ਦਿੰਦੀ ਹੈ।
ਅਸੀਂ ਦੋਨਾਂ ਨੇ ਫ਼ੈਸਲਾ ਕੀਤਾ ਕਿ ਸਾਨੂੰ ਇਹ ਵਧੀਆ ਰਚਨਾਵਾਂ ਗਾ ਕੇ ਪੰਜਾਬੀ ਗਾਇਕੀ ਦੀ ਸੇਵਾ ਕਰਨੀ ਚਾਹੀਦੀ ਹੈ।ਅਸੀਂ ਮਾਂ ਜੀ ਨਾਲ ਸਾਹਿਤਕ ਪ੍ਰੋਗਰਾਮਾਂ ਤੇ ਜਾਣਾ ਚਾਲੂ ਕੀਤਾ ਖਾਸ ਗੱਲ ਇਹ ਹੈ ਸ੍ਰੀਮਾਨ ਜੀ ਚੰਗੀ ਰਚਨਾ ਦਾ ਆਪਣੇ ਮਨ ਤੇ ਅਸਰ ਹੁੰਦਾ ਹੈ ਤੇ ਸੁਰ ਬਣਨ ਨੂੰ ਕੋਈ ਦੇਰ ਨਹੀਂ ਲੱਗਦੀ। ਮੈਂ ਪੁੱਛਿਆ ਮੈਂ ਤੁਹਾਡੇ ਅਨੇਕਾ ਗੀਤ ਸੋਸਲ ਮੀਡੀਆ ਤੇ ਸੁਣੇ ਹਨ ਗਾਉਣ ਲਈ ਕਿਸੇ ਤੋਂ ਸਿੱਖਿਆ ਤਾਂ ਲੈਣੀ ਪਈ ਹੋਵੇਗੀ ,ਕਿਉਂਕਿ ਜਿਸ ਤਰੰਨਮ ਨਾਲ ਤੁਸੀਂ ਗਾਉਂਦੀਆਂ ਹੋ ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਤੁਸੀਂ ਗਾਇਕੀ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ।ਦੋਨਾਂ ਦਾ ਜਵਾਬ ਸੀ ਕਿ ਅਸੀਂ ਰੇਡੀਓ ਸੁਣਨ ਦੀਆਂ ਬਹੁਤ ਸ਼ੌਕੀਨ ਹਾਂ ਸਾਨੂੰ ਲਾਲ ਚੰਦ ਯਮਲਾ ਜੱਟ,ਬੱਬੂ ਮਾਨ ਹਰਭਜਨ ਮਾਨ, ਸੁਰਿੰਦਰ ਕੌਰ,ਮੁਹੰਮਦ ਸਦੀਕ ਰਣਜੀਤ ਕੌਰ ਦੀਦਾਰ ਸੰਧੂ ਜਿਹੇ ਅਨੇਕਾਂ ਪੁਰਾਣੇ ਗਾਇਕਾਂ ਦੇ ਗੀਤ ਸੁਣਦੀਆਂ ਰਹਿੰਦੀਆਂ ਹਾਂ।
ਉਨ੍ਹਾਂ ਸਾਰੇ ਕਲਾਕਾਰਾਂ ਦੀ ਕਲਾ ਏਨੀ ਮਹਾਨ ਹੈ ਉਸ ਨੂੰ ਧਿਆਨ ਹਿੱਤ ਹੋ ਕੇ ਸੁਣਿਆ ਜਾਵੇ ਤਾਂ ਗਾਉਣ ਲਈ ਸਿੱਖਿਆ ਲੈਣ ਦੀ ਕੀ ਜ਼ਰੂਰਤ ਹੈ।ਅਸੀਂ ਨਾਮ ਨਹੀਂ ਲੈਣਾ ਚਾਹੁੰਦੀ ਜਾਂ ਆਪਣੇ ਅਨੇਕਾਂ ਪੰਜਾਬੀ ਗਾਇਕ ਹਨ ਉਹ ਕਿਤੋਂ ਵੀ ਸਿੱਖਿਆ ਪ੍ਰਾਪਤ ਕਰ ਕੇ ਨਹੀਂ ਆਏ ਪਰ ਇਹ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ,ਉਨ੍ਹਾਂ ਦੀ ਗਾਇਕੀ ਦਾ ਡੰਕਾ ਪੂਰੀ ਦੁਨੀਆ ਵਿਚ ਵੱਜ ਰਿਹਾ ਹੈ।ਲੇਖਕ ਗਾਇਕ ਤੇ ਕਲਾਕਾਰ ਕੁਦਰਤ ਵੱਲੋਂ ਬਣਦਾ ਹੈ,ਸਿਰਫ਼ ਸੁਧਾਰਵਾਦੀ ਨੀਤੀ ਲਈ ਕਿਸੇ ਗੁਰੂ ਦੀ ਜ਼ਰੂਰਤ ਹੁੰਦੀ ਹੈ।ਸਾਡੇ ਮਾਂ ਜੀ ਜਦੋਂ ਗਾਇਕੀ ਤੇ ਗੀਤਕਾਰੀ ਨਾਲ ਭਰਪੂਰ ਹਨ ਇਸ ਤੋਂ ਵੱਡਾ ਹੋਰ ਸਕੂਲ ਕਿਹੜਾ ਹੋ ਸਕਦਾ ਹੈ।
ਤੁਹਾਡਾ ਗਾਇਕੀ ਤੇ ਪੜ੍ਹਾਈ ਬਾਰੇ ਅੱਗੇ ਨੂੰ ਕੀ ਵਿਚਾਰ ਹੈ,ਦੋਨਾਂ ਭੈਣਾਂ ਦਾ ਤਸੱਲੀਬਖ਼ਸ਼ ਜਵਾਬ ਸੀ ਪੜ੍ਹਾਈ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਲਈ ਬਹੁਤ ਜ਼ਰੂਰੀ ਹੈ,ਸਾਰਥਕ ਗਾਇਕੀ ਮਾਂ ਬੋਲੀ ਦੀ ਸੇਵਾ ਦੇ ਨਾਲ ਕਮਾਈ ਦਾ ਵੀ ਇਕ ਉੱਤਮ ਸਾਧਨ ਹੈ।ਸਾਡੇ ਦੋਨੋਂ ਕੰਮ ਇਹ ਨਾਲੋ ਨਾਲ ਚਲਦੇ ਰਹਿਣਗੇ।ਅੱਸੀ ਉੱਚ ਸਿੱਖਿਆ ਪ੍ਰਾਪਤ ਕਰ ਕੇ ਨਾਲੋ ਨਾਲ ਗਾਇਕੀ ਨੂੰ ਵੀ ਜਾਰੀ ਰੱਖਾਂਗੀਆਂ।ਮਾਂ ਬੋਲੀ ਦੀ ਸੇਵਾ ਕਰਨਾ ਸਾਡਾ ਅੱਜਕੱਲ੍ਹ ਫ਼ਰਜ਼ ਬਣਦਾ ਹੈ ਜਦ ਸਾਡੀ ਮਾਂ ਆਪਣੇ ਕੰਮਾਂ ਕਾਰਾਂ ਤੇ ਨੌਕਰੀ ਵਿੱਚੋਂ ਸਮਾਂ ਕੱਢ ਕੇ ਕਲਮ ਚਲਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਕਦੀ ਹੈ।
ਸਰ ਫੇਰ ਅਸੀਂ ਉਸ ਮਾਂ ਦੀਆਂ ਹੀ ਧੀਆਂ ਹਾਂ ਅਸੀਂ ਮਾਂ ਦੀਆਂ ਸਿੱਖਿਆਵਾਂ ਨੂੰ ਪਹਿਲ ਦੇਵਾਂਗੀਆਂ,ਕੁਦਰਤ ਨੇ ਸਾਨੂੰ ਗਾਇਕੀ ਦਾ ਮਾਣ ਬਖਸ਼ਿਆ ਹੈ ਅਸੀਂ ਇਸ ਨੂੰ ਸਿਰੇ ਚੜ੍ਹਾਉਣ ਲਈ ਹਰ ਯਤਨ ਕਰਦੀਆਂ ਹਾਂ ਤੇ ਇਸ ਯਤਨ ਨੂੰ ਸਿਰੇ ਚੜ੍ਹਾਉਣਾ ਅਸੀਂ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਬਣਾ ਰੱਖਿਆ ਹੈ। ਇਨ੍ਹਾਂ ਦੋਨੋਂ ਬੱਚਿਆਂ ਦੇ ਸੋਸ਼ਲ ਮੀਡੀਆ ਤੇ ਗੀਤ ਸੁਣ ਕੇ ਮੈਂ ਇਨ੍ਹਾਂ ਤਕ ਪਹੁੰਚ ਕਰ ਕੇ ਜੋ ਗੱਲਬਾਤ ਕੀਤੀ, ਨਤੀਜਾ ਇਹ ਨਿਕਲਿਆ ਕਿ ਇਹ ਮਾਂ ਬਾਪ ਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਬੱਚੀਆਂ ਹਨ।ਇਨ੍ਹਾਂ ਨੇ ਆਪਣੇ ਭਵਿੱਖ ਤੇ ਗਾਇਕੀ ਬਾਰੇ ਜੋ ਸੋਚ ਰੱਖਿਆ ਹੈ ਮੇਰੇ ਖਿਆਲ ਅਨੁਸਾਰ ਉਹ ਬਹੁਤ ਜਲਦੀ ਸਿਰੇ ਚੜ੍ਹੇਗਾ ਤੇ ਗਾਇਕੀ ਵਿੱਚ ਉਨ੍ਹਾਂ ਦਾ ਨਾਮ ਜ਼ਰੂਰ ਚਮਕੇਗਾ -ਆਮੀਨ
ਰਮੇਸ਼ਵਰ ਸਿੰਘ ਪਟਿਆਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly