ਮੋਦੀ ਵੱਲੋਂ ਸਵੱਛ ਭਾਰਤ ਮਿਸ਼ਨ ਤੇ ਅਮਰੁਤ ਦੇ ਦੂਜੇ ਗੇੜ ਦਾ ਆਗਾਜ਼

Prime Minister Narendra Modi

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੱਛ ਭਾਰਤ ਮਿਸ਼ਨ-ਸ਼ਹਿਰੀ ਅਤੇ ਨੁਹਾਰ ਬਦਲਣ ਤੇ ਸ਼ਹਿਰੀ ਸੁਧਾਰ ਲਈ ਅਟਲ ਮਿਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ। ਇਹ ਮਿਸ਼ਨ ਸ਼ਹਿਰਾਂ ਨੂੰ ਕੂੜੇ ਤੋਂ ਮੁਕਤ ਬਣਾਉਣ ਅਤੇ ਪਾਣੀ ਬਚਾਉਣ ’ਤੇ ਕੇਂਦਰਿਤ ਹਨ। ਇਥੇ ਅੰਬੇਦਕਰ ਕੌਮਾਂਤਰੀ ਕੇਂਦਰ ’ਚ ਯੋਜਨਾਵਾਂ ਦੀ ਸ਼ੁਰੂਆਤ ਮੌਕੇ ਆਪਣੇ ਸੰਬੋਧਨ ’ਚ ਸ੍ਰੀ ਮੋਦੀ ਨੇ ਕਿਹਾ ਕਿ ਬੀ ਆਰ ਅੰਬੇਦਕਰ ਦੇ ਸੁਫਨਿਆਂ ਨੂੰ ਪੂਰਾ ਕਰਨ ਵੱਲ ਇਹ ਮਿਸ਼ਨ ਅਹਿਮ ਕਦਮ ਹਨ। ਉਨ੍ਹਾਂ ਕਿਹਾ,‘‘ਬਾਬਾ ਸਾਹਿਬ ਦਾ ਮੰਨਣਾ ਸੀ ਕਿ ਨਾਬਰਾਬਰੀ ਖ਼ਤਮ ਕਰਨ ਲਈ ਸ਼ਹਿਰੀ ਵਿਕਾਸ ਅਹਿਮ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਲੋਕ ਬਿਹਤਰ ਜ਼ਿੰਦਗੀ ਦੀ ਖਾਹਿਸ਼ ਲੈ ਕੇ ਪਿੰਡਾਂ ਤੋਂ ਸ਼ਹਿਰਾਂ ਵੱਲ ਆਉਂਦੇ ਹਨ ਅਤੇ ਉਹ ਰੁਜ਼ਗਾਰ ਹਾਸਲ ਕਰ ਲੈਂਦੇ ਹਨ ਪਰ ਉਨ੍ਹਾਂ ਦਾ ਜੀਵਨ ਪੱਧਰ ਅਕਸਰ ਪਿੰਡਾਂ ਨਾਲੋਂ ਵੀ ਮਾੜਾ ਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੇ ਸਵੱਛਤਾ ਮੁਹਿੰਮ ਨੂੰ ਮਜ਼ਬੂਤ ਬਣਾਉਣ ਦੀ ਪਹਿਲ ਕੀਤੀ ਹੈ। ‘ਹੁਣ ਟਾਫੀਆਂ ਦੇ ਕਾਗਜ਼ ਇਧਰ-ਉਧਰ ਨਹੀਂ ਸੁੱਟੇ ਜਾਂਦੇ ਸਗੋਂ ਜੇਬ੍ਹਾਂ ’ਚ ਰੱਖੇ ਜਾਂਦੇ ਹਨ। ਬੱਚੇ ਵੱਡਿਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਗੰਦਗੀ ਨਾ ਫੈਲਾਉਣ। ਸਵੱਛਤਾ ਸਿਰਫ਼ ਇਕ ਦਿਨ, ਪਖਵਾੜੇ, ਇਕ ਸਾਲ ਜਾਂ ਕੁਝ ਲੋਕਾਂ ਤੱਕ ਸੀਮਤ ਨਹੀਂ ਹੈ, ਇਹ ਰੋਜ਼ਾਨਾ ਅਤੇ ਲਗਾਤਾਰ ਚੱਲਣ ਵਾਲੀ ਮੁਹਿੰਮ ਹੈ।’ ਅਮਰੁਤ-2 ਮਿਸ਼ਨ ਤਹਿਤ ਸਾਰੇ ਘਰਾਂ ’ਚ ਜਲ ਸਪਲਾਈ 100 ਫ਼ੀਸਦੀ ਯਕੀਨੀ ਬਣਾਉਣਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਸਵੱਛਤਾ ਇਕ ਜਨ ਅੰਦੋਲਨ ਬਣ ਗਿਆ ਹੈ ਅਤੇ ਸਾਰੇ ਸ਼ਹਿਰਾਂ ਨੂੰ ਖੁੱਲ੍ਹੇ ’ਚ ਪਾਖਾਨਾ ਮੁਕਤ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 70 ਫ਼ੀਸਦ ਠੋਸ ਕੂੜੇ ਨੂੰ ਵਿਗਿਆਨਕ ਢੰਗ ਨਾਲ ਨਿਬੇੜਾ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ’ਚ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਰਾਜ ਮੰਤਰੀ ਕੌਸ਼ਲ ਕਿਸ਼ੋਰ ਅਤੇ ਹੋਰ ਸੂਬਿਆਂ ਦੇ ਮੰਤਰੀ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਨੇ ਦੀ ਖਰੀਦ ਵਿੱਚ ਦੇਰੀ ਕਿਸਾਨਾਂ ਨਾਲ ਧੋਖਾ: ਬੈਂਸ
Next articleਟੀਕਾ ਸਰਟੀਫਿਕੇਸ਼ਨ ਦਾ ਮੁੱਦਾ: ਬਰਤਾਨਵੀ ਨਾਗਰਿਕਾਂ ਨੂੰ ਵੀ ਇਕਾਂਤਵਾਸ ’ਚ ਰਹਿਣਾ ਪਵੇਗਾ