ਉਜਾੜਾ ਸਾਬ

ਅਮਨ ਜੱਖਲਾਂ

(ਸਮਾਜ ਵੀਕਲੀ)

ਅੰਨੇ ਲੀਡਰ , ਲੰਗੜੀਆਂ ਪਾਰਟੀਆਂ ਦੇ ਸਹਾਰੇ ਹਨ ਅਤੇ ਵੋਟਰ ਦਿਮਾਗ ਵੇਚ ਕੇ ਖਿੱਲਾਂ ਪਕੌੜੀਆਂ ਖਾ ਚੁੱਕੇ ਹਨ। ਟੈਲੀਵਿਜ਼ਨ ਇੱਕ ਅਜਿਹੇ ਮਾਰੂ ਯੰਤਰ ਵਿੱਚ ਤਬਦੀਲ ਹੋ ਚੁੱਕਾ ਹੈ ਜੋ ਕਿਸੇ ਵੀ ਸਮੇਂ ਸਮੁੱਚੀ ਮਨੁੱਖ ਜਾਤੀ ਨੂੰ ਆਤਮਹੱਤਿਆ ਦੇ ਦਰਵਾਜ਼ੇ ਤੇ ਲਿਆ ਕੇ ਖੜਾ ਕਰ ਸਕਦਾ ਹੈ। ਬਿਨਾਂ ਬੁੱਧ ਵਾਲੇ ਸਿਰਾਂ ਦੇ ਫੈਸਲਿਆਂ ਉੱਤੇ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਹਨ। ਹੱਸਦੇ ਘਰਾਂ ਵਿੱਚ ਵੈਣ ਪਵਾਉਣ ਵਾਲਿਆਂ ਨੂੰ ਸਾਬ ਕਹਿ ਕੇ ਨਿਵਾਜਿਆ ਜਾ ਰਿਹਾ ਹੈ।

ਹਰ ਕਿਸੇ ਦਾ ਰਾਜਨੀਤੀ ਬਾਰੇ ਆਪਣਾ ਹੀ ਨਜਰੀਆ ਹੈ, ਨਿਰੰਤਰ ਖੋਜਾਂ ਜਾਰੀ ਹਨ। ਅੱਜ ਹੀ ਇੱਕ ਰਾਜਨੀਤਕ ਵਿਦਵਾਨ ਬੋਲ ਰਿਹਾ ਸੀ ਕਿ ਸਾਬ ਨੇ ਪਾਰਟੀ ਦੀਆਂ ਨਲਾਇਕੀਆਂ ਕਰਕੇ ਤਿਆਗ ਕੀਤਾ, ਦੂਸਰਾ ਆਖ ਰਿਹਾ ਸੀ ਕਿ ਨਹੀਂ, ਤੇਰੇ ਸਾਬ ਦੀਆਂ ਕਾਲੀਆਂ ਕਰਤੂਤਾਂ ਕਰਕੇ ਉਸਨੂੰ ਘਰ ਬਿਠਾਇਆ ਗਿਆ ਹੈ। ਪਹਿਲੇ ਨੇ ਜਵਾਬ ਵਿੱਚ ਕਿਹਾ ਕਿ ਕਾਲੀਆਂ ਕਰਤੂਤਾਂ ਵਿੱਚ ਤੇਰੇ ਸਾਬ ਦਾ ਕੋਈ ਮੁਕਾਬਲਾ ਨਹੀਂ। ਫਿਰ ਉਨ੍ਹਾਂ ਵਿੱਚ ਬਹਿਸ ਇਸ ਮਾਮਲੇ ਤੇ ਸ਼ੁਰੂ ਹੋਈ ਕਿ ਕਿਸ ਦੇ ਸਾਬ ਦੀਆਂ ਕਰਤੂਤਾਂ ਜਿਆਦਾ ਕਾਲੀਆਂ ਹਨ। ਅਖੀਰ ਵਿੱਚ ਜੋ ਦੂਜੇ ਉੱਤੇ ਜਿਆਦਾ ਭਾਰੀ ਪਿਆ ,ਉਸ ਦੇ ਹੱਕ ਵਿੱਚ ਤਾੜੀਆਂ ਵੀ ਵੱਜੀਆਂ। ਭਲਾ ਕਰਤੂਤਾਂ ਵੀ ਕਦੇ ਸਫੈਦ ਹੋਈਆਂ?

ਜਸਵੰਤ ਸਿੰਘ ਕੰਵਲ ਦੇ ਸਵਾਲ, “ਪੰਜਾਬੀਓ, ਜੀਣਾ ਏ ਕਿ ਮਰਨਾ?” ਦਾ ਜਵਾਬ ਬੜੀ ਜਲਦੀ ਪੰਜਾਬੀਆਂ ਨੇ ਦਿੱਤਾ। ਜਿੱਥੋਂ ਦੀ ਜਨਤਾ ਸਿਹਤ ਅਤੇ ਸਿੱਖਿਆ ਵਰਗੀਆਂ ਫਾਲਤੂ ਦੀਆਂ ਚੀਜ਼ਾਂ ਨੂੰ ਆਸਥਾ ਦੇ ਭਾਂਡੇ ਵਿੱਚ ਘੋਲ ਕੇ ਪੀ ਚੁੱਕੀ ਹੋਵੇ, ਉੱਥੇ ਆਗੂ ਪੈਦਾ ਹੋ ਹੀ ਨਹੀਂ ਸਕਦੇ, ਉੱਥੇ ਪੈਦਾ ਹੋਣਗੇ ਸਾਬ। ਜਿਨ੍ਹਾਂ ਨੂੰ ਗੁਲਾਮ ਆਪਣਾ ਤਨ, ਮਨ ਸੌਂਪ ਦੇਣਗੇ ਅਤੇ ਧਨ ਨਾਮ ਦੀ ਚੀਜ਼ ਦਾ ਕਦੇ ਜਿਕਰ ਹੀ ਨਹੀਂ ਹੋਵੇਗਾ। ਵਿਲਕਦਾ ਰਹੇ ਪਾਸ਼, ਗਾਉਂਦਾ ਰਹੇ ਉਦਾਸੀ… ਸਾਨੂੰ ਨਹੀਂ ਚਾਹੀਦੀ ਸਿੱਖਿਆ, ਨਹੀਂ ਚਾਹੀਦੇ ਹਸਪਤਾਲ, ਅਸੀਂ ਨਹੀਂ ਬਣਨਾ ਚੰਗੇ ਨਾਗਰਿਕ। ਸਾਨੂੰ ਚੇਲੇ ਬਣਨ ਚ ਅਨੰਦ ਹੈ, ਗੋਲੇ ਬਣਨ ਚ ਅਨੰਦ ਹੈ। ਅਸੀਂ ਸਾਂਤੀ ਪਸੰਦ ਲੋਕ ਹਾਂ, ਅਹਿੰਸਾ ਸਾਨੂੰ ਪਸੰਦ ਨਹੀਂ। ਅਸੀਂ ਗੋਲੇ ਬਣਾਗੇ, ਚੇਲੇ ਬਣਾਗੇ ਅਤੇ ਹਮੇਸ਼ਾਂ ਆਪਣੇ ਸਾਬ ਦੀਆਂ ਸਟੇਜਾਂ ਪਿੱਛੋਂ ਜੈਕਾਰੇ ਛੱਡਦੇ ਰਹਾਂਗੇ…

ਅਮਨ ਜੱਖਲਾਂ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਦਾ ਚਿਹਰਾ ਕੋਈ ਵੀ ਹੋਏ ਪੰਜਾਬ ਲੜਾਈ ਲੜੇਗਾ ਸਿਰਫ਼ ਮੁੱਦਿਆਂ ਦੀ
Next articleਅਜੋਕੇ ਸਮੇਂ ਵਿੱਚ ਬੱਚਿਆਂ ਪ੍ਰਤੀ ਮਾਪਿਆਂ ਦਾ ਰਵੱਈਆ