(ਸਮਾਜ ਵੀਕਲੀ)
ਅੱਪਰਾ ਨੂੰ ਵਸਾਉਣ ਵਾਲੇ ਭਾਈ ਮੇਹਰ ਚੰਦ ਜੀ ਦੇ ਸ਼ਰਾਧ ਮੇਲੇ ’ਤੇ ਦੇਸ਼ਾਂ-ਵਿਦੇਸ਼ਾਂ ਤੋ ਸੰਗਤਾਂ ਹੁੰਦੀਆਂ ਨੇ ਨਤਮਸਤਕ*
ਪੰਜਾਬ ਦੀ ਪਵਿੱਤਰ ਧਰਤੀ ਨੂੰ ਹਮੇਸ਼ਾਂ ਦੀ ਸੰਤਾਂ, ਮਹਾਂਪੁਰਸ਼ਾ ਤੇ ਪੀਰਾਂ ਫ਼ਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਸਮੇਂ-ਸਮੇਂ ’ਤੇ ਪੰਜਾਬ ਦੀ ਧਰਤੀ ’ਤੇ ਆਏ ਮਹਾਂਪੁਰਸਾਂ ਨੇ ਹਮੇਸ਼ਾਂ ਹੀ ਮਾਨਵਤਾ ਤੇ ਲੋਕਾਈ ਦੀ ਭਲਾਈ ਦਾ ਸ਼ੰਦੇਸ਼ ਦਿੱਤਾ ਹੈ। ਇਨਾਂ ਮਹਾਨ ਆਤਮਾਵਾਂ ਨੇ ਮਾਨਵ ਸੇਵਾ ਨੂੰ ਆਪਣੇ ਜੀਵਨ ਦਾ ਮੁੱਖ ਉਦੇਸ਼ ਮੰਨਦੇ ਹੋਏ ਹਮੇਸ਼ਾਂ ਹੀ ਲੋਕ ਭਲਾਈ ਤੇ ਸਾਂਤੀ ਲਈ ਕਾਰਜ ਕੀਤੇ ਹਨ।
ਅਜਿਹੇ ਹੀ ਇੱਕ ਮਹਾਂਪੁਰਸ਼ ਤੇ ਉੱਚ ਬਿਰਤੀ ਵਾਲੇ ਫ਼ਕੀਰ ਸਨ ਭਾਈ ਮੇਹਰ ਚੰਦ ਜੀ, ਜਿਨਾਂ ਦਾ ਆਲੀਸ਼ਾਨ ਮੰਦਿਰ ਤੇ ਸਮਾਧ ਅੱਪਰਾ ਵਿਖੇ ਬਣਿਆ ਹੋਇਆ ਹੈ। ਸ਼ੁੱਧ ਸੋਨੇ ਦੀ ਮੰਡੀ ਵਜੋਂ ਪੂਰੇ ਵਿਸ਼ਵ ਭਰ ’ਚ ਮਸ਼ਹੂਰ ਕਸਬਾ ਅੱਪਰਾ ਵਿਖੇ ਸਥਿਤ ਭਾਈ ਮੇਹਰ ਚੰਦ ਜੀ ਦੇ ਮੰਦਿਰ ਵਿਖੇ ਦੇਸ਼ਾਂ-ਵਿਦੇਸ਼ਾਂ ਤੋ ਆਉਣ ਵਾਲੇ ਉਨਾਂ ਦੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਭਾਈ ਮੇਹਰ ਚੰਦ ਜੀ ਸੱਭ ’ਤੇ ਮੇਹਰਾਂ ਕਰਨ ਵਾਲੇ ਹਨ। ਜੋ ਵੀ ਇਸ ਪਵਿੱਤਰ ਦਰਬਾਰ ’ਤੇ ਉਨਾਂ ਦੇ ਅੱਗੇ ਸੱਚੇ ਦਿਲੋਂ ਮੁਰਾਦ ਮੰਗਦਾ ਹੈ, ਉਹ ਹਮੇਸ਼ਾ ਪੂਰੀ ਹੁੰਦੀ ਹੈ।
ਭਾਈ ਮੇਹਰ ਚੰਦ ਜੀ, ਜੋ ਕਿ ਗਊ ਪੂਜਾ ਦੇ ਪੁਜਾਰੀ ਸਨ, ਪ੍ਰਮਾਤਮਾ ’ਚ ਸੱਚੀ ਸ਼ਰਧਾ ਤੇ ਆਸਥਾ ਰੱਖਦੇ ਸਨ। ਉਨਾਂ ਦੇ ਜੀਵਨ ਬਾਰੇ ਕਈ ਕਹਾਣੀਆ ਪ੍ਰਚੱਲਿਤ ਹਨ। ਕਿਹਾ ਜਾਂਦਾ ਹੈ ਕਿ ਤਹਿਸੀਲ ਫਿਲੌਰ ਦਾ ਛੋਟਾ ਜਿਹਾ ਕਸਬਾ ਅੱਪਰਾ ਕਿਸੇ ਸਮੇਂ ਆਬਾਦ ਨਹੀਂ ਹੋ ਰਿਹਾ ਸੀ। ਇਹ ਕਸਬਾ ਕਈ ਵਾਰ ਵਸਿਆ ਤੇ ਕਈ ਵਾਰ ਉਜੜਿਆ। ਆਖਰਕਾਰ ਪਿੰਡ ਵਾਸੀ ਇਕੱਤਰ ਹੋ ਕੇ ਭਾਈ ਮੇਹਰ ਚੰਦ ਜੀ ਕੋਲ ਗਏ ਤੇ ਉਨਾਂ ਅੱਗੇ ਪ੍ਰਾਥਨਾ ਕੀਤੀ ਕਿ ਆਪ ਜੀ ਕਸਬਾ ਅੱਪਰਾ ’ਤੇ ਸਵੱਲੀ ਨਜ਼ਰ ਮਾਰਦੇ ਹੋਏ ਇਸ ਨੂੰ ਵਸਾਵੋ। ਭਾਈ ਮੇਹਰ ਚੰਦ ਜੀ ਨੇ ਲੋਕਾਈ ਤੇ ਜਨਮਾਨਸ ਦੇ ਕਲਿਆਣ ਲਈ ਹੱਥ ਵਿੱਚ ਫੜਿਆ ਡੰਡਾ ਜ਼ਮੀਨ ’ਚ ਗੱਡ ਦਿੱਤਾ ਤੇ ਕਿਹਾ ਕਿ ਇਸ ਦੇ ਸਾਰੇ ਪਾਸੇ ਮਕਾਨ ਉਸਾਰ ਲਵੋ।
ਉਸ ਤੋਂ ਉਪਰੰਤ ਕਸਬਾ ਅੱਪਰਾ ਆਬਾਦ ਹੋ ਗਿਆ ਤੇ ਅੱਜ ਤੱਕ ਸੈਂਕੜੇ ਲੋਕਾਂ ਦੇ ਰੋਜ਼ਗਾਰ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਭਾਈ ਮੇਹਰ ਚੰਦ ਜੀ ਬਾਰੇ ਇੱਕ ਹੋਰ ਕਥਾ ਪ੍ਰਚੱਲਿਤ ਹੈ। ਇੱਕ ਦਿਨ ਉਹ ਅੱਪਰਾ ਦੇ ਸਰੋਵਰ ’ਚ ਡੁੱਬਕੀ ਲਗਾਉਣ ਲਈ ਗਏ ਤੇ ਤਲਾਬ ਤੋਂ ਬਾਹਰ ਨਹੀਂ ਆਏ। ਲੋਕਾਂ ’ਚ ਇਹ ਚਰਚਾ ਫੈਲ ਗਈ ਕਿ ਭਾਈ ਜੀ ਸਰੋਵਰ ’ਚ ਡੁੱਬ ਗਏ ਹਨ। ਉਨੀਂ ਦਿਨੀਂ ਕੁਝ ਅੱਪਰਾ ਨਿਵਾਸੀ ਹਰਿਦੁਆਰ ਵਿਖੇ ਗੰਗਾ ਇਸ਼ਨਾਨ ਲਈ ਗਏ ਹੋਏ ਸਨ। ਉਨਾਂ ਦੇਖਿਆ ਕਿ ਭਾਈ ਜੀ ਹਰ ਕੀ ਪੌੜੀ ’ਤੇ ਇਸ਼ਨਾਨ ਕਰ ਰਹੇ ਹਨ। ਇਸ ਤੋਂ ਕੁਝ ਦਿਨ ਬਾਅਦ ਹੀ ਭਾਈ ਜੀ ਅੱਪਰਾ ਵਿਖੇ ਪ੍ਰਗਟ ਹੋ ਗਏ। ਭਾਈ ਮੇਹਰ ਚੰਦ ਜੀ ਦੇ ਮੰਦਿਰ ਵਿਖੇ ਬਣੀ ਹੋਈ ਉਨਾਂ ਦੀ ਖੂਬਸੂਰਤ ਸਮਾਧ ’ਤੇ ਉਨਾਂ ਦੇ ਸ਼ਰਧਾਲੂ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਭਾਈ ਮੇਹਰ ਚੰਦ ਜੀ ਦੀ ਯਾਦ ’ਚ ਹਰ ਸਾਲ ਉਨਾਂ ਦੇ ਸ਼ਰਧਾਲੂਆਂ ਵਲੋਂ ਮੰਦਿਰ ਵਿਖੇ ਇੱਕ ਧਾਰਮਿਕ ਮੇਲੇ ਦਾ ਆਯੋਜਨ ਵੱਡੇ ਪੱਧਰ ’ਤੇ ਕੀਤਾ ਜਾਂਦਾ ਹੈ, ਜਿੱਥੇ ਦੇਸ਼-ਵਿਦੇਸ਼ ਤੇ ਦੂਰ-ਦੂਰਾਡੇ ਤੋਂ ਸ਼ਰਧਾਲ ਨਤਮਸਤਕ ਹੁੰਦੇ ਹਨ। ਭਾਈ ਮੇਹਰ ਚੰਦ ਜੀ ਦੀ ਯਾਦ ’ਚ ਭਾਈ ਮੇਹਰ ਚੰਦ ਪਾਰਕ, ਭਾਈ ਮੇਹਰ ਚੰਦ ਚੌਂਕ ਵੀ ਬਣਾਇਆ ਹੋਇਆ ਹੈ, ਇਸੇ ਤਰਾਂ ਭਾਈ ਮੇਹਰ ਚੰਦ ਜੀ ਦੀ ਯਾਦ ’ਚ ਭਾਈ ਮੇਹਰ ਚੰਦ ਧਰਮਸ਼ਾਲਾ ਵੀ ਬਣੀ ਹੋਈ ਹੈ, ਜਿਸ ’ਚ ਕੋਈ ਵੀ ਵਿਅਕਤੀ ਬਿਨਾਂ ਕਿਸੇ ਫੀਸ ਤੋਂ ਆਪਣਾ ਕੋਈ ਵੀ ਖੁਸ਼ੀ ਜਾਂ ਗਮੀ ਦਾ ਪ੍ਰੋਗਰਾਮ ਕਰ ਸਕਦਾ ਹੈ। ਭਾਈ ਮੇਹਰ ਚੰਦ ਜੀ ਦੀ ਯਾਦ ’ਚ ਪ੍ਰਬੰਧਕ ਕਮੇਟੀ ਵਲੋਂ ਪੂਰੇ ਅੱਪਰੇ ’ਚ ਸਟਰੀਟ ਲਾਈਟਾਂ ਲਗਾਈਆਂ ਹੋਈਆਂ ਹਨ, ਜੋ ਕਿ ਪਿਛਲੇ 25 ਸਾਲਾਂ ਤੋਂ ਅੱਪਰਾ ਨੂੰ ਰਾਤ ਦੇ ਸਮੇ ਰੁਸ਼ਨਾ ਰਹੀਆਂ ਹਨ।
ਇਸ ਤੋਂ ਇਲਾਵਾ ਉਨਾਂ ਦੀ ਯਾਦ ’ਚ ਭਾਈ ਮੇਹਰ ਚੰਦ ਮੰਦਿਰ ਕਮੇਟੀ ਤੇ ਭਾਈ ਮੇਹਰ ਚੰਦ ਵੈੱਲਫੇਅਰ ਕਮੇਟੀ ਵਲੋਂ ਸਮਾਜ ਸੇਵਾ ’ਚ ਅਹਿਮ ਕਾਰਜ ਕੀਤੇ ਜਾ ਰਹੇ ਹਨ। ਭਾਈ ਮੇਹਰ ਚੰਦ ਜੀ ਦੇ ਆਸ਼ੀਰਵਾਦ ਸਦਕਾ ਇਨਾਂ ਸੇਵਾਵਾਂ ਨੂੰ ਸ੍ਰੀ ਪ੍ਰਸ਼ੋਤਮ ਬਿੱਠਲ (ਚੇਅਰਮੈਨ), ਸ੍ਰੀ ਰੋਪਨ ਘਈ , ਸ੍ਰੀ ਪਵਨ ਖੋਸਲਾ, ਡਾ. ਵਿਕਾਸ, ਸ੍ਰੀ ਅਨਿਲ ਘਈ, ਸ੍ਰੀ ਅਸ਼ੋਕ ਮਰਵਾਹਾ ਬਾਖੂਬੀ ਨਿਭਾ ਰਹੇ ਹਨ। ਹਰ ਸਾਲ ਦੀ ਤਰਾਂ ਇਸ ਸਾਲ ਵੀ ਭਾਈ ਮੇਹਰ ਚੰਦ ਜੀ ਦੀ ਯਾਦ ’ਚ ਸਲਾਨਾ ਸ਼ਰਾਧ ਮੇਲਾ ਮਿਤੀ 3 ਅਕਤੂਬਰ ਦਿਨ ਦਿਨ ਐਤਵਾਰ ਨੂੰ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly