(ਸਮਾਜ ਵੀਕਲੀ)
ਸੰਨ 1970 ਦਾ ਦਹਾਕਾ ਕਿਸਾਨੀ ਵਰਗ ਵਿੱਚ ਇੱਕ ਨਵਾਂ ਰੰਗ ਲੈ ਕੇ ਆਇਆ ਸੀ ਭਾਰਤ ਵਰਸ਼ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਭੁੱਖ ਮਰੀ ਤੇ ਅੰਨ ਦੀ ਤੋਟ ਨੇ ਘੇਰਿਆ ਹੋਇਆ ਸੀ।ਉੱਤਰੀ ਭਾਰਤ ਜਿਨ੍ਹਾਂ ਵਿੱਚੋਂ ਮੁੱਖ ਪੰਜਾਬ ਹੈ,ਖੇਤੀ ਵਿੱਚ ਪ੍ਰਮੁੱਖ ਹੈ ਤੇ ਆਜ਼ਾਦੀ ਦੀ ਵੰਡ ਵੇਲੇ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚਲੀ ਵੰਡ ਨੇ ਪੰਜਾਬ ਦਾ ਲੱਕ ਪੂਰਨ ਰੂਪ ਵਿੱਚ ਤੋੜ ਦਿੱਤਾ ਸੀ।ਪੰਜ ਦਰਿਆਵਾਂ ਦੀ ਧਰਤੀ ਦਰਿਆਵਾਂ ਦੇ ਨਾਲ ਭਾਰਤ ਦੀ ਵੰਡ ਦੀ ਮਾਰ ਥੱਲੇ ਖੇਤੀ ਵਿੱਚ ਯੋਗ ਪ੍ਰਬੰਧ ਨਾ ਹੋਣ ਕਰਕੇ ਖੇਤੀਬਾੜੀ ਜੋ ਮੁੱਖ ਧੰਦਾ ਸੀ ਸਿਰਫ਼ ਕੰਮ ਚਲਾਊ ਹੀ ਰਹਿ ਗਿਆ।ਕਿਸਾਨ ਤੇ ਮਜ਼ਦੂਰ ਮਿਲ ਕੇ ਜੋ ਕਮਾਉਂਦੇ ਸਨ ਉਸ ਨਾਲ ਸਿਰਫ ਆਪਣਾ ਪੇਟ ਭਰਨ ਤੱਕ ਹੀ ਸੀਮਤ ਸੀ। ਭਾਰਤ ਨੂੰ ਖਾਣ ਵਿੱਚ ਜੋ ਮੁੱਖ ਅਨਾਜ ਸੀ, ਉਹ ਵੀ ਵਿਦੇਸ਼ਾਂ ਤੋਂ ਮੰਗਵਾਉਣਾ ਪੈ ਰਿਹਾ ਸੀ। ਭਾਰਤ ਸਰਕਾਰ ਨੇ ਪੰਜ ਸਾਲਾ ਯੋਜਨਾ ਦੇ ਤਹਿਤ ਹਰੀ ਕ੍ਰਾਂਤੀ ਦਾ ਯੁੱਗ ਸ਼ੁਰੂ ਕੀਤਾ, ਅਨਾਜ ਦੀ ਪੈਦਾਵਾਰ ਵਧਾਉਣ ਲਈ ਕਣਕ ਤੇ ਝੋਨੇ ਦੀ ਕੀਮਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਖੇਤੀ ਲਈ ਜ਼ਰੂਰਤਾਂ ਵੇਖ ਕੇ ਯੋਗ ਕੀਮਤ ਬੰਨ੍ਹਣੀ ਚਾਲੂ ਕਰ ਦਿੱਤੀ।
ਉਸ ਸਮੇਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਜਨਮ ਹੋਇਆ,ਖੇਤੀ ਨੂੰ ਵਿਗਿਆਨਕ ਰੰਗ ਚੜ੍ਹਾਉਣ ਦੀ ਵਿਧਾ ਚਾਲੂ ਹੋ ਗਈ। ਕਿਸਾਨਾਂ ਦੇ ਸਹਿਯੋਗ ਜਾਂ ਸਮਝ ਲਵੋ ਸੌਖ ਲਈ ਦੋਗਲੀ ਕਿਸਮ ਦੇ ਬੀਜ ਪੈਦਾ ਕੀਤੇ ਗਏ। ਦੇਸੀ ਖਾਦ ਦੇ ਨਾਲ ਰਸਾਣਿਕ ਖਾਦਾਂ ਦੀ ਉਪਜ ਵਧਾ ਦਿੱਤੀ ਗਈ ਖੇਤੀ ਵਿਗਿਆਨੀਆਂ ਨੇ ਕੀੜੇ ਮਾਰ ਦਵਾਈਆਂ ਦਾ ਪ੍ਰਚਲਨ ਚਾਲੂ ਕਰ ਦਿੱਤਾ।ਖੇਤੀ ਲਈ ਕਰਜ਼ੇ ਬਹੁਤ ਆਸਾਨ ਕਰ ਦਿੱਤੇ ਗਏ ਆਪਣੇ ਕਾਗਜ਼ ਪੱਤਰ ਬੈਂਕ ਵਿੱਚ ਦਾਖਲ ਕਰੋ, ਤੁਰੰਤ ਤੁਹਾਡੇ ਘਰ ਟਰੈਕਟਰ ਤੇ ਹੋਰ ਖੇਤੀ ਦੇ ਸੰਦ ਆ ਜਾਂਦੇ ਸੀ। ਵਿਉਪਾਰੀ ਵਰਗ ਦੀ ਸੋਚ ਨਾਲ ਕਣਕ ਤੇ ਝੋਨੇ ਦੀ ਫ਼ਸਲ ਉੱਨਤ ਹੋਣੀ ਸ਼ੁਰੂ ਹੋ ਗਈ ਨਹਿਰੀ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦੇ ਹੋਏ ਭਾਖੜਾ ਤੋਂ ਪਣ ਬਿਜਲੀ ਘਰ ਰਾਹੀਂ ਪੈਦਾ ਕੀਤੀ ਬਿਜਲੀ ਨਾਲ ਖੇਤਾਂ ਵਿੱਚ ਬਿਜਲੀ ਦੇ ਟਿਊਬਵੈਲ ਧੜਾਧੜ ਸਥਾਪਤ ਕਰ ਦਿੱਤੇ,ਡੀਜਲ ਇੰਜਣਾਂ ਡੀਜ਼ਲ ਲਈ ਵੀ ਕਿਸਾਨਾਂ ਨੂੰ ਰਾਸ਼ਨ ਤੇ ਪਹੁੰਚਾਉਣ ਦਾ ਯੋਗ ਪ੍ਰਬੰਧ ਕਰ ਦਿੱਤਾ ਗਿਆ।
ਸਰਕਾਰ ਦੀ ਸੋਚ ਅਨਾਜ ਦਾ ਮਸਲਾ ਹੱਲ ਕਰਨਾ ਹੀ ਸੀ ਜਿਸ ਲਈ ਵਪਾਰੀ ਵਰਗ ਜੁੜ ਗਿਆ ਹਰੀ ਕ੍ਰਾਂਤੀ ਨਾਲ ਖੇਤੀ ਵਿਗਿਆਨੀਆਂ ਨੇ ਖੇਤੀ ਦੇ ਨਵੇਂ ਢੰਗ ਤਰੀਕੇ ਧਰਤੀ ਹੇਠਲੇ ਪਾਣੀ ਨੂੰ ਬਾਹਰ ਕੱਢਣ ਦੀਆਂ ਤਕਨੀਕਾਂ ਨੂੰ ਪਹਿਲ ਦਿੱਤੀ ਗਈ ਕਣਕ ਤੇ ਝੋਨੇ ਲਈ ਸੀਮਤ ਕੀਮਤ ਨੇ ਕਿਸਾਨਾਂ ਦਾ ਬਹੁਤ ਹੌਸਲਾ ਵਧਾਇਆ ਕਿਸਾਨਾਂ ਦੇ ਟਿੱਬੇ ਤੇ ਸਾਰੀਆਂ ਜ਼ਮੀਨਾਂ ਕਣਕ ਤੇ ਝੋਨੇ ਲਈ ਵੱਖ ਵੱਖ ਤਰੀਕੇ ਨਾਲ ਯੋਗ ਬਣਾ ਦਿੱਤੀਆਂ।
ਦੂਸਰਾ ਪੱਖ ਪਾਣੀ ਹਰ ਖੇਤ ਵਿੱਚ ਲੱਗੇ ਹੋਏ ਟਿਊਬਵੈੱਲ ਤੇ ਡੀਜ਼ਲ ਇੰਜਣਾਂ ਨਾਲ ਉਪਜ ਭਰਪੂਰ ਕਰ ਦਿੱਤੀ ਸਾਲ ਵਿੱਚ ਦੋਨੋਂ ਫ਼ਸਲਾਂ ਮੁੱਖ ਹੋਣ ਕਾਰਨ ਮਜ਼ਦੂਰਾਂ ਦੀ ਘਾਟ ਭਈਆਂ ਨੇ ਪੂਰੀ ਕਰ ਦਿੱਤੀ ਕਿਸਾਨਾਂ ਲਈ ਆੜ੍ਹਤੀਏ ਤੇ ਬੈਂਕਾਂ ਦਾ ਕਰਜ਼ਾ ਦੇਣ ਲਈ ਹਮੇਸ਼ਾ ਮੂੰਹ ਖੁੱਲ੍ਹਾ ਸੀ। ਖਾਦਾਂ ਤੇ ਰਸਾਇਣਿਕ ਦਵਾਈਆਂ ਲਈ ਪਿੰਡ ਪਿੰਡ ਕੋਆਪਰੇਟਿਵ ਸੁਸਾਇਟੀਆਂ ਸਥਾਪਤ ਕਰ ਦਿੱਤੀਆਂ ਮੁੱਕਦੀ ਗੱਲ ਇਸ ਦਹਾਕੇ ਵਿੱਚ ਅੰਨ ਦੀ ਮੰਗ ਪੂਰੀ ਹੋ ਗਈ। ਪਰ ਕੁਦਰਤ ਦਾ ਅਸੂਲ ਗੁਰਬਾਣੀ ਵਿੱਚ ਦਰਜ ਹੈ ਪਵਨ ਗੁਰੂ ਪਾਣੀ ਪਿਤਾ ਇਸ ਲਈ ਪਾਣੀ ਦਿਨੋਂ ਦਿਨ ਥੱਲੇ ਜਾਣ ਲੱਗਿਆ ਰਸਾਣਿਕ ਖਾਦਾਂ ਨਾਲ ਵਾਤਾਵਰਨ ਤੇ ਪਾਣੀ ਦੂਸ਼ਿਤ ਹੋਣ ਲੱਗਿਆ।
ਜੀਰੀ ਤੇ ਕਣਕ ਨੂੰ ਵੱਢਣ ਲਈ ਮਜ਼ਦੂਰਾਂ ਦੀ ਕਮੀ ਰੜਕਦੀ ਨੂੰ ਹਾਰਵੈਸਟਰ ਕੰਬਾਈਨਾਂ ਨੇ ਕਮਾਂਡ ਸੰਭਾਲ ਲਈ ਮਿੰਟਾਂ ਸਕਿੰਟਾਂ ਵਿੱਚ ਅਨਾਜ ਸੰਭਾਲ ਲਿਆ ਜਾਂਦਾ ਤੇ ਖੇਤਾਂ ਵਿੱਚ ਬਚੀ ਹੋਈ ਰਹਿੰਦ ਖੂੰਹਦ ਨੂੰ ਖਤਮ ਕਰਨ ਲਈ ਕਿਸਾਨਾਂ ਨੇ ਅੱਗ ਲਗਾਉਣੀ ਚਾਲੂ ਕਰ ਦਿੱਤੀ।ਜਿਸ ਨਾਲ ਹਵਾ ਪੂਰਨ ਰੂਪ ਵਿੱਚ ਪ੍ਰਦੂਸ਼ਤ ਹੋਣੀ ਚਾਲੂ ਹੋ ਗਈ। ਹਰ ਹੀਲੇ ਵਸੀਲੇ ਨਾਲ ਅਨਾਜ ਦਾ ਮਸਲਾ ਹੱਲ ਹੋ ਗਿਆ ਫੇਰ ਇਸ ਉੱਨਤ ਖੇਤੀ ਪਿੱਛੇ ਖਰਾਬ ਹੋ ਰਹੇ ਢੰਗਾਂ ਵੱਲ ਸਰਕਾਰ ਦਾ ਧਿਆਨ ਜਾਣਾ ਚਾਲੂ ਹੋਇਆ, ਸਰਕਾਰ ਦੀਆਂ ਹਦਾਇਤਾਂ ਤੇ ਕਾਨੂੰਨ ਬਣਨੇ ਚਾਲੂ ਹੋ ਗਏ।
ਖੇਤਾਂ ਵਿੱਚ ਅੱਗ ਲਗਾਉਣੀ ਜੋ ਕਿ ਸਭ ਤੋਂ ਵੱਧ ਖ਼ਤਰਨਾਕ ਸੀ, ਉਸ ਲਈ ਜੁਰਮਾਨਾ ਤੇ ਸਜ਼ਾਵਾਂ ਵੀ ਬਹਾਲ ਕਰਨੀਆਂ ਚਾਲੂ ਕਰ ਦਿੱਤੀਆਂ ਕਿਸਾਨ ਦੀ ਕੜੀ ਮਿਹਨਤ ਨੇ ਪੂਰੇ ਭਾਰਤ ਵਰਸ਼ ਦਾ ਢਿੱਡ ਭਰ ਦਿੱਤਾ।ਕਿਸਾਨਾਂ ਨੂੰ ਕਮਾਈ ਵਿੱਚ ਵੱਧ ਪੈਸਾ ਮਿਲਣ ਕਰਕੇ ਕੋਠੀਆਂ ਕਾਰਾਂ ਦਾ ਯੁੱਗ ਚਾਲੂ ਹੋ ਗਿਆ। ਕਿਸਾਨਾਂ ਲਈ ਕਣਕ ਦੀ ਸੰਭਾਲ ਮੁਸ਼ਕਿਲ ਨਹੀਂ ਸੀ ਕਿਉਂਕਿ ਤੂੜੀ ਦੀ ਜ਼ਰੂਰਤ ਲਈ ਕਣਕ ਦੀ ਨਾੜ ਨੂੰ ਸੰਭਾਲਣਾ ਪੈਂਦਾ ਸੀ।ਪਰ ਜੀਰੀ ਦੀ ਪਰਾਲੀ ਪ੍ਰਦੂਸ਼ਣ ਦਾ ਮੁੱਖ ਪਹਾੜ ਖੜ੍ਹਾ ਹੋ ਗਿਆ, ਜਿਸ ਲਈ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਮੀਡੀਆ ਤੇ ਪਿੰਡਾਂ ਵਿੱਚ ਜਾ ਕੇ ਇਹ ਸਿੱਖਿਆ ਦੇਣੀ ਚਾਲੂ ਕਰ ਦਿੱਤੀ ਕਿ ਪਰਾਲੀ ਨਾ ਸਾੜੋ ਸਾਡੇ ਖੇਤਾਂ ਦੀ ਉਪਜ ਘਟਦੀ ਹੈ ਤੇ ਹਵਾ ਪ੍ਰਦੂਸ਼ਤ ਹੁੰਦੀ ਹੈ। ਪਰ ਜੀਰੀ ਤੋਂ ਬਾਅਦ ਤੁਰੰਤ ਅਗਲੀ ਫਸਲ ਬੀਜਣੀ ਹੁੰਦੀ ਹੈ, ਕਿਸਾਨਾਂ ਕੋਲ ਸੀਮਤ ਸਾਧਨ ਖੇਤੀ ਵਿਗਿਆਨੀਆਂ ਸਰਕਾਰਾਂ ਦੀਆਂ ਸਲਾਹਾਂ ਧਰੀਆਂ ਧਰਾਈਆਂ ਰਹਿ ਗਈਆਂ।ਪੰਜਾਬ ਦਾ ਕਿਸਾਨ ਜੋ ਕੜੀ ਮਿਹਨਤ ਕਰਨੀ ਜਾਣਦਾ ਹੈ, ਕਾਨੂੰਨਾਂ ਦੀ ਥੋੜ੍ਹੀ ਪ੍ਰਵਾਹ ਘੱਟ ਹੀ ਕਰਦਾ ਹੈ।
ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ ਝੋਨੇ ਦੀ ਫ਼ਸਲ ਦੀ ਵਾਢੀ ਹੁਣ ਸਿਰ ਆ ਪਹੁੰਚੀ ਹੈ,ਪਰਾਲੀ ਨੂੰ ਅੱਗ ਲਗਾਉਣ ਦਾ ਮੁੱਦਾ ਹੁਣ ਆਮ ਚਰਚਾ ਵਿੱਚ ਹੈ। ਪੰਜਾਬ ਹਰਿਆਣਾ ਯੂਪੀ ਸਮੇਤ ਕੁਝ ਹੋਰ ਰਾਜ ਦਿੱਲੀ ਦੇ ਪ੍ਰਦੂਸ਼ਣ ਵਿੱਚ ਵਾਧੇ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਹਨ।ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅੱਗ ਲਗਾਉਣ ਤੇ ਰੋਕ ਲਗਾਉਣ ਲਈ ਸਰਕਾਰ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਕੇਂਦਰ ਸਰਕਾਰ ਨੇ ਪਰਾਲੀ ਸਾੜਨ ਤੇ ਬਹੁਤ ਭਾਰੀ ਜ਼ੁਰਮਾਨੇ ਦਾ ਕਾਨੂੰਨ ਵੀ ਪਾਸ ਕੀਤਾ ਹੈ,ਚੰਗੀ ਗੱਲ ਹੈ ਪਰ ਜੁਰਮਾਨੇ ਦੀ ਏਨੀ ਭਾਰੀ ਰਕਮ ਜੇ ਕਿਸਾਨ ਕੋਲ ਹੋਵੇ ਉਹ ਪਰਾਲੀ ਸਾੜੇਗਾ ਹੀ ਕਿਉਂ ਜੁਰਮਾਨੇ ਤੇ ਸਜ਼ਾ ਕੋਈ ਸੁਧਾਰਵਾਦੀ ਨੀਤੀ ਖੇਤੀਬਾੜੀ ਵਿਚ ਨਹੀਂ ਹੈ।ਇਸ ਦੇ ਯੋਗ ਹੱਲ ਲਈ ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲ ਹੋਣੀ ਚਾਹੀਦੀ ਹੈ।ਕਾਲੇ ਕਾਨੂੰਨਾਂ ਨੂੰ ਖ਼ਤਮ ਕਰਾਉਣ ਲਈ ਕਿਸਾਨ ਤੇ ਮਜ਼ਦੂਰ ਦਿੱਲੀ ਨੂੰ ਘੇਰ ਕੇ ਬੈਠੇ ਹਨ,ਉਨ੍ਹਾਂ ਦੀ ਮੁੱਖ ਮੰਗ ਹੈ ਕਿ ਸਾਰੀਆਂ ਫ਼ਸਲਾਂ ਤੇ ਅਨਾਜ ਤੇ ਯੋਗ ਐੱਮਐੱਸਪੀ ਦੇਵੋ,ਸਿੱਧਾ ਹੀ ਮਸਲੇ ਦਾ ਹੱਲ ਹੈ ਕੌਣ ਜੀਰੀ ਜਾਂ ਝੋਨਾ ਲਗਾਵੇਗਾ ਸਾਡੇ ਕੋਲੇ ਹਾੜ੍ਹੀ ਸਾਉਣੀ ਦੀਆਂ ਅਨੇਕਾਂ ਫਸਲਾਂ ਹਨ।ਬਾਕੀ ਜ਼ੋਰ ਜ਼ਬਰਦਸਤੀ ਕਿਸਾਨ ਕਦੇ ਨਹੀਂ ਸਹਿੰਦੇ।
ਭਾਰਤ ਵਿੱਚ ਕਿਸਾਨਾਂ ਦਾ ਜੋ ਬੁਰਾ ਹਾਲ ਹੈ।ਸਾਰੀ ਦੁਨੀਆਂ ਜਾਣਦੀ ਹੈ, ਲੋਕਾਂ ਦਾ ਪੇਟ ਭਰਨ ਵਾਲੇ ਕਿਸਾਨ ਆਪਣੀਆਂ ਖਾਸ ਮੰਗਾਂ ਲਈ ਧਰਨਿਆਂ ਤੇ ਬੈਠੇ ਹਨ।ਸਰਕਾਰ ਨੂੰ ਤੁਰੰਤ ਯੋਗ ਹੱਲ ਕੱਢਣਾ ਚਾਹੀਦਾ ਹੈ, ਕਿਸਾਨਾਂ ਨੂੰ ਪਰਾਲੀ ਨੂੰ ਧਰਨਿਆਂ ਨਾਲ ਜੋੜ ਕੇ ਅੱਗ ਲਗਾਉਣ ਨੂੰ ਇੱਕ ਵਿਖਾਵਾ ਨਹੀਂ ਕਰਨਾ ਚਾਹੀਦਾ, ਅਸੀਂ ਸਰਕਾਰ ਤੋਂ ਡਰਦੇ ਨਹੀਂ ਸਾਡੇ ਕਿਸਾਨਾਂ ਤੇ ਮਜ਼ਦੂਰ ਇਹ ਵੀ ਸੋਚ ਲੈਣ ਕਿ ਤੁਹਾਡਾ ਹਾਲ ਚਾਲ ਪੁੱਛਣ ਲਈ ਕੋਈ ਨੇਤਾ ਨਹੀਂ ਆ ਰਿਹਾ ਪਰਾਲੀ ਨੂੰ ਅੱਗ ਲਗਾਉਣ ਨਾਲ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਨੇਤਾ ਤੇ ਸਰਕਾਰਾਂ ਲਈ ਤਾਂ ਏ ਸੀ ਕੋਠੀਆਂ ਕਾਰਾਂ ਹਨ।
ਆਪਾਂ ਨੂੰ ਆਪਣੇ ਭਵਿੱਖ ਨੂੰ ਖਰਾਬ ਨਹੀਂ ਕਰਨਾ ਅੱਜ ਤੁਸੀਂ ਜਿਹੜੀਆਂ ਮੰਗਾਂ ਲਈ ਧਰਨੇ ਲਗਾਏ ਹੋਏ ਹਨ,ਉਸ ਦਾ ਸਬੰਧ ਸਾਡੇ ਭਵਿੱਖ ਨਾਲ ਹੈ। ਅੱਗ ਲਗਾਉਣਾ ਤਾਂ ਸਾਡਾ ਆਉਣ ਵਾਲਾ ਭਵਿੱਖ ਖੁਦ ਹੀ ਖਰਾਬ ਕਰ ਲੈਣ ਦੇ ਸਮਾਨ ਹੈ ਸਾਰੀਆਂ ਕਿਸਾਨ ਯੂਨੀਅਨ ਇਕੱਠੀਆਂ ਹੋ ਕੇ ਬੈਠੀਆਂ ਹਨ। ਸਾਡਾ ਕਿਸਾਨ ਤਾਂ ਲੋਕਾਂ ਦੇ ਪੇਟ ਭਰਨ ਵਾਲਾ ਹੈ ਪ੍ਰਦੂਸ਼ਣ ਫੈਲਾਉਣ ਵਾਲਾ ਨਹੀਂ ਇਸ ਪਾਸੇ ਵੀ ਅੱਜ ਹੀ ਸੋਚ ਲਵੋ ਨਹੀਂ ਤਾਂ ਆਪਣੇ ਪੈਰ ਤੇ ਖੁਦ ਕੁਲਹਾੜੀ ਮਾਰ ਲਵੋਗੇ ਭਵਿੱਖ ਕਦੇ ਮਾਫ ਨਹੀਂ ਕਰੇਗਾ
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ -9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly