ਸ਼ੁੱਧ ਪੰਜਾਬੀ ਕਿਵੇਂ ਲਿਖੀਏ?-ਭਾਗ ੩.

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

ਪੰਜਾਬੀ ਸ਼ਬਦਾਵਲੀ ਵਿੱਚ ‘ਰ’ ਤੋਂ ਬਾਅਦ ਹਮੇਸ਼ਾਂ ‘ਨ’ ਅੱਖਰ ਹੀ ਪਵੇਗਾ

(ਕੇਵਲ ‘ਰਣ’ ਸ਼ਬਦ ਨੂੰ ਛੱਡ ਕੇ)
“””””””””””””””””””””””””””””””””””””
ਸ਼ਬਦ-ਜੋੜਾਂ ਸੰਬੰਧੀ ਪੰਜਾਬੀ ਵਿਆਕਰਨ ਦਾ ਇੱਕ ਨਿਯਮ ਹੈ ਜਿਸ ਅਧੀਨ ਪੰਜਾਬੀ ਸ਼ਬਦਾਵਲੀ ਵਿੱਚ ‘ਰ’ ਅੱਖਰ ਤੋਂ ਬਾਅਦ ਹਮੇਸ਼ਾਂ ‘ਨ’ ਅੱਖਰ ਹੀ ਪਾਇਆ ਜਾਣਾ ਹੈ ਤੇ ਇਸ ਨਿਯਮ ਅਧੀਨ ਕੇਵਲ ‘ਰਣ’ ਸ਼ਬਦ ਹੀ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਇਸ ਨਿਯਮ ਤੋਂ ਛੋਟ ਮਿਲ਼ੀ ਹੋਈ ਹੈ। ‘ਰਣ’ ਸ਼ਬਦ ਨਾਲ ਬਣਨ ਵਾਲੇ ਹੋਰ ਵੀ ਤਮਾਮ ਸ਼ਬਦ, ਜਿਵੇਂ: ਰਣਜੀਤ, ਰਣਜੋਧ, ਰਣਧੀਰ, ਰਣਬੀਰ, ਰਣ-ਭੂਮੀ, ਰਣ-ਖੇਤਰ, ਆਦਿ ਵੀ ਇਸ ਨਿਯਮ ਤੋਂ ਪੂਰੀ ਤਰ੍ਹਾਂ ਮੁਕਤ ਹਨ।

ਇਸੇ ਨਿਯਮ ਅਧੀਨ ਹੀ ਹਿੰਦੀ ਦਾ ‘ਕਾਰਣ’ ਸ਼ਬਦ ਹੁਣ ‘ਕਾਰਨ’ ਬਣ ਗਿਆ ਹੈ, ‘ਵਿਆਕਰਣ’ ‘ਵਿਆਕਰਨ’ ਬਣ ਗਿਆ ਹੈ ਅਤੇ ‘ਸਾਧਾਰਣ’ ਸ਼ਬਦ ‘ਸਧਾਰਨ’ ਵਿੱਚ ਬਦਲ ਚੁੱਕਿਆ ਹੈ। ਇਹਨਾਂ ਤੋਂ ਬਿਨਾਂ ਇਸ ਨਿਯਮ ਅਧੀਨ ਜਿਹੜੇ ਹੋਰ ਸ਼ਬਦਾਂ ਵਿੱਚ ਬਦਲਾਅ ਆਇਆ ਹੈ, ਉਹ ਹਨ:

ਵਰਨ (ਵਰਣ ਤੋਂ ਬਣਿਆ), ਚਰਨ (ਚਰਣ), ਚੂਰਨ (ਚੂਰਣ), ਪੂਰਨ (ਪੂਰਣ), ਸ਼ਰਨ (ਸ਼ਰਣ), ਹਰਨ, ਸੰਸਮਰਨ (ਸੰਸਮਰਣ), ਕਰਨ (ਕਰਨ- ਕਾਰਕ), ਨਿਰਨਾ (ਨਿਰਣਯ), ਸ਼ੀਰਨੀ, ਅੰਤਹਿਕਰਨ, ਵਰਨ (ਇੱਕ ਜਾਤੀ), ਵਰਨ-ਵਿਵਸਥਾ, ਵਰਨ-ਆਸ਼੍ਰਮ, ਵਰਨ (ਅੱਖਰ) ਤੋਂ ਵਰਨਿਕ ਵਰਨ-ਮਾਲਾ, ਵਰਨ-ਬੋਧ; ਵਿਆਕਰਨ ਤੋਂ ਵਿਆਕਰਨਿਕ, ਵਿਆਕਰਨਕਾਰ; ਘਿਰਨਾ (ਨਫ਼ਰਤ), ਘਿਰਨਾਯੋਗ, ਘਿਰਨਿਤ; ਜੀਰਨ, ਅਜੀਰਨ (ਬਦਹਜ਼ਮੀ), ਪ੍ਰੇਰਨਾ ਆਦਿ।

‘ਰ’ ਅਤੇ ‘ਣ’ ਦੇ ਵਿਚਕਾਰ ਕੋਈ ਲਗ ਆ ਜਾਣ ‘ਤੇ ਉਪਰੋਕਤ

ਨਿਯਮ ਲਾਗੂ ਨਹੀਂ ਹੋਵੇਗਾ:
“””””””””””””””””””””””””””””””””
ਪ੍ਰਣ, ਪ੍ਰਾਣ, ਪ੍ਰਾਣੀ, ਪਰੈਣ, ਭਰੂਣ, ਰਾਣੀ, ਰਾਣੀ ਖਾਂ, ਰਾਣੀਖੇਤ (ਇਕ ਬਿਮਾਰੀ), ਰਾਣੀਹਾਰ, ਦਰਾਣੀ, ਰੋਣ, ਰੋਣਾ, ਰੌਣ, ਰੌਣੀ, ਰੌਣਕ ਆਦਿ।
ਉਪਰੋਕਤ ਉਦਾਹਰਨਾਂ ਵਿੱਚ ਅਸੀਂ ਦੇਖਦੇ ਹਾਂ ਕਿ ‘ਪ੍ਰਣ’ ਸ਼ਬਦ ਵਿੱਚ ‘ਪ’ ਅਤੇ ‘ਣ’ ਅੱਖਰਾਂ ਦੇ ਵਿਚਕਾਰ ਪੂਰੇ ‘ਰਾਰੇ’ ਅੱਖਰ ਦੀ ਵਰਤੋਂ ਨਹੀਂ ਕੀਤੀ ਗਈ ਹੈ ਸਗੋਂ ‘ਰ’ ਅੱਖਰ ਨੂੰ ‘ਪ’ ਵਿਅੰਜਨ ਦੇ ਪੈਰਾਂ ਵਿੱਚ ਪਾਇਆ ਗਿਆ ਹੈ ਅਰਥਾਤ ਇੱਥੇ ‘ਰ’ ਅੱਖਰ ਨੂੰ ਇੱਕ ‘ਦੁੱਤ ਅੱਖਰ’ ਦੇ ਤੌਰ ‘ਤੇ ਵਰਤਿਆ ਗਿਆ ਹੈ ਇਸ ਲਈ ਇੱਥੇ ‘ਣ’ ਅੱਖਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ‘ਰਾਣੀ’ ਜਾਂ ‘ਪਰੈਣ’ ਆਦਿ ਸ਼ਬਦਾਂ ਵਿੱਚ ਕਿਉਂਕਿ ‘ਰ’ ਅਤੇ ‘ਣ’ ਅੱਖਰਾਂ ਦੇ ਵਿਚਕਾਰ ‘ਕੰਨੇ’ ਜਾਂ ‘ਦੁਲਾਵਾਂ’ ਦੀਆਂ ਮਾਤਰਾਵਾਂ ਆ ਗਈਆਂ ਹਨ ਇਸ ਲਈ ਇੱਥੇ ਵੀ ‘ਣ’ ਅੱਖਰ ਪਾਇਆ ਜਾ ਸਕਦਾ ਹੈ।
ਸੋ, ਹੁਣ ਤੱਕ ਇਸ ਲੇਖ-ਲੜੀ ਦੇ ਤਿੰਨ ਭਾਗਾਂ ਵਿੱਚ ਅਸੀਂ ਇਹ ਗੱਲ ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਕਿ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮ ਏਨੇ ਔਖੇ ਨਹੀਂ ਹਨ ਸਗੋਂ ਇਹਨਾਂ ਨਿਯਮਾਂ ਨੂੰ ਯਾਦ ਰੱਖਣਾ ਅਤੇ ਇਹਨਾਂ ਉੱਪਰ ਅਮਲ ਕਰਨਾ ਬਹੁਤ ਹੀ ਅਸਾਨ ਹੈ। ਮੇਰੇ ਖ਼ਿਆਲ ਅਨੁਸਾਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਸ਼ਬਦ-ਜੋੜ ਇੱਕ ਵਾਰ ਸਾਡੀ ਮਾਨਸਿਕਤਾ ਦਾ ਹਿੱਸਾ ਬਣ ਜਾਂਦੇ ਹਨ, ਸਾਡੇ ਲਈ ਉਹਨਾਂ ਤੋਂ ਖਹਿੜਾ ਛੁਡਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਜੇਕਰ ਇੱਕ ਵਾਰ ਕਿਸੇ ਨਵੀਂ ਚੀਜ਼ ਨੂੰ ਸਿੱਖਣ ਦਾ ਮਨ ਬਣਾ ਲਿਆ ਜਾਵੇ ਤਾਂ ਇਹ ਕੰਮ ਏਨਾ ਔਖਾ ਵੀ ਨਹੀਂ ਹੈ।

ਸਾਰਾਂਸ਼:
“””””””””
੧. ‘ਰ’ ਤੋਂ ਬਾਅਦ ਹਮੇਸ਼ਾਂ ‘ਨ’ ਅੱਖਰ ਹੀ ਪਵੇਗਾ ਕੇਵਲ ‘ਰਣ’ ਸ਼ਬਦ ਨੂੰ
ਛੱਡ ਕੇ।

੨. ਜੇਕਰ ਰ ਅਤੇ ਣ ਅੱਖਰਾਂ ਦੇ ਵਿਚਕਾਰ ਕੋਈ ‘ਲਗ’ ਆ ਜਾਂਦੀ ਹੈ ਤਾਂ ਵੀ
‘ਣ’ ਅੱਖਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ: ਰੌਣੀ।

੩. ਜੇਕਰ ‘ਣ’ ਤੋਂ ਪਹਿਲਾ ਅੱਖਰ ‘ਰ’ ਆਪ ਤੋਂ ਪਹਿਲੇ ਵਿਅੰਜਨ-ਅੱਖਰ ਦੇ
ਪੈਰਾਂ ਵਿੱਚ ਪਿਆ ਹੋਵੇ ਤਾਂ ਵੀ ‘ਣ’ ਅੱਖਰ ਦੀ ਵਰਤੋਂ ਕੀਤੀ ਜਾ ਸਕਦੀ ਹੈ,
ਜਿਵੇਂ:ਪ੍ਰਣ।

 

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿਚ ਲੈਣ ਤੇ ਇਲਾਕੇ ਦਾ ਮਾਣ ਵਧਿਆ – ਬੱਬੂ ਹਾਜੀਪੁਰੀਆ
Next articleਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ