(ਸਮਾਜ ਵੀਕਲੀ)
ਮੰਮੀ ਜੀ, ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਵੀ ਘਰ ਰਹਿ ਕੇ ਆਨਲਾਈਨ ਪੇਪਰ ਦੇਣੇ ਹਨ, ਪਰ ਤੁਸੀਂ ਮੰਨੇ ਹੀ ਨਹੀਂ। ਮਹਿਕ ਨੇ ਸਕੂਲੋਂ ਆਉਂਦਿਆਂ ਹੀ ਉਦਾਸ ਜਿਹੀ ਆਵਾਜ਼ ਵਿਚ ਕਿਹਾ।
ਦੇਖੋ ਬੇਟਾ ,ਆਨਲਾਈਨ ਜਾਂ ਆਫਲਾਈਨ, ਪੇਪਰ ਤਾਂ ਪੇਪਰ ਹੀ ਹਨ। ਪਰ ਹੋਇਆ ਕੀ ਹੈ? ਕੁੱਝ ਦੱਸ ਤਾਂ ਸਹੀ। ਮੰਮੀ ਜੀ ਨੇ ਫ਼ਿਕਰਮੰਦ ਹੁੰਦਿਆਂ ਕਿਹਾ।
ਹੋਣਾ ਕੀ ਹੈ ? ਬੱਸ ਚਾਰ ਪੰਜ ਬੱਚੇ ਆਉਂਦੇ ਸਕੂਲ ਪੇਪਰ ਦੇਣ। ਬਾਕੀ ਸੱਭ ਘਰੇ ਬੈਠ ਕੇ ਪੇਪਰ ਕਰਦੇ ਹਨ ਤੇ ਫ਼ੋਨ ਰਾਹੀਂ ਭੇਜ ਦਿੰਦੇ ਹਨ। ਉਹਨਾਂ ਕੋਲ਼ ਤਾਂ ਨਕਲ ਕਰਨ ਦੇ ਬਹੁਤ ਮੌਕੇ ਹੁੰਦੇ ਹਨ ਤੇ ਸਮਾਂ ਵੀ ਖੁੱਲਾ ਮਿਲ਼ ਜਾਂਦਾ ਉਹਨਾਂ ਨੂੰ। ਮਹਿਕ ਇੰਨਾਂ ਬੋਲ ਕੇ ਫ਼ੇਰ ਉਦਾਸ ਹੋ ਗਈ।
ਓਹੋ ਪੁੱਤਰ, ਤੁਸੀਂ ਕੀ ਲੈਣਾਂ ਇਸ ਸੱਭ ਤੋਂ। ਤੁਸੀਂ ਆਪਣੇ ਪੇਪਰ ਕਰਨੇ ਹਨ ਤੇ ਉਹਨਾਂ ਨੇ ਆਪਣੇ। ਮੰਮੀ ਜੀ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ।
ਪਰ ਮੰਮੀ ਜੀ, ਸਾਡੇ ਨਾਲ ਤਾਂ ਫ਼ਰਕ ਹੋ ਰਿਹਾ ਹੈ ਨਾ। ਅਸੀਂ ਸਕੂਲ ਜਾ ਕੇ ਅਧਿਆਪਕ ਜੀ ਦੇ ਸਾਹਮਣੇ ਪੇਪਰ ਕਰਣਾ ਹੁੰਦਾ ਤੇ ਪੂਰੇ ਸਮੇਂ ਅਨੁਸਾਰ ਸਾਥੋਂ ਪੇਪਰ ਲੈ ਲਏ ਜਾਂਦੇ ਹਨ। ਪੇਪਰ ਲੰਬਾ ਹੋਣ ਕਰਕੇ ਕਈ ਵਾਰੀ ਕੁੱਝ ਰਹਿ ਵੀ ਜਾਂਦਾ ਹੈ। ਪਰ ਅਧਿਆਪਕ ਜੀ ਬਿਲਕੁਲ ਵੀ ਵਾਧੂ ਸਮਾਂ ਨਹੀਂ ਦਿੰਦੇ। ਇਸ ਤਰ੍ਹਾਂ ਸਾਡੇ ਨੰਬਰ ਤਾਂ ਘੱਟ ਹੀ ਆਉਣਗੇ ਤੇ ਜਿਹੜੇ ਘਰ ਬੈਠ ਕੇ ਨਕਲ ਕਰਕੇ ਲਿਖਦੇ ਹਨ ਉਹਨਾਂ ਦੇ ਨੰਬਰ ਵੱਧ ਜਾਣਗੇ। ਮਹਿਕ ਇਸ ਵਾਰ ਹੋਰ ਦੁੱਖੀ ਹੋ ਕੇ ਬੋਲੀ।
ਅੱਛਾ! ਇਹ ਗੱਲ ਹੈ। ਹੁਣ ਸਮਝੀ ਹਾਂ ਮੈਂ ਸਾਰਾ ਮਾਮਲਾ। ਵੇਖ ਪੁੱਤਰ ਇਸ ਵਾਰ ਤੂੰ ਨੰਬਰਾਂ ਬਾਰੇ ਬਿਲਕੁੱਲ ਨਹੀਂ ਸੋਚਣਾ। ਨੰਬਰ ਘੱਟ ਗਏ ਤਾਂ ਕੋਈ ਗੱਲ ਨਹੀਂ। ਪਰ ਇੱਕ ਗੱਲ ਹਮੇਸ਼ਾਂ ਯਾਦ ਰੱਖੀ ਕਿ ਇਹ ਨੰਬਰ ਤੇਰੀ ਮਿਹਨਤ ਦੇ ਹਨ, ਇਮਾਨਦਾਰੀ ਦੇ ਹਨ। ਇਹ ਹਮੇਸ਼ਾਂ ਤੇਰੇ ਨਾਲ ਰਹਿਣਗੇ ਤੇ ਤੇਰੇ ਕੰਮ ਆਉਣਗੇ। ਕਦੇ ਵੀ ਦੂਜਿਆਂ ਨੂੰ ਦੇਖ ਕੇ ਗਲਤ ਰਾਸਤਾ ਨਹੀਂ ਫੜ੍ਹਨਾ ਚਾਹੀਦਾ। ਆਪਣੀ ਸਹੀ ਸੋਚ ਨਾਲ਼ ਅੱਗੇ ਵਧੋ। ਹਮੇਸ਼ਾਂ ਸਫ਼ਲ ਹੋਵੋਗੇ।ਬਾਕੀ ਫ਼ੇਰ ਵੀ ਜੇ ਤੈਨੂੰ ਲੱਗਦਾ ਹੈ ਕਿ ਮੈਂ ਗ਼ਲਤ ਕੀਤਾ ਤਾਂ ਅੱਗੇ ਤੋਂ ਮੈਂ ਕੁੱਝ ਨਹੀਂ ਕਹਾਂਗੀ।
ਨਹੀਂ ਨਹੀਂ ਮੰਮੀ ਜੀ। ਤੁਸੀਂ ਬਿਲਕੁੱਲ ਸਹੀ ਕਿਹਾ ਹੈ। ਮੈਂ ਸਕੂਲ ਜਾਕੇ ਹੀ ਪੇਪਰ ਦਵਾਂਗੀ। ਇਮਾਨਦਾਰੀ ਵਧੀਆ ਨੀਤੀ ਹੈ। ਫ਼ੇਰ ਚਾਹੇ ਨਤੀਜਾ ਕੁੱਝ ਵੀ ਹੋਵੇ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly