ਨਵੀਂ ਦਿੱਲੀ, (ਸਮਾਜ ਵੀਕਲੀ): ਸੁਪਰੀਮ ਕੋਰਟ ’ਚ ਇੱਕ ਅਰਜ਼ੀ ਦਾਇਰ ਕਰਕੇ ਕੇਂਦਰ ਸਰਕਾਰ ਤੇ ਰਾਜਾਂ ਨੂੰ ਹੇਠਲੀਆਂ ਅਦਾਲਤਾਂ ’ਚ ਸੁਰੱਖਿਆ ਵਾਸਤੇ ਤੁਰੰਤ ਕਦਮ ਚੁੱਕਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਵਕੀਲ ਵਿਸ਼ਾਲ ਤਿਵਾੜੀ ਵੱਲੋਂ ਇਹ ਅਰਜ਼ੀ 24 ਸਤੰਬਰ ਨੂੰ ਦਿੱਲੀ ਦੀ ਰੋਹਿਣੀ ਜ਼ਿਲ੍ਹਾ ਅਦਾਲਤ ਦੇ ਅੰਦਰ ਵਾਪਰੀ ਗੋਲੀਬਾਰੀ ਦੇ ਘਟਨਾ ਦੇ ਹਵਾਲਾ ਦਿੰਦਿਆਂ ਦਾਖਲ ਕੀਤੀ ਗਈ ਹੈ। ਉਕਤ ਘਟਨਾ ’ਚ ਤਿੰਨ ਗੈਂਗਸਟਰ ਮਾਰੇ ਗਏ ਤੇ ਇੱਕ ਲਾਅ ਇੰਟਰਨ ਜ਼ਖਮੀ ਹੋ ਗਈ ਸੀ।
ਤਿਵਾੜੀ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਪੈਂਡਿੰਗ ਪਟੀਸ਼ਨ ’ਚ ਦਾਇਰ ਅਰਜ਼ੀ ਵਿੱਚ ਨਿਆਂਇਕ ਅਧਿਕਾਰੀਆਂ ਤੇ ਵਕੀਲਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਗਿਆ ਹੈ। ਇਸ ਵਿੱਚ ਧਨਬਾਦ ਅਦਾਲਤ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਉੱਤਮ ਆਨੰਦ ਨੂੰ ਲੰਘੀ 28 ਜੁਲਾਈ ਨੂੰ ਝਾਰਖੰਡ ’ਚ ਇੱਕ ਵਾਹਨ ਦੀ ਟੱਕਰ ਨਾਲ ਕਥਿਤ ਤੌਰ ’ਤੇ ਮਾਰਨ ਦਾ ਹਵਾਲਾ ਵੀ ਦਿੱਤਾ ਗਿਆ ਹੈ। ਪਟੀਸ਼ਨਰ ਨੇ ਸੁਪਰੀਮ ਕੋਰਟ ਤੋਂ ਕੇਂਦਰ ਤੇ ਸੂਬਿਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਤੇ ਉਹ ਅਧੀਨ ਅਦਾਲਤਾਂ ’ਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਤੇ ਉਪਾਅ ਕਰਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly