‘ਅੱਗ ਭੜਕਾਉਣ ਵਾਲਾ ਮੁਲਕ ਹੈ ਪਾਕਿਸਤਾਨ’

United Nations headquarters in New York, the United States.

 

  • ਕਸ਼ਮੀਰ, ਭਾਰਤ ਦਾ ਅਨਿੱਖੜਵਾਂ ਅੰਗ: ਭਾਰਤ
  • ਭਾਰਤ ਦੇ ਅੰਦਰੂਨੀ ਮਸਲਿਆਂ ਨੂੰ ਵਿਸ਼ਵ ਮੰਚ ’ਤੇ ਲਿਆਉਣ ਦਾ ਕੀਤੀ ਨਿੰਦਾ

ਸੰਯੁਕਤ ਰਾਸ਼ਟਰ, (ਸਮਾਜ ਵੀਕਲੀ): ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਵਿੱਚ ਕਸ਼ਮੀਰ ਮੁੱਦੇ ’ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਬਿਆਨਬਾਜ਼ੀ ਦੇ ਜਵਾਬ ਵਿੱਚ ਭਾਰਤ ਨੇ ਕਿਹਾ ਕਿ ਪਾਕਿਸਤਾਨ ਅਜਿਹਾ ਮੁਲਕ ਹੈ ਜਿੱਥੇ ਅਤਿਵਾਦੀ ਖੁੱਲ੍ਹ ਕੇ ਆ-ਜਾ ਸਕਦੇ ਹਨ। ਪਾਕਿਸਤਾਨ ਅੱਗ ਭੜਕਾਉਣ ਵਾਲਾ ਮੁਲਕ ਹੈ ਜਦ ਕਿ ਉਹ ਖ਼ੁਦ ਨੂੰ ਅੱਗ ਬੁਝਾਉਣ ਵਾਲੇ ਵਾਂਗ ਪੇਸ਼ ਕਰਦਾ ਹੈ। ਕੁੱਲ ਆਲਮ ਨੂੰ ਉਸ ਦੀਆਂ ਨੀਤੀਆਂ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਉਹ ਅਤਿਵਾਦੀਆਂ ਦੀ ਪੁਸ਼ਤ-ਪਨਾਹੀ ਕਰਦਾ ਹੈ।

ਭਾਰਤ ਦੀ ਪਹਿਲੀ ਸਕੱਤਰ ਸਨੇਹਾ ਦੂਬੇ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕਿਹਾ,‘ਪਾਕਿਸਤਾਨ ਦੇ ਆਗੂ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਨੂੰ ਵਿਸ਼ਵ ਮੰਚ ’ਤੇ ਲਿਆਉਣ ਅਤੇ ਝੂਠ ਫੈਲਾ ਕੇ ਇਸ ਵੱਕਾਰੀ ਮੰਚ ਦੇ ਅਕਸ ਨੂੰ ਖਰਾਬ ਕਰਨ ਦੀ ਇਕ ਹੋਰ ਕੋਸ਼ਿਸ਼ ਦੇ ਜਵਾਬ ਵਿੱਚ ਅਸੀਂ ਆਪਣਾ ਪੱਖ ਰੱਖਣ ਤੇ ਢੁਕਵਾਂ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਕਸ਼ਮੀਰ, ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਪੀਓਕੇ ਵੀ ਭਾਰਤ ਦਾ ਹਿੱਸਾ ਹੈ। ਇਸ ਲਈ ਪਾਕਿਸਤਾਨ ਇਸ ਨੂੰ ਤੁਰੰਤ ਖਾਲੀ ਕਰੇ।

ਦੂਬੇ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਵਿੱਚ ਪਾਕਿਸਤਾਨ ਵੱਲੋਂ ਇਕ ਵਾਰ ਮੁੜ ਕਸ਼ਮੀਰ ਦਾ ਮਸਲਾ ਚੁੱਕਣ ਦੀ ਨਿਖੇਧੀ ਕੀਤੀ ਤੇ ਕਿਹਾ,‘ ਅਜਿਹੇ ਬਿਆਨ ਦੇਣ ਅਤੇ ਝੂਠ ਬੋਲਣ ਵਾਲਿਆਂ ਦੀ ਸਮੂਹਿਕ ਤੌਰ ’ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ।’ ਦੁਬੇ ਨੇ ਕਿਹਾ,‘ਅਸੀਂ ਸੁਣਦੇ ਆ ਰਹੇ ਹਾਂ ਕਿ ਪਾਕਿਸਤਾਨ ‘ਅਤਿਵਾਦ ਦਾ ਸ਼ਿਕਾਰ’ ਹੈ। ਇਹ ਉਹ ਮੁਲਕ ਹੈ ਜਿਸ ਨੇ ਖ਼ੁਦ ਅੱਗ ਪਰ ਅਸਲੀਅਤ ਵਿੱਚ ਪੂਰੀ ਦੁਨੀਆ ਨੂੰ ਉਸ ਦੀਆਂ ਨੀਤੀਆਂ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ਦੂਜੇ ਪਾਸੇ, ਉਹ ਆਪਣੇ ਦੇਸ਼ ਵਿੱਚ ਫਿਰਕੂ ਹਿੰਸਾ ਨੂੰ ਅਤਿਵਾਦੀ ਗਤੀਵਿਧੀਆਂ ਦੇ ਰੂਪ ਵਿੱਚ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।’ ਖ਼ਾਨ ਨੇ ਪੰਜ ਅਗਸਤ 2019 ਨੂੰ ਆਪਣੇ ਸੰਬੋਧਨ ਵਿੱਚ ਧਾਰਾ 370 ਹਟਾਉਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਅਤੇ ਪਾਕਿਸਤਾਨ ਦੇ ਹਮਾਇਤੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦੇ ਦੇਹਾਂਤ ਬਾਰੇ ਗੱਲ ਕੀਤੀ ਸੀ।

ਜਵਾਬ ਦੇਣ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਦੂਬੇ ਨੇ ਦ੍ਰਿੜ੍ਹਤਾ ਨਾਲ ਦੁਹਰਾਇਆ,‘ਸਮੁੱਚੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਭਾਰਤ ਦਾ ਅਟੁੱਟ ਹਿੱਸਾ ਸਨ, ਹੈ ਤੇ ਹਮੇਸ਼ਾਂ ਰਹਿਣਗੇ। ਇਸ ਵਿੱਚ ਉਹ ਖੇਤਰ ਵੀ ਸ਼ਾਮਲ ਹੈ ਜੋ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠ ਹੈ। ਅਸੀਂ ਪਾਕਿਸਤਾਨ ਨੂੰ ਉਸ ਦੇ ਨਾਜਾਇਜ਼ ਕਬਜ਼ੇ ਵਾਲੇ ਖੇਤਰਾਂ ਨੂੰ ਖ਼ਾਲੀ ਕਰਨ ਦੀ ਅਪੀਲ ਕਰਦੇ ਹਾਂ।’ ਜ਼ਿਕਰਯੋਗ ਹੈ ਕਿ ਖਾਨ ਤੇ ਹੋਰ ਪਾਕਿਤਾਨੀ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਅਤੇ ਵਿਸ਼ਵ ਸੰਗਠਨ ਦੇ ਕਈ ਮੰਚਾਂ ’ਤੇ ਆਪਣੇ ਸੰਬੋਧਨ ਵਿੱਚ ਜੰਮੂ-ਕਸ਼ਮੀਰ ਅਤੇ ਭਾਰਤ ਦੇ ਹੋਰ ਅੰਦਰੂਨੀ ਮਾਮਲਿਆਂ ਦੇ ਮੁੱਦੇ ਲਗਾਤਾਰ ਚੁੱਕੇ ਹਨ।

ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਕਰਨ ਦੇ ਪਾਕਿਸਤਾਨ ਦੇ ਯਤਨਾਂ ਨੂੰ ਕੌਮਾਂਤਰੀ ਭਾਈਚਾਰੇ ਅਤੇ ਮੈਂਬਰ ਦੇਸ਼ਾਂ ਤੋਂ ਕੋਈ ਖ਼ਾਸ ਹਮਾਇਤ ਨਹੀਂ ਮਿਲੀ ਕਿਉਂਕਿ ਉਹ ਮੰਨਦੇ ਹਨ ਕਿ ਕਸ਼ਮੀਰ ਦੋਵਾਂ ਦੇਸ਼ਾਂ ਦਾ ਦੁਵੱਲਾ ਮਸਲਾ ਹੈ। ਦੂਬੇ ਨੇ ਕਿਹਾ ਕਿ ਇਹ ਮੰਦਭਾਗਾ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਪਾਕਿਸਤਾਨੀ ਨੇਤਾ ਨੇ ਉਨ੍ਹਾਂ ਦੇ ਮੁਲਕ ਖ਼ਿਲਾਫ਼ ਝੂਠ ਫੈਲਾਉਣ ਅਤੇ ਗ਼ਲਤ ਪ੍ਰਚਾਰ ਲਈ ਸੰਯੁਕਤ ਰਾਸ਼ਟਰ ਦੇ ਮੰਚ ਦੀ ਦੁਰਵਰਤੋਂ ਕੀਤੀ ਹੈ। ਇਸ ਨੇ ਦੁਨੀਆ ਦਾ ਧਿਆਨ ਭਟਕਾਉਣ ਦਾ ਯਤਨ ਕੀਤਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨੀ ਕੈਬਨਿਟ: ਪੰਦਰਾਂ ਮੰਤਰੀ ਅੱਜ ਲੈਣਗੇ ਹਲਫ਼
Next article‘ਈਰਖਾ’ ਕਾਰਨ ਮੈਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਗਈ: ਮਮਤਾ