ਡੀ.ਡੀ.ਪੰਜਾਬੀ ਦੀ ਸ਼ੁਰੂ ਹੋਈ ਨਵੀਂ ਸਵੇਰ ਸਰੋਤਿਆਂ ਨੂੰ ਬਹੁਤ ਆਸਾਂ

(ਸਮਾਜ ਵੀਕਲੀ)

ਸਾਡੇ ਪੰਜਾਬ ਲਈ ਦੂਰਦਰਸ਼ਨ ਵੱਲੋਂ ਇੱਕੋ ਇੱਕ ਚੈਨਲ ਹੈ ਦੂਰਦਰਸ਼ਨ ਪੰਜਾਬੀ,ਖੇਤਰੀ ਚੈਨਲ ਦੂਰਦਰਸ਼ਨ ਜਲੰਧਰ ਦੇ ਨਾਮ ਨਾਲ ਸ਼ੁਰੂ ਹੋਇਆ ਸੀ।ਸੱਤ ਕੁ ਸਾਲ ਪਹਿਲਾਂ ਤਕ ਮਾਂ ਬੋਲੀ ਪੰਜਾਬੀ ਦੀ ਪਹਿਰੇਦਾਰੀ ਕਰਦੇ ਹੋਏ ਬਹੁਤ ਵਧੀਆ ਪ੍ਰੋਗਰਾਮ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪ੍ਰਚਾਰ ਤੇ ਪ੍ਰਸਾਰ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਜਾਂਦਾ ਰਿਹਾ।ਪ੍ਰਸਾਰ ਭਾਰਤੀ ਵੱਲੋਂ ਪਤਾ ਨ੍ਹੀਂ ਕਿਹੜੀ ਚੰਦਰੀ ਹਵਾ ਚੱਲੀ ਉਸਤੋਂ ਬਾਅਦ ਕੋਈ ਕੇਂਦਰ ਨੂੰ ਨਿਰਦੇਸ਼ਕ ਨਹੀਂ ਮਿਲਿਆ, ਵਾਧੂ ਚਾਰਜ ਚੀਫ ਇੰਜਨੀਅਰ ਸਾਹਿਬ ਨੂੰ ਦਿੱਤਾ ਗਿਆ ਜੋ ਪੰਜਾਬੀ ਭਾਸ਼ਾ ਬਾਰੇ ਬਿਲਕੁਲ ਨਹੀਂ ਜਾਣਦੇ।ਪ੍ਰੋਗਰਾਮ ਮੁਖੀ ਪੱਕੇ ਤੌਰ ਤੇ ਕੋਈ ਨਹੀਂ ਮਿਲਿਆ,ਨਿਰਮਾਤਾਵਾਂ ਵਿੱਚੋਂ ਪਹਿਲਾਂ ਇੰਦੂ ਵਰਮਾ ਤੇ ਉਸ ਤੋਂ ਬਾਅਦ ਪੁਨੀਤ ਸਹਿਗਲ ਜੀ ਨੂੰ ਲਗਾ ਦਿੱਤਾ ਗਿਆ।ਪੰਜਾਬੀ ਭਾਸ਼ਾ ਤੇ ਪਹਿਰਾਵੇ ਵੱਲੋਂ ਦੋਨੋਂ ਅਣਜਾਣ ਕੀ ਬਣਨਗੇ ਪ੍ਰੋਗਰਾਮ ?

ਦੂਰਦਰਸ਼ਨ ਪੰਜਾਬੀ ਜਿਹੜਾ ਸੱਤ ਸਾਲ ਪਹਿਲਾਂ ਕੌਮਾਂਤਰੀ ਪੱਧਰ ਤੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਚੈਨਲ ਤੇ ਵੱਧ ਕਮਾਈ ਦਾ ਇਨਾਮ ਜਿੱਤ ਚੁੱਕਿਆ ਸੀ।ਤਿੱਨ ਚਾਰ ਸਾਲਾਂ ਤੋਂ ਜਿੰਨੇ ਵੀ ਟੀ ਵੀ ਤੇ ਪੰਜਾਬੀ ਚੈਨਲ ਹਨ ਸਭ ਤੋਂ ਪਿਛਲਾ ਨੰਬਰ ਇਸ ਚੈਨਲ ਦਾ ਬਣ ਗਿਆ। ਇੰਦੂ ਵਰਮਾ ਵੇਲੇ ਸਾਰੇ ਮਨੋਰੰਜਕ ਪ੍ਰੋਗਰਾਮ ਬੰਦ ਹੋ ਚੁੱਕੇ ਸਨ,ਪੰਜਾਬੀ ਫ਼ਿਲਮਾਂ,ਕਵੀ ਦਰਬਾਰ ਤੇ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਸਿੱਧੇ ਪ੍ਰਸਾਰਨ ਵਾਲੇ ਪ੍ਰੋਗਰਾਮ,ਖਾਸ ਪ੍ਰੋਗਰਾਮ ਰਾਬਤਾ ਜਿਸ ਵਿੱਚ ਸਰੋਤਿਆਂ ਦੀਆਂ ਚਿੱਠੀਆਂ ਦੇ ਜਵਾਬ ਦਿੱਤੇ ਜਾਂਦੇ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਜਾਣੀ ਕਿ ਦੂਰਦਰਸ਼ਨ ਪੰਜਾਬੀ ਦੀ ਆਪਣੀ ਮਰਜ਼ੀ ਸਰੋਤੇ ਚੁੱਪ ਚਾਪ ਜੋ ਕੁਝ ਪਰੋਸਿਆ ਜਾ ਰਿਹਾ ਹੈ ਵੇਖੋ।

ਸ੍ਰੀ ਮਾਨ ਪੁਨੀਤ ਸਹਿਗਲ ਜੀ ਪ੍ਰੋਗਰਾਮ ਮੁਖੀ ਬਣ ਕੇ ਆਏ ਜੋ ਡਰਾਮਾ ਵਿਭਾਗ ਦੀ ਉੱਚ ਸਿੱਖਿਆ ਪ੍ਰਾਪਤ ਹਨ ਜਿਨ੍ਹਾਂ ਤੋਂ ਬਹੁਤ ਵੱਡੀਆਂ ਆਸਾਂ ਸਨ,ਇਨ੍ਹਾਂ ਨੇ ਆਪਣੇ ਹੀ ਕੁਝ ਕੰਮ ਚਲਾਊ ਸਮਾਂ ਵਿਹਾਅ ਚੁੱਕੇ ਨਿਰਮਾਤਾ ਤੇ ਖ਼ਾਸ ਐਂਕਰ ਲੈ ਲਏ ਜਿਨ੍ਹਾਂ ਨਾਲ ਥੋੜ੍ਹੇ ਬਹੁਤ ਪ੍ਰੋਗਰਾਮ ਚਲਾਉਣੇ ਚਾਲੂ ਕੀਤੇ।ਬਾਕੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਪ੍ਰੋਗਰਾਮ ਪੂਰਾ ਦਿਨ ਚਲਦੇ ਰਹਿੰਦੇ ਹਨ ਜਾਣੀ ਕਿ ਖੇਤਰੀ ਚੈਨਲ ਨੇ ਕੀ ਪ੍ਰਸਾਰਤ ਕਰਨਾ ਹੈ ਉਹ ਸਭ ਵਿਛੜ ਗਿਆ।ਪੰਜਾਬ ਤੇ ਮੁੱਦੇ ਜੋ ਕਿ ਖੇਤੀ ਕਾਲੇ ਕਾਨੂੰਨ ਕਰਕੇ ਬਹੁਤ ਉਲਝੇ ਹੋਏ ਹਨ,ਸਿਹਤ ਸਿੱਖਿਆ ਤੇ ਕੋਰੋਨਾ ਮਹਾਂਮਾਰੀ ਕਰਕੇ ਹਾਲਾਤ ਬਹੁਤ ਖ਼ਰਾਬ ਹਨ।

ਪਰ ਇਨ੍ਹਾਂ ਸਬੰਧੀ ਕੋਈ ਪ੍ਰੋਗਰਾਮ ਪੇਸ਼ ਨਹੀਂ ਕੀਤਾ ਜਾਂਦਾ,ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਗੀਤਕਾਰ ਕਵੀ ਤੇ ਲੇਖਕ ਬੁਲਾਏ ਜਾਂਦੇ ਹਨ ਜੋ ਆਪਣੀਆਂ ਰਚਨਾਵਾਂ ਦਾ ਪਾਠ ਪੜ੍ਹਦੇ ਹਨ।ਖ਼ਾਸ ਖ਼ਬਰ ਇੱਕ ਨਜ਼ਰ ਪ੍ਰੋਗਰਾਮ ਜਿਸ ਵਿੱਚ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦਾ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ,ਉਸ ਵਿੱਚ ਸਰਕਾਰਾਂ ਦਾ ਪ੍ਰਚਾਰ ਹੁੰਦਾ ਹੈ।ਪ੍ਰਸਾਰ ਭਾਰਤੀ ਲੋਕ ਪ੍ਰਸਾਰਨ ਸੇਵਾ ਕਹਿੰਦੀ ਹੈ ਇੱਥੇ ਲੋਕਾਂ ਦੀਆਂ ਗੱਲਾਂ ਹੀ ਨਹੀਂ ਸਰਕਾਰਾਂ ਜੋ ਕੁਝ ਕਹਿੰਦੀਆਂ ਹਨ ਉਹ ਸੁਣਦੇ ਰਹੋ। ਪ੍ਰਿੰਟ ਮੀਡੀਆ ਨੇ ਬਹੁਤ ਸਹਿਯੋਗ ਦਿੱਤਾ ਸਾਡੀਆਂ ਅਨੇਕਾਂ ਅਖ਼ਬਾਰਾਂ ਨੇ ਪ੍ਰੋਗਰਾਮਾਂ ਦੇ ਸੁਧਾਰਾਂ ਸਬੰਧੀ ਰਚਨਾਵਾਂ ਛਾਪੀਆਂ,ਸਾਡੀ ਪੰਜਾਬੀ ਮਾਂ ਬੋਲੀ ਦੇ ਵਿਦੇਸ਼ੀ ਅਖ਼ਬਾਰਾਂ ਨੇ ਦੂਰਦਰਸ਼ਨ ਦੀ ਨੀਤੀ ਨੂੰ ਸੁਧਾਰਨ ਲਈ ਬਹੁਤ ਸਹਿਯੋਗ ਦਿੱਤਾ।

ਸਾਨੂੰ ਮਾਣ ਹੈ ਸਮਾਜ ਵੀਕਲੀ, ਪੀ੍ਤਨਾਮਾ,ਸਾਡੇ ਲੋਕ,ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ,ਡੇਲੀ ਹਮਦਰਦ, ਸਾਂਝੀ ਸੋਚ,ਸਾਂਝ, ਬੀਟੀਟੀ ਨਿਊਜ਼,ਵਰਲਡ ਪੰਜਾਬੀ ਟਾਈਮਜ਼, ਮਾਲਵਾ ਬਾਣੀ ਇਨ੍ਹਾਂ ਅਖ਼ਬਾਰਾਂ ਨੂੰ ਮੈਂ ਸਮੇਂ ਸਮੇਂ ਤੇ ਯੋਗ ਰਚਨਾਵਾਂ ਲਿਖ ਕੇ ਭੇਜਦਾ ਰਿਹਾ ਇਹਨਾਂ ਨੇ ਛਾਪ ਕੇ ਬਹੁਤ ਵੱਡਾ ਮਾਣ ਖੱਟਿਆ ਹੈ।ਲੋਕ ਅਕਸਰ ਕਹਿ ਦਿੰਦੇ ਹਨ ਕਿ ਆਨਲਾਈਨ ਜਾਂ ਪ੍ਰਦੇਸੀ ਅਖ਼ਬਾਰਾਂ ਦਾ ਕੋਈ ਫ਼ਾਇਦਾ ਨਹੀਂ ਪਰ ਪ੍ਰਸਾਰ ਭਾਰਤੀ ਨੇ ਸਭ ਕੁਝ ਵਾਚਿਆ ਮੇਰੀਆਂ ਰਚਨਾਵਾਂ ਛਪਣ ਤੇ ਫੋਨ ਰਾਹੀਂ ਮੈਥੋਂ ਡੀ ਜੀ ਵਿਭਾਗ ਦਿੱਲੀ ਜਾਣਕਾਰੀ ਵੀ ਮੰਗਦਾ ਰਿਹਾ। ਪੰਜਾਬੀ ਜਗਤ ਨੂੰ ਮਾਣ ਹੈ ਇਨ੍ਹਾਂ ਅਖ਼ਬਾਰਾਂ ਤੇ ਕੇ ਪ੍ਰੋਗਰਾਮ ਮੁਖੀ ਬਦਲ ਦਿੱਤੇ ਗਏ ਹਨ।

ਸ੍ਰੀ ਮਾਨ ਅਨੂਪ ਖਜੂਰੀਆ ਜੀ ਬਹੁਤ ਜਲਦੀ ਪ੍ਰੋਗਰਾਮ ਮੁਖੀ ਦੂਰਦਰਸ਼ਨ ਪੰਜਾਬੀ ਦੀ ਕਮਾਂਡ ਸੰਭਾਲ ਲੈਣਗੇ।ਸਾਡੇ ਪੰਜਾਬ ਸਰਕਾਰ ਦੇ ਸੱਭਿਆਚਾਰ ਵਿਭਾਗ ਨੂੰ ਵੀ ਚਾਹੀਦਾ ਹੈ,ਕਿ ਸਾਡੇ ਪੰਜਾਬੀ ਚੈਨਲ ਆਕਾਸ਼ਵਾਣੀ ਜਾਂ ਦੂਰਦਰਸ਼ਨ ਕੀ ਪੇਸ਼ ਕਰ ਰਹੇ ਹਨ।ਸਾਡੇ ਸਰੋਤਿਆਂ ਦਾ ਤਾਂ ਇੱਕੋ ਹੀ ਘੜਿਆ ਘੜਾਇਆ ਜਵਾਬ ਹੁੰਦਾ ਹੈ,ਜ਼ਰੂਰੀ ਥੋੜ੍ਹੀ ਆ ਹੋਰ ਬਹੁਤ ਚੈਨਲ ਹਨ ਉਹ ਵੇਖ ਲਵੋ।ਪਰ ਸਾਡੀ ਸਰਕਾਰ ਵੱਲੋਂ ਜੋ ਸਾਡੇ ਲਈ ਸਾਧਨ ਮੌਜੂਦ ਕੀਤੇ ਹੋਏ ਹਨ ਕੀ ਸਾਨੂੰ ਉਨ੍ਹਾਂ ਦੀ ਨਿਗਰਾਨੀ ਨਹੀਂ ਕਰਨੀ ਚਾਹੀਦੀ।ਸਾਡੇ ਨਵੇਂ ਪ੍ਰੋਗਰਾਮ ਮੁਖੀ ਜੀ ਦੇ ਉੱਪਰ ਬਹੁਤ ਜ਼ਿੰਮੇਵਾਰੀਆਂ ਹੋਣਗੀਆਂ ਕਿਉਂਕਿ ਦੂਰਦਰਸ਼ਨ ਪੰਜਾਬੀ ਨੂੰ ਲਾਈਨ ਤੋਂ ਹੀ ਉਤਾਰ ਦਿੱਤਾ ਗਿਆ ਹੈ ਪਰ ਖਜੂਰੀਆ ਸਾਹਿਬ ਨੈਸ਼ਨਲ ਦਿੱਲੀ ਦੇ ਪ੍ਰੋਗਰਾਮ ਮੁਖੀ ਵੀ ਹਨ ਜੋ ਏਨੇ ਵੱਡੇ ਚੈਨਲ ਨੂੰ ਸੰਭਾਲ ਰਹੇ ਹਨ।ਖੇਤਰੀ ਚੈਨਲ ਨੂੰ ਸੰਭਾਲਣਾ ਉਨ੍ਹਾਂ ਲਈ ਚੁਟਕੀ ਦਾ ਕੰਮ ਹੋਵੇਗਾ।

ਰਮੇਸ਼ਵਰ ਸਿੰਘ ਪਟਿਆਲਾ

 

 

 

 

 

 

 

ਸੰਪਰਕ ਨੰਬਰ-9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਮ੍ਰਿਤਸਰ ਵਿਕਾਸ ਮੰਚ ਵਲੋਂ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਮੰਗ
Next articleOur bowlers did a pretty good job, says Delhi skipper Rishabh Pant