ਭੁਜ (ਸਮਾਜ ਵੀਕਲੀ): ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ) ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਸਥਿਤ ਮੁੰਦਰਾ ਬੰਦਰਗਾਹ ’ਤੇ ਦੋ ਕੰਟੇਨਰਾਂ ਵਿਚੋਂ ਤਿੰਨ ਹਜ਼ਾਰ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ 15 ਹਜ਼ਾਰ ਕਰੋੜ ਰੁਪਏ ਹੈ। ਇਸ ਮਾਮਲੇ ਵਿਚ ਇਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਚੇਨੱਈ ਨਾਲ ਸਬੰਧਤ ਹੈ। ਕੌਮਾਂਤਰੀ ਬਾਜ਼ਾਰ ਵਿਚ ਕਿਲੋ ਹੈਰੋਇਨ ਦੀ ਕੀਮਤ ਪੰਜ ਕਰੋੜ ਰੁਪਏ ਹੈ। ਸੂਤਰਾਂ ਮੁਤਾਬਕ ਡੀਆਰਆਈ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਅਫ਼ਗਾਨਿਸਤਾਨ ਤੋਂ ਇਹ ਡਰੱਗ ਆ ਰਿਹਾ ਹੈ। ਡੀਆਰਆਈ ਨੇ ਕੁਝ ਦਿਨ ਪਹਿਲਾਂ ਕੰਟੇਨਰ ਜ਼ਬਤ ਕਰ ਕੇ ਸੈਂਪਲ ਜਾਂਚ ਲਈ ਭੇਜੇ ਸਨ।
ਫੌਰੈਂਸਿਕ ਅਧਿਐਨ ਤੋਂ ਬਾਅਦ ਜ਼ਬਤ ਪਦਾਰਥ ਵਿਚ ਹੈਰੋਇਨ ਮੌਜੂਦ ਹੋਣ ਦੀ ਪੁਸ਼ਟੀ ਹੋ ਗਈ ਹੈ। ਭੇਜਿਆ ਗਿਆ ਸਾਮਾਨ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿਚ ਰਜਿਸਟਰਡ ਇਕ ਟਰੇਡਿੰਗ ਕੰਪਨੀ ਵੱਲੋਂ ਮੰਗਵਾਇਆ ਗਿਆ ਸੀ। ਸਰਕਾਰੀ ਏਜੰਸੀ ਮੁਤਾਬਕ ਕੰਪਨੀ ਨੇ ਸਾਮਾਨ ਮੰਗਵਾਉਣ ਵੇਲੇ ਦੱਸਿਆ ਸੀ ਕਿ ‘ਸੈਮੀ-ਪ੍ਰੋਸੈਸਡ ਟਾਕ ਸਟੋਨ’ ਮੰਗਵਾਇਆ ਜਾ ਰਿਹਾ ਹੈ। ਇਹ ਅਫ਼ਗਾਨਿਸਤਾਨ ਤੋਂ ਇਰਾਨ ਦੀ ਬੰਦਰ ਅੱਬਾਸ ਬੰਦਰਗਾਹ ਰਾਹੀਂ ਗੁਜਰਾਤ ਦੀ ਮੁੰਦਰਾ ਬੰਦਰਗਾਹ ਪਹੁੰਚਿਆ ਹੈ। 1999.57 ਕਿਲੋ ਹੈਰੋਇਨ ਇਕ ਕੰਟੇਨਰ ਵਿਚੋਂ ਤੇ 988.64 ਕਿਲੋ ਹੈਰੋਇਨ ਦੂਜੇ ਕੰਟੇਨਰ ਵਿਚੋਂ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿਚ ਅਹਿਮਦਾਬਾਦ, ਦਿੱਲੀ, ਚੇਨੱਈ, ਗਾਂਧੀਧਾਮ ਤੇ ਮਾਂਡਵੀ ਵਿਚ ਛਾਪੇ ਮਾਰੇ ਗਏ ਹਨ।
ਇਸੇ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਵਿਚ ਹੁਣ ਤੱਕ ਦੋ ਅਫ਼ਗਾਨ ਨਾਗਰਿਕਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਸਾਮਾਨ ਦਰਾਮਦ ਕਰਨ ਵਾਲੀ ਫਰਮ ਆਸ਼ੀ ਟਰੇਡਿੰਗ ਕੰਪਨੀ ਦੇ ਨਾਂ ਹੇਠ ਐਮ. ਸੁਧਾਕਰ ਤੇ ਉਸ ਦੀ ਪਤਨੀ ਦੁਰਗਾ ਵੈਸ਼ਾਲੀ ਵੱਲੋਂ ਚਲਾਈ ਜਾ ਰਹੀ ਸੀ। ਇਨ੍ਹਾਂ ਦੋਵਾਂ ਨੂੰ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕਰ ਕੇ ਕੱਛ ਲਿਆਂਦਾ ਗਿਆ ਸੀ। ਦੋਵਾਂ ਨੂੰ ਸੋਮਵਾਰ ਭੁਜ ਕਸਬੇ ਦੀ ਵਿਸ਼ੇਸ਼ ਅਦਾਲਤ ਵਿਚ ਐਨਡੀਪੀਐੱਸ ਐਕਟ ਤਹਿਤ ਪੇਸ਼ ਕੀਤਾ ਗਿਆ। ਵਿਸ਼ੇਸ਼ ਸਰਕਾਰੀ ਵਕੀਲ ਨੇ ਜੋੜੇ ਦੀ ਹਿਰਾਸਤ ਮੰਗਦਿਆਂ ਕਿਹਾ ਕਿ ਡੀਆਰਆਈ ਨੇ 2988 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਨੂੰ ‘ਟਾਕ ਸਟੋਨ’ ਕਹਿ ਕੇ ਮੰਗਵਾਇਆ ਗਿਆ ਹੈ। ਜੱਜ ਨੇ ਦੋਵਾਂ ਨੂੰ 10 ਦਿਨ ਲਈ ਡੀਆਰਆਈ ਦੇ ਹਿਰਾਸਤ ਵਿਚ ਭੇਜ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly