ਪੈਟਰੋਲੀਅਮ ਪਦਾਰਥ ਹਾਲੇ ਜੀਐੱਸਟੀ ਦੇ ਘੇਰੇ ’ਚ ਨਹੀਂ ਆਉਣਗੇ

Finance Minister Nirmala Sitharaman

ਲਖਨਊ (ਸਮਾਜ ਵੀਕਲੀ):  ਜੀਐੱਸਟੀ ਪ੍ਰੀਸ਼ਦ ਦੀ ਅੱਜ ਹੋਈ ਬੈਠਕ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਕਰੋਨਾ ਨਾਲ ਸਬੰਧਤ ਦਵਾਈਆਂ 31 ਦਸੰਬਰ ਤੱਕ ਰਿਆਇਤੀ ਟੈਕਸ ਦਰਾਂ ਉਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਅਗਵਾਈ ਵਿਚ ਅੱਜ ਇੱਥੇ ਹੋਈ ਜੀਐੱਸਟੀ ਕੌਂਸਲ ਦੀ ਬੈਠਕ ਵਿਚ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ’ਚੋਂ ਬਾਹਰ ਰੱਖਣ ਉਤੇ ਸਹਿਮਤੀ ਬਣੀ ਹੈ ਕਿਉਂਕਿ ਵਰਤਮਾਨ ਐਕਸਾਈਜ਼ ਡਿਊਟੀ ਤੇ ਵੈਟ ਨੂੰ ਕੌਮੀ ਪੱਧਰ ਉਤੇ ਇਕੋ ਦਰ ’ਤੇ ਲਿਆਉਣ ਨਾਲ ਮਾਲੀਆ ਪ੍ਰਭਾਵਿਤ ਹੋਵੇਗਾ।

ਸੀਤਾਰਾਮਨ ਨੇ ਕਿਹਾ ਕਿ ਜੀਐੱਸਟੀ ਕੌਂਸਲ ਨੂੰ ਲੱਗਦਾ ਹੈ ਕਿ ਅਜੇ ਪੈਟਰੋਲੀਅਮ ਪਦਾਰਥਾਂ ਨੂੰ ਜੀਐੱਸਟੀ ਦੇ ਦਾਇਰੇ ਵਿਚ ਲਿਆਉਣ ਦਾ ਸਮਾਂ ਨਹੀਂ ਆਇਆ। ਕੌਂਸਲ ਦੇ ਫ਼ੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਮਸਕਿਊਲਰ ਏਟ੍ਰੋਫੀ ਦਵਾਈਆਂ ਜ਼ੋਲਜੇਨਸਮਾ ਤੇ ਵਿਲਟੇਪਸੋ ਨੂੰ ਜੀਐੱਸਟੀ ਤੋਂ ਛੋਟ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ       ਦਵਾਈਆਂ ਦੀ ਕੀਮਤ ਹੀ ਕਰੋੜਾਂ ਰੁਪਏ ਹੈ। ਕੌਂਸਲ ਨੇ ਫੂਡ ਡਲਿਵਰੀ ਪਲੈਟਫਾਰਮਾਂ ਜਿਵੇਂ ਕਿ ਸਵਿੱਗੀ, ਜ਼ੋਮਾਟੋ ਉਤੇ ਪੰਜ ਪ੍ਰਤੀਸ਼ਤ ਟੈਕਸ ਲਾਉਣ ਦਾ ਫ਼ੈਸਲਾ ਲਿਆ ਹੈ।

ਕਰੋਨਾ ਨਾਲ ਸਬੰਧਤ ਕਈ ਦਵਾਈਆਂ ਜੋ ਕਿ ਕਿਫਾਇਤੀ ਜੀਐੱਸਟੀ ਦਰਾਂ ਉਤੇ ਦਿੱਤੀਆਂ ਜਾ ਰਹੀਆਂ ਹਨ, ਉਤੇ ਛੋਟ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਛੋਟ ਹੁਣ 31 ਦਸੰਬਰ ਤੱਕ ਜਾਰੀ ਰਹੇਗੀ ਪਰ ਮੈਡੀਕਲ ਉਪਕਰਨਾਂ ਉਤੇ ਇਹ ਲਾਭ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਮੈਡੀਕਲ ਉਪਕਰਨਾਂ ਉਤੇ ਦਿੱਤੀ ਜਾ ਰਹੀ ਛੋਟ 30 ਸਤੰਬਰ ਨੂੰ ਖ਼ਤਮ ਹੋ ਜਾਵੇਗੀ। ਸੀਤਾਰਾਮਨ ਨੇ ਕਿਹਾ ਕਿ ਪੰਜ ਪ੍ਰਤੀਸ਼ਤ ਜੀਐੱਸਟੀ ਸਵਿੱਗੀ ਤੇ ਜ਼ੋਮਾਟੋ ਵਲੋਂ ਡਲਿਵਰੀ ਕਰਨ ਉਤੇ ਵਸੂਲਿਆ ਜਾਵੇਗਾ।

ਬਾਇਓ-ਡੀਜ਼ਲ ਉਤੇ ਜੀਐੱਸਟੀ ਦਰ 12 ਪ੍ਰਤੀਸ਼ਤ ਤੋਂ ਘਟਾ ਕੇ ਪੰਜ ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਵਸਤਾਂ ਦੀ ਢੋਆ-ਢੁਆਈ ਵਾਲੇ ਵਾਹਨਾਂ ਨੂੰ ਕੌਮੀ ਪਰਮਿਟ ਫੀਸ ਤੋਂ ਛੋਟ ਦਿੱਤੀ ਗਈ ਹੈ। ਲੀਜ਼ਡ ਏਅਰਕਰਾਫਟ ਨੂੰ ਦਰਾਮਦ ਕਰਨ ’ਤੇ ਵੀ ਆਈ-ਜੀਐੱਸਟੀ ਨਹੀਂ ਲੱਗੇਗਾ। ਜੀਐੱਸਟੀ ਕਮੇਟੀ ਨੇ ਸਾਰੇ ਤਰ੍ਹਾਂ ਦੇ ਪੈੱਨਾਂ ਉਤੇ 18 ਪ੍ਰਤੀਸ਼ਤ ਜੀਐੱਸਟੀ ਲਾਉਣ ਦਾ ਫ਼ੈਸਲਾ ਕੀਤਾ ਹੈ। ਨਵਿਆਉਣਯੋਗ ਖੇਤਰ ਦੇ ਕੁਝ ਉਪਕਰਨਾਂ ਉਤੇ 12 ਪ੍ਰਤੀਸ਼ਤ ਜੀਐੱਸਟੀ ਲੱਗੇਗਾ। ਜੀਐੱਸਟੀ ਕੌਂਸਲ ਨੇ ਪਹਿਲੀ ਜਨਵਰੀ ਤੋਂ ਫੁਟਵੀਅਰ ਤੇ ਟੈਕਸਟਾਈਲ ਉਤੇ ਵੀ ਨਵੀਆਂ ਟੈਕਸ ਦਰਾਂ ਲਾਗੂ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗੜ ਦਾ ਕਰੋੜਪਤੀ ਜਵਾਈ ਇੰਜ ਬਣਿਆ ‘ਇੰਸਪੈਕਟਰ’
Next articleਜੀਐੱਸਟੀ ਕੌਂਸਲ ਦੀ 45ਵੀਂ ਬੈਠਕ: ਪੈਟਰੋਲ ਤੇ ਡੀਜ਼ਲ ਹਾਲੇ ਜੀਐੱਸਟੀ ਦੇ ਦਾਇਰੇ ’ਚੋਂ ਬਾਹਰ