ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੋੜਵਾਂ ਜੁਆਬ ਦਿੰਦਿਆਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਅਕਾਲੀ ਦਲ ਕਿਸਾਨਾਂ ਦਾ ਧਿਆਨ ਕੇਂਦਰ ਤੋਂ ਪੰਜਾਬ ਵੱਲ ਮੋੜਨਾ ਚਾਹੁੰਦਾ ਹੈ ਪਰ ਉਹ (ਅਕਾਲੀ ਦਲ) ਪੰਜਾਬ ਤੇ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਅਣਜਾਣ ਹਨ| ਮੁੱਖ ਮੰਤਰੀ ਨੇ ਕਿਹਾ, ‘ਹਰਸਿਮਰਤ ਕੌਰ ਬਾਦਲ ਨੂੰ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਸੰਕਟ ’ਤੇ ਬੋਲਣ ਦਾ ਕੋਈ ਨੈਤਿਕ ਹੱਕ ਨਹੀਂ ਹੈ| ਹਰਸਿਮਰਤ ਇਸ ਕਿਸਾਨ ਵਿਰੋਧੀ ਫ਼ੈਸਲੇ ’ਚ ਧਿਰ ਬਣੇ ਸਨ ਅਤੇ ਚਾਹੁੰਦੇ ਤਾਂ ਉਹ ਇਸ ਸੰਕਟ ਨੂੰ ਟਾਲ ਸਕਦੇ ਸਨ।’
ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਕੰਡੇ ਅਕਾਲੀ ਦਲ ਨੇ ਹੀ ਬੀਜੇ ਹਨ ਅਤੇ ਹੁਣ ਹਰਸਿਮਰਤ ਕੌਰ ਬਾਦਲ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਬਿਆਨਬਾਜ਼ੀ ਕਰ ਰਹੇ ਹਨ| ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਗੱਠਜੋੜ ਸਰਕਾਰ ਵੱਲੋਂ ਉਠਾਏ ਮਾਰੂ ਕਦਮਾਂ ਕਾਰਨ ਕਿਸਾਨਾਂ ਨੂੰ ਘਰ-ਬਾਰ ਛੱਡ ਕੇ ਮਜਬੂਰਨ ਕੌਮੀ ਰਾਜਧਾਨੀ ਦੀ ਸਰਹੱਦ ’ਤੇ ਬੈਠਣਾ ਪਿਆ ਹੈ, ਜਿੱਥੇ ਕਿੰਨੇ ਹੀ ਕਿਸਾਨ ਮਜ਼ਦੂਰ ਆਪਣੀਆਂ ਜਾਨਾਂ ਗੁਆ ਚੁੱਕੇ ਹਨ|
ਚੇਤੇ ਰਹੇ ਕਿ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਪੰਜਾਬ ਵਿੱਚ ਵੀ ਪ੍ਰਦਰਸ਼ਨ ਕਰਨ ਦਾ ਸੁਝਾਅ ਦਿੱਤਾ ਸੀ, ਜਿਸ ’ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ, ‘ਇਹ ਤਾਂ ਉਹ ਗੱਲ ਹੋਈ ਕਿ ਕਿਸੇ ਨੂੰ ਦੁਸ਼ਮਣ ਖ਼ਿਲਾਫ਼ ਲੜਨ ਲਈ ਪੱਛਮੀ ਫ਼ਰੰਟ ’ਤੇ ਜਾਣ ਲਈ ਕਿਹਾ ਜਾਵੇ ਜਦਕਿ ਦੁਸ਼ਮਣ ਪੂਰਬੀ ਬਾਰਡਰ ’ਤੇ ਖੜ੍ਹਾ ਹੈ|’ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਾਣਬੁੱਝ ਕੇ ਹੁਣ ਝੂਠ ਬੋਲ ਰਹੀ ਹੈ ਅਤੇ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਦੁਰਦਸ਼ਾ ਪ੍ਰਤੀ ਬੇਪ੍ਰਵਾਹ ਹੈ |
ਮੁੱਖ ਮੰਤਰੀ ਨੇ ਹਰਸਿਮਰਤ ਨੂੰ ਕਿਹਾ, ‘ਤੁਹਾਨੂੰ 10 ਸਾਲਾਂ ਦੇ ਸਮੇਂ ਦੌਰਾਨ ਦੁੱਖ ਤੇ ਪੀੜਾ ਦਾ ਅਹਿਸਾਸ ਨਹੀਂ ਹੋਇਆ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਥਿਤ ਭ੍ਰਿਸ਼ਟ ਕਾਰਿਆਂ ਨਾਲ ਲੋਕਾਂ ਨੂੰ ਇੱਕ ਤੋਂ ਬਾਅਦ ਇੱਕ ਜ਼ਖ਼ਮ ਦਿੱਤਾ| ਅਕਾਲੀਆਂ ਨੇ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਦੀਆਂ ਮੁਸੀਬਤਾਂ ਨਾ ਕਦੇ ਸਮਝੀਆਂ ਸਨ ਅਤੇ ਨਾ ਹੀ ਸਮਝਣਾ ਚਾਹੁੰਦੇ ਹਨ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly