ਸੁਣ ਉਏ ਚਾਚਾ, ਸੁਣ ਉਏ ਤਾਇਆ।

ਰਜਿੰਦਰ ਸਿੰਘ ਰਾਜਨ

(ਸਮਾਜ ਵੀਕਲੀ)

ਸੁਣ ਉਏ ਚਾਚਾ,ਸੁਣ ਉਏ ਤਾਇਆ।
ਵੋਟਾਂ ਦਾ ਫਿਰ ਬਿਗਲ ਵਜਾਇਆ।

ਸਾਡਾ ਜੀਣਾ ਨਰਕ ਬਣਾਇਆ।
ਖੁਦ ਸੁਰਗਾਂ ਜਿਹਾ ਜੀਣ ਹੰਢਾਇਆ।

ਨੀਲੀ ਚਿੱਟੀ ਪੱਗ ਇਹ ਬੰਨਦਾ,
ਰੰਗ ਬਸੰਤੀ ਲੱਭ ਲਿਆਇਆ।

ਧੋਖੇਬਾਜ਼ ਫਰੇਬੀ ਲੀਡਰ,
ਵੋਟਾਂ ਮੰਗਣ ਫਿਰ ਇਹ ਆਇਆ।

ਲਾਰੇ ਲਾ ਰੁਜ਼ਗਾਰ ਦੇਣ ਦੇ,
ਸਾਨੂੰ ਕੋਈ ਕੰਮ ਨਾ ਥਿਆਇਆ।

ਸਾਥੋਂ ਉਸਰੇ ਦੋ ਕਮਰੇ ਨਾ,
ਇਹਨੇ ਵੱਡਾ ਮਹਿਲ ਬਣਾਇਆ।

ਸਾਨੂੰ ਬਿਜਲੀ ਮੁਫ਼ਤ ਜੋ ਦੱਸਦੈ,
ਇਸਤੋਂ ਕੀਹਨੇ ਬਿਲ ਭਰਾਇਆ।

ਸਾਡੇ ਛਿੰਦੇ ਐਬ ਤੇ ਲਾ ਕੇ,
ਆਪਣਾ ਪੁੱਤਰ ਬਾਹਰ ਭਜਾਇਆ।

ਰੋਹ ਦਾ ਭਾਂਬੜ ਦਿਲ ਵਿੱਚ ਉਠਦਾ,
ਰੋਟੀ ਦਾ ਜੋ ਫ਼ਿਕਰ ਵਧਾਇਆ।

ਸਖ਼ਤ ਘਾਲਣਾ ਘਾਲਦੇ ਆਏ,
ਕਦੇ ਨਾ ਖ਼ੁਸ਼ੀਆਂ ਘਰ ਰੁਸ਼ਨਾਇਆ।

ਚੱਕੀ ਪੁੜ ਵਿਚ ਜੀਵਨ ਪਿੱਸਿਆ,
ਨਾ ਰੱਜ ਖਾਇਆ ਨਾ ਹੰਢਾਇਆ।

ਖ਼ੂਨ ਉਬਾਲੇ ਖਾਂਦਾ ਅਕਸਰ,
ਪੱਥਰ ਦਿਲ ਕਿਉਂ ਗੱਦੀ ਬਿਠਾਇਆ।

ਆ ਜਾਣੀ ਐ ਅਕਲ ਟਿਕਾਣੇ,
ਲੋਕਾਂ ਦਾ ਹੈ ਹੜ੍ਹ ਚੜ੍ਹ ਹੈ ਆਇਆ।

ਰਿਹਾ ਸਿ਼ਕਾਰੀ ਕੁਰਸੀ ਦਾ ਇਹ,
ਮਜ਼ਹਬੀ ਪੱਤਾ ਖੇਡਣਾ ਚਾਹਿਆ।

ਮਨ ਕੀ ਬਾਤ ਐ ਕਰਦਾ “ਰਾਜਨ”
ਕਦੇ ਨਾ ਸਾਡੇ ਕੰਮ ਤੂੰ ਆਇਆ।

ਰਜਿੰਦਰ ਸਿੰਘ ਰਾਜਨ
9653885032

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री कपूरथला में आई.आर.टी.एस.ए. ने मनाया इंजीनियर-डे
Next articleਰੁਲ਼ਦੂ ਹੱਥ ਜੋੜ ਕੇ ਪੁਛਦਾ ਏ