ਕੱਲ੍ ਦੇ ਗੱਲਾਂ ਤੇ ਗੀਤ ਪਰੋਗਰਾਮ ‘ਚੋਂ ਪੈਦਾ ਹੋਇਆ ਗੀਤ

ਮੂਲ ਚੰਦ ਸ਼ਰਮਾ ਪ੍ਧਾਨ

(ਸਮਾਜ ਵੀਕਲੀ)

ਕੁਦਰਤ ਸੋਮਾ ਵਿਗਿਆਨ ਦਾ ਏ ,
ਇਹ ਕੋਈ ਵਿਰਲਾ ਬੰਦਾ ਜਾਣਦਾ ਏ ।
ਨਿੱਤ ਨਵੀਆਂ ਖੋਜਾਂ ਹੋਣ ਜਦੋਂ ,
ਸਾਰਾ ਜੱਗ ਸਹੂਲਤਾਂ ਮਾਣਦਾ ਏ ।
ਲੋਕੀ ਤੱਕ ਤੱਕ ਹੋਣ ਹੈਰਾਨ ਜੇ ਵੇਖਣ ਵਾਲ਼ੀ ਅੱਖ ਹੋਵੇ।
ਹੁੰਦੈ ਕਣ ਕਣ ਵਿੱਚ ਵਿਗਿਆਨ ਜੇ ਵੇਖਣ ਵਾਲ਼ੀ ਅੱਖ ਹੋਵੇ।

ਕਿਧਰੇ ਬਿਜਲੀ ਦੁੱਧ ਰਿੜਕਦੀ
ਤੇ ਕਿਧਰੇ ਪਾਣੀ ਭਰਦੀ ।
ਕਿਧਰੇ ਕੱਪੜੇ ਧੋਂਅਦੀ ਵੇਖੀ
ਤੇ ਹੋਰ ਬੜੇ ਕੰਮ ਕਰਦੀ ।
ਹੁੰਦੀ ਨਹੀਓਂ ਸਿਫ਼ਤ ਬਿਆਨ ਜੇ ਵੇਖਣ ਵਾਲ਼ੀ ਅੱਖ ਹੋਵੇ।

ਚੰਨ ਤਾਰਿਆਂ ‘ਤੇ ਪਹੁੰਚ ਗਿਆ ਏ
ਬੰਦਾ ਇਹਦੇ ਸਹਾਰੇ ।
ਟੈਲੀਫੋਨ ਮੁਬਾਇਲ ਪਲਾਂ ਵਿੱਚ
ਕਰਦੇ ਕੰਮ ਨਿਆਰੇ ।
ਪਾਈ ਕਲ-ਪੁਰਜਿਆਂ ਵਿੱਚ ਜਾਨ ਜੇ ਵੇਖਣ ਵਾਲ਼ੀ ਅੱਖ ਹੋਵੇ।

ਕੁੱਝ ਲੋਕਾਂ ਨੇ ਇਸ ਵਿਗਿਆਨ ਦੀ
ਦੁਰਵਰਤੋਂ ਹੈ ਕੀਤੀ ।
ਇੱਕ ਨਾ ਇੱਕ ਦਿਨ ਪਊ ਪਛਤਾਉਂਣਾ
ਘੜੀ ਨਾ ਮਿਲ਼ਣੀ ਬੀਤੀ ।
ਜੱਗ ਹੋ ਜਾਊ ਕਬਰਸਤਾਨ ਜੇ ਵੇਖਣ ਵਾਲ਼ੀ ਅੱਖ ਹੋਵੇ ।

ਹਰ ਜਾਦੂ ਟੂਣੇ ਵਿੱਚ ਵੀ ਇਸ
ਵਿਗਿਆਨ ਦਾ ਹੁੰਦੈ ਓਹਲਾ ।
ਲੋਕਾਂ ਨੂੰ ਇਸ ਦੀ ਆੜ ‘ਚ
ਲੁਟਦੈ ਸ਼ੈਤਾਨਾਂ ਦਾ ਟੋਲਾ ।
ਵੰਡੀਏ ਸਭਨਾਂ ਤਾਈਂ ਗਿਆਨ ਜੇ ਵੇਖਣ ਵਾਲ਼ੀ ਅੱਖ ਹੋਵੇ।

ਆਓ ਏਸ ਵਿਗਿਆਨ ਦਾ ਦੀਵਾ
ਘਰ ਘਰ ਤੱਕ ਪਹੁੰਚਾਈਏ ।
ਚੇਤਨ ਹੋਈਏ ਆਪ ਤੇ ਸਭ ਨੂੰ
ਚੇਤਨ ਕਰਦੇ ਜਾਈਏ ।
ਵੱਖਰੀ ਹੋਵੇ ਦੇਸ਼ ਦੀ ਸ਼ਾਨ ਜੇ ਵੇਖਣ ਵਾਲ਼ੀ ਅੱਖ ਹੋਵੇ ।
ਹੁੰਦੈ ਕਣ ਕਣ ਵਿੱਚ ਵਿਗਿਆਨ ਜੇ ਵੇਖਣ ਵਾਲ਼ੀ ਅੱਖ ਹੋਵੇ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁੱਤ ਹੋਏ ਕਪੁੱਤ:
Next articleਮਲਟੀਪਰਪਜ ਹੈਲਥ ਵਰਕਰ ਮੇਲ ਅਸਾਮੀ ਦਾ ਪਦ ਨਾਮ ਬਦਲਵਾਉਣ ਦੀ ਮੰਗ ਭਖੀ