– ਯਾਦਵਿੰਦਰ
ਸਰੂਪ ਨਗਰ, ਰਾਓਵਾਲੀ।
9465329617
(ਸਮਾਜ ਵੀਕਲੀ)- ਅਸੀਂ ਜਦੋਂ ਨਿੱਕੇ ਹੁੰਦੇ ਸਾਂ ਤਾਂ ਸਿਰਫ਼ ਦੰਡ ਬੈਠਕਾਂ ਮਾਰਨ ਵਾਲੇ ਤੇ ਕਬਰਾਂ ਉੱਤੇ ਲੱਗਦੇ ਮੇਲਿਆਂ ਵਿਚ ਸੇਵਾ ਕਰਨ ਵਾਲੇ ਮੁੰਡਿਆਂ ਨੂੰ ਹੀ ਆਮ ਲੋਕ ਪ੍ਰਵਾਨ ਕਰਦੇ ਸਨ। ਜਵਾਨੀ ਦੇ ਵੇਗ ਉੱਤੇ ਸਮਾਜ ਦੇ ਠੇਕੇਦਾਰਾਂ ਦੀਆਂ ਘੜੀਆਂ ਮਨੌਤਾਂ ਜ਼ੋਰਾਵਰ ਸਨ।
ਅਸੀਂ ਨਿੱਕੇ ਹੁੰਦੇ ਈ ਸੋਚ ਲਿਆ ਸੀ ਕਿ ਜੋਰ ਲਾਉਣ ਲਈ ਤਾਂ ਸਮਾਜ ਨੇ ਲੱਖਾਂ ਸੁਰਜਣ ਤੇ ਬਿੱਟੇ ਘੜ੍ਹ ਦਿੱਤੇ ਨੇ। ਆਪਾਂ ਤਾਂ ਸਮਾਜ ਦੀਆਂ ਮਨੌਤਾਂ ਫਰੋਲਣ ਦੇ ਕੰਮ ਲੱਗਾਂਗੇ। ਨਿੱਕੇ ਹੁੰਦੇ ਸਾਂ ਤਾਂ ਉਦੋਂ ਈ ਖਾਲਿਸਤਾਨੀ ਭਟਕਣ ਨੇ ਪਾਸ਼ ਦੀ ਜਾਨ ਲੈ ਲਈ। ਹਾਲਾਂਕਿ ਏਸ ਕ਼ਤਲ ਬਾਰੇ ਸਾਨੂੰ ਉਦੋਂ ਪਤਾ ਲੱਗਾ ਸੀ, ਜਦੋਂ ਸਰੀਰ ਨੂੰ ਜਵਾਨੀ ਚੜ੍ਹ ਰਹੀ ਸੀ।
ਸੋ, ਏਸ ਵਜ੍ਹਾ ਨਾਲ, ਪਾਸ਼ ਨਾਲ ਕੋਈ ਰੂ ਬ ਰੂ ਵੀ ਨਾ ਹੋ ਸਕਿਆ। ਉਵੇਂ ਇਹ ਹੈ ਕਿ ਓਹਦਾ ਪੂਰਾ ਨਾਂ ਭਾਵੇਂ ਅਵਤਾਰ ਸਿੰਘ ਸੀ ਪਰ ਅਜੋਕੇ ਦੌਰ ਦਾ ਕੋਈ ਸਾਧ ਜਾਂ ਡੇਰੇਦਾਰ ਇਹ ਦਾਅਵਾ ਨਹੀਂ ਕਰ ਸਕਦਾ ਕਿ ਅਵਤਾਰ ਸਿੰਘ ਤਲਵੰਡੀ ਸਲੇਮ ਓਹਦਾ ਟਹਿਲ ਸੇਵਕ ਸੀ। ਨਾ… ਕੋਈ, ਮਤਲਬ ਈ ਨਹੀਂ ਬਣਦਾ!! ਪਾਸ਼ ਤਾਂ ਪੈਦਾਇਸ਼ੀ ਬਾਗ਼ੀ ਸਨ। ਮਨ ਦੇ ਅਚੇਤ ਹਿੱਸੇ ਦੀ ਸੁਣਦੇ ਸਨ।
ਪਾਸ਼ ਨੂੰ ਸਿਰਫ ਏਸ ਵਜ੍ਹਾਹ ਦੀ ਬੁਨਿਆਦ ਉੱਤੇ ਜੇਲ੍ਹ ਦਾ ਸਫ਼ਰ ਕਰਨਾ ਪਿਆ ਸੀ, ਕਿਉਂਕਿ ਉਨ੍ਹਾਂ ਦੇ ਸਮਕਾਲੀ ਬੁੱਢੇ ਤੇ ਅ-ਪ੍ਰਵਾਨ ਕਵੀ, ਲਗਾਤਾਰ ਦੋਸ਼ ਲਾ ਰਹੇ ਸਨ ਕਿ ਪਾਸ਼ ਤਾਂ ਤੱਤਾ ਲਿਖਦਾ ਏ। ਇਕ ਉਮਰੋਂ ਪਹਿਲਾਂ ਬੁੜ੍ਹਾ ਹੋਇਆ ਕਵੀ ਇਨ੍ਹਾਂ ਸਤਰਾਂ ਦੇ ਲਿਖਾਰੀ ਨੂੰ ਦੱਸ ਰਿਹਾ ਸੀ ਕਿ ਪਾਸ਼, ਕਿਰਦਾਰ ਦਾ ਚੰਗਾ ਨਹੀਂ ਸੀ। ਜਦੋਂ ਓਹਨੂੰ ਪੁੱਛਿਆ ਕਿ, ਕੋਈ ਸਬੂਤ ਲਿਆਏਗਾ? ਤਾਂ ਓਸ ਜਵਾਬ ਦਿੱਤਾ ਕਿ ਸੁਣੀ ਸੁਣਾਈ ਗੱਲ ਹੈ ਤੇ ਅੱਗੇ ਸੁਣਾਅ ਰਿਹਾ ਐ। ਇਹ ਇਕ ਅੱਧੇ ਦਾ ਹਾਲ ਨਹੀਂ ਸੀ ਸਾਰੇ ਜਣੇ ਇਹੋ ਵਿਸ ਘੋਲ ਰਹੇ ਸਨ।
ਪਾਸ਼ ਦਾ ਦੌਰ ਇਹੋ ਜਿਹਾ ਸੀ ਕਿ ਸਮਾਜ ਦਾ ਮਹੌਲ ਮੋਇਆਂ ਦੀ ਮੰਡੀ ਵਰਗਾ ਬਣਿਆ ਹੋਇਆ ਸੀ। ਬਹੁਤੇ ਤੁਕਬਾਜ਼ ਕਵੀ ਤਾਂ ਸਟੇਜੀ ਕਵੀ ਹੁੰਦੇ ਸਨ, ਪੁਰਾਤਨ ਭਗਤਾਂ ਤੇ ਬਲੀਆਂ ਦਾ ਜੱਸ ਗਾ ਛੱਡਦੇ ਸਨ। ਲੋਕ ਵੀ ਸਟੇਜ ਉੱਤੇ ਖੁੱਲ੍ਹੀ ਭਾਨ ਜਾਂ ਇਕ ਇਕ, ਦੋ ਦੋ ਰੂਪਈਏ ਦੇ ਆਉਂਦੇ ਸਨ। ਓਸ ਦੌਰ ਦੇ ਬਹੁਤੇ ਕਵੀ ਆਪਣੇ ਨਾਂ ਦੇ ਮਗਰ : ਦੁਖੀ, ਦਰਦੀ, ਗਰੀਬ, ਮੁੰਸ਼ੀ, ਨਿਆਰਾ, ਭੜਕੀਲਾ, ਦੁਖਿਆਰ ਵਗੈਰਾ ਉਪ ਨਾਂ ਲਾਉਂਦੇ ਹੁੰਦੇ ਸਨ। ਜੋ ਕੁਝ ਸਮਾਜ ਦੀਆਂ ਪ੍ਰਵਾਨਤ ਮਨੌਤਾਂ ਸਨ, ਵਿਚਾਰੇ ਕਵੀਜਨ ਓਹੋ ਕੁਝ ਅੱਗੇ ਸੁਣਾ ਦਿੰਦੇ ਸਨ, ਔਰ ਹਾਂ ..ਪੂਰਣ ਭਗਤ ਜੀ ਦਾ ਕਿੱਸਾ ਲਿਖਣਾ ਤੇ ਸਟੇਜ ਉੱਤੋਂ ਦੀ , ਗਾ ਕੇ ਸੁਣਾਉਣਾ ਬੜਾ ਈ ਉੱਤਮ ਕਾਜ ਮੰਨਿਆ ਜਾਂਦਾ ਸੀ।
ਪਾਸ਼ ਜਦੋਂ ਜਵਾਨ ਹੋਏ ਤਾਂ ਸਮਾਜ ਨੂੰ ਪਸੰਦ ਕਰਵਾਈ ਗਈ ਸ਼ਾਇਰੀ ਦੀਆਂ ਧੱਜੀਆਂ ਉਡਾਉਣ ਲੱਗੇ। ਪਾਸ਼ ਨੇ ਕੋਈ ਮਰਯਾਦਾ ਨਾ ਮੰਨੀ। ਓਸ ਨੇ ਕਦੇ ਕਿਸੇ ਦੀ ਧੀ ਭੈਣ ਨੂੰ ਗੁਮਰਾਹ ਨਹੀਂ ਕੀਤਾ ਸੀ, ਓਸ ਦੌਰ ਦੇ ਹਾਰੇ ਹੁੱਟੇ ਕਵੀਜਨ ਜਿਹੜੇ ਕੁਝ ਕੁ ਹਾਲੇ ਜ਼ਿੰਦਾ ਨੇ, ਓਹ ਵੀ ਜਾਣਦੇ ਨੇ ਕਿ ਉਹਨਾਂ ਨੇ ਈਰਖਾਵੱਸ ਪਾਸ਼ ਨੂੰ ਬੇਸ਼ਕ਼ ਭੰਡਿਆ ਸੀ ਪਰ ਸਭ ਕੁਝ ਝੂਠ ਸੀ।
ਦਰਅਸਲ, ਪਾਸ਼ ਨੂੰ ਸੰਵੇਦਨਸ਼ੀਲ ਜੁਝਾਰਵਾਦੀ ਕਵੀ ਦੇ ਤੌਰ ਉੱਤੇ ਪ੍ਰਵਾਨਗੀ ਮਿਲ ਰਹੀ ਸੀ ਤੇ ਸਮਕਾਲੀ ਕਵੀ, ਕੁਵੇਲੇ ਦਾ ਰਾਗ ਸੁਣਾ ਰਹੇ ਸਨ।
ਵਾਰਸ ਸ਼ਾਹ ਵੀ ਤਾਂ ਸਮਾਜੀ ਚੇਤਨਾ ਵਾਲਾ ਸਿਆਸੀ ਕਵੀ ਹੋਇਆ ਏ। ਵਾਰਸ ਸ਼ਾਹ ਦੀ ਹੀਰ ਨਿਰੀ ਇਸ਼ਕ਼ ਮਿਜ਼ਾਜੀ ਨਈ ਬਲਕਿ ਇਹ ਦੱਸ ਪਾਉਂਦੀ ਏ ਕਿ ਕਵਿਤਾ ਦਿਓ ਆਸ਼ਕੋ, ਉੱਠੋ ਤੇ ਪੁਰਾਤਨ ਦੌਰ ਤੋਂ ਤੁਰੇ ਦੁਸ਼ਮਣਾਂ ਦੀ ਔਲਾਦ ਨੂੰ ਪਛਾਣੋ।
ਵਕ਼ਤ ਦੀ ਲੀਲ੍ਹਾ ਵੇਖੋ ਕਿ ਜਿਸ ਨਕੋਦਰ ਇਲਾਕੇ ਨੇ ਭਾਰਤੀ ਪੰਜਾਬ ਤੇ ਪਾਕਿਸਤਾਨ ਵਿਚ ਵੱਸਦੇ ਪੰਜਾਬ ਨੂੰ ਅਵਤਾਰ ਪਾਸ਼ ਦਿੱਤਿਆ ਏ, ਓਸੇ ਨਕੋਦਰ ਦੇ ਗੁਮਰਾਹ ਮੁੰਡੇ ਨਸ਼ਾ ਕਰਨ ਵਾਲੇ ਵਿਅਕਤੀਆਂ ਤੇ ਸਾਈਆਂ ਦੇ ਪਿਛਲੱਗ ਬਣੇ ਹੋਏ ਨਜ਼ਰੀਂ ਪੈਂਦੇ ਨੇ। ਕਰਤਾਰੀ ਕਰਾਮਤ।
ਪਾਸ਼ ਨੇ ਭਲਵਾਨੀ ਕਰਨ ਵਾਲੇ ਨੌਜਵਾਨਾਂ ਨੂੰ ਮਸ਼ਹੂਰੀ ਦੇ ਮੈਦਾਨ ਵਿਚ ਲੰਮਿਆਂ ਪਾਇਆ ਏ। ਕੰਵਲ ਤੇ ਅਣਖੀ ਦੇ ਨਾਵਲਾਂ ਦੇ ਜਿੰਨੇ ਸਰੀਰਕ ਪੱਖੋਂ ਜਵਾਨ ਪਾਤਰ ਨੇ, ਉਹ ਸਾਰੇ ਅਖਾੜੇ ਵਿਚ ਘੁਲਣ ਵਾਲੇ ਤੇ ਜੋਰ ਲਾਉਣ ਵਾਲੇ ਹਨ। ਸ਼ਹੀਦ ਭਗਤ ਸਿੰਘ ਜਿੰਨਾ ਨੇ ਦੋਆਬੇ ਤੋਂ ਲਹੌਰ ਗਏ ਮਾਪਿਆਂ ਘਰ ਪਰਵਰਸ਼ ਪਾਈ ਸੀ, ਉਹਨਾਂ ਨੇ ਪਰਮ ਅਗੇਤ ਲੈ ਕੇ ਪੰਜਾਬੀ ਮੁੰਡਿਆਂ ਨੂੰ ਭਲਵਾਨੀ ਵਗੈਰਾ ਚੋਂ ਕੱਢ ਕੇ, ਅਧਿਐਨ, ਮੁਤਾਲ’ਅ ਤੇ ਕਿਤਾਬਾਂ ਦੇ ਲੜ ਲਾਇਆ ਸੀ। ਲਹੌਰ ਨੇ ਦੁਆਬੀਏ ਭਗਤ ਸਿੰਘ ਨੂੰ ਅਕਲ, ਇਲਮ ਤੇ ਸ਼ਊਰ ਨਾਲ ਵਿਆਹ ਦਿੱਤਾ ਸੀ। ਲਹੌਰ ਦਾ ਖ਼ਮੀਰ ਈ ਇਹੋ ਜਿਹਾ ਐ।
ਪਾਸ਼ ਕੋਈ ਆਮ ਨਾਂ ਨਹੀਂ, ਪਾਸ਼ ਦੀ ਬੀਬੀ ਤੇ ਮਾਸੀ ਲਈ ਉਹ ‘ਤਾਰ ਸੀ। ਇਹ ਤਾਂ ਜਦੋਂ ਸੰਸਾਰ ਪ੍ਰਸਿੱਧ ਨਾਵਲ ਰਚਨਾ ‘ਮਾਂ’ ਭਾਰਤੀ ਪੰਜਾਬ ਪੁੱਜਿਆ ਤਾਂ ਪਤਾ ਲੱਗਿਆ ਕਿ ਪਵੇਲ ਦੀ ਮਾਂ ਓਹਨੂੰ ਪਾਸ਼ਾ ਆਖਦੀ ਸੀ, ਅਵਤਾਰ ਨੇ ਪਾਸ਼ਾ ਨੂੰ ਪਾਸ਼ ਦੇ ਤੌਰ ਉੱਤੇ ਅਪਣਾਇਆ।
ਪਾਸ਼ ਨੂੰ ਸਲਾਹੁਣ ਤੇ ਨਿੰਦਣ ਵਾਲੇ ਹਾਲੇ ਤਕ ਸਰਗਰਮ ਹਨ। ਰਜਿੰਦਰ ਰਾਹੀ ਜਿਹੜਾ ਹੁਣ ਰਾਜਵਿੰਦਰ ਰਾਹੀ ਬਣ ਚੁੱਕਿਆ ਐ, ਓਹਨੇ ਪਾਸ਼ ਦੀ ਕਿਰਦਾਰਕੁਸ਼ੀ ਜ਼ਰੀਏ ਨਿਆਣੀ ਮਤ ਵਾਲੇ ਦਰਜਨਾਂ ਪਾਠਕਾਂ ਨੂੰ ਨਾਲ ਤੋਰ ਲਿਆ ਐ।
ਪਾਸ਼ ਦੀ ਤਰੀਫ਼ ਓਹਦਾ ਕੱਦਾਵਰ ਵਜੂਦ ਨਿੱਕਾ ਨਈਂ ਕਰ ਸਕਦੀ, ਸੜੇ ਭੁੱਜੇ ਆਲੋਚਕ ਓਹਨੂੰ ਨਿੰਦ ਕੇ ਵੱਡੇ ਨਹੀਂ ਬਣ ਸਕਦੇ। ਪਾਸ਼ ਨੇ ਧਨੀਆ ਤੇ ਫੁੱਲਾਂ ਵਰਗੇ ਲਕਬ ਵਰਤੇ, ਖੇਤ, ਕੁਦਰਤੀ ਦ੍ਰਿਸ਼ਾਂ ਦੇ ਵਰਣਨ ਕੀਤੇ। ਆਮ ਲਫ਼ਜ਼ ਲਿਖੇ, ਯੂਨੀਵਰਸਿਟੀ ਦੇ ਵਿਦਵਾਨਾਂ ਵਾਂਗ ਸੰਸਕ੍ਰਿਤ ਤੇ ਹਿੰਦੀ ਨਹੀਂ ਕੁੱਟੀ ਸਗੋਂ ਲੋਕਾਈ ਦੀ ਪੰਜਾਬੀ ਨੂੰ ਲਿਖਿਆ।
ਓਹ ਕੱਟੜ ਕਮਿਊਨਿਸਟ ਨਹੀਂ ਸੀ। ਏਸੇ ਲਈ ਲਕੀਰ ਦੇ ਫਕੀਰ ਤੇ ਲਾਈਲੱਗ ਕਾਮਰੇਡ ਉਦੋਂ ਓਹਨੂੰ ਭੰਡਦੇ ਕੰਨੀਂ ਪੈਂਦੇ ਰਹੇ।
ਨਿਵੇਕਲੀ ਕਿਸਮ ਦੀ ਲਫ਼ਜ਼ਾਲੀ ਦੇ ਸਦਕਾ ਪਾਸ਼, ਸਦ ਜਵਾਨ ਕਵੀ ਦੇ ਰੁਤਬੇ ਉੱਤੇ ਬੈਠ ਚੁੱਕਿਆ ਐ। ਉਨ੍ਹਾਂ ਦੀ ਤਰਫੋਂ ਵਰਤੇ ਸ਼ਬਦਿਕ ਲਕ਼ਬ ਤੇ ਨਿਆਰੇ ਬਿੰਬ ਕਿਸੇ ਨਹੀਂ ਘੜ੍ਹ ਲੈਣੇ। ਪਾਸ਼ ਵਰਗੀ ਕਵਿਤਾ ਲਿਖਣ ਵਾਲੇ ਕਵੀ ਨੱਕਾਲ ਤਾਂ ਹੋ ਸਕਦੇ ਨੇ ਪਰ ਕਵੀ ਨਹੀਂ।
ਲੰਘੇ ਜ਼ਮਾਨੇ ਦੇ ਮਸ਼ਹੂਰੋ ਮਾਰੂਫ਼ ਸ਼ਾਇਰ ਜਨਾਬ ਪਾਬਲੋ ਨੇਰੂਦਾ, ਜਨਾਬ ਕੀਟਸ ਤੇ ਜਨਾਬ ਇ ਮੋਹਤਰਮ ਸ਼ੈਲੇ ਵਾਂਗ ਪਾਸ਼ ਦੀ ਕਵਿਤਾ ਵੀ ਦਿਮਾਗ਼ ਦੀਆਂ ਸੁੱਤੜ ਤਾਕ਼ਤਾਂ ਨੂੰ ਕਿਰਿਆਸ਼ੀਲ ਕਰਨ ਵਾਲੀ ਵਾਰਤਕ ਮੁਖੀ ਕਵਿਤਾ ਏ। ਪਾਸ਼ ਨੇ ਨਿਰੀ ਕਵਿਤਾ ਨਹੀਂ ਲਿਖੀ ਓਸ ਨੇ ਸਾਨੂੰ ਫਲਸਫਾ ਦਿੱਤਾ ਐ। ਪਾਸ਼ ਨਿਰਾ ਤੁਕਬੰਦ ਕਵੀ ਨਹੀਂ ਸੀ, ਓਹ ਦਾਰਸ਼ਨਿਕ ਸੀ। ਪਾਸ਼, ਪਾਸ਼ ਈ ਸਨ। ਉਨ੍ਹਾਂ ਦੀ ਸੋਭਾ ਹੁਣ ਅਜਰ ਅਮਰ ਏ। ਕੋਈ ਸ਼ਕ਼!
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly