ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਭਾਰਤ ਨੇ ਸੰਯੁਕਤ ਰਾਸ਼ਟਰ ਮੰਚ ਦੀ ਉਸ ਖ਼ਿਲਾਫ਼ ਨਫ਼ਰਤੀ ਭਾਸ਼ਣ ਲਈ ਵਰਤੋਂ ਕਰਨ ’ਤੇ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਮੀਨ ’ਤੇ ਅਤੇ ਸਰਹੱਦ ਪਾਰ ‘ਹਿੰਸਾ ਦੇ ਸੱਭਿਆਚਾਰ’ ਨੂੰ ਲਗਾਤਾਰ ਸ਼ਹਿ ਦੇ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਪ੍ਰਥਮ ਸਕੱਤਰ ਵਿਦਿਸ਼ਾ ਮੈਤਰਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਮੰਗਲਵਾਰ ਨੂੰ ਕਿਹਾ, ‘ਸ਼ਾਂਤੀ ਦਾ ਸੱਭਿਆਚਾਰ ਸੰਮੇਲਨਾਂ ਵਿੱਚ ਚਰਚਾ ਲਈ ਸਿਰਫ ‘ਅਮੂਰਤ ਮੁੱਲ’ ਜਾਂ ਸਿਧਾਂਤ ਨਹੀਂ ਹੈ ਬਲਕਿ ਮੈਂਬਰ ਦੇਸ਼ਾਂ ਵਿਚਾਲੇ ਆਲਮੀ ਸਬੰਧਾਂ ਵਿੱਚ ਇਸ ਦਾ ਦਿਖਾਈ ਦੇਣਾ ਜ਼ਰੂਰੀ ਹੈ।’
ਉਨ੍ਹਾਂ ਕਿਹਾ, ‘ਅਸੀਂ ਭਾਰਤ ਵਿਰੁੱਧ ਨਫ਼ਰਤ ਭਰੇ ਭਾਸ਼ਣ ਲਈ ਸੰਯੁਕਤ ਰਾਸ਼ਟਰ ਦੇ ਮੰਚ ਦੀ ਦੁਰਵਰਤੋਂ ਕਰਨ ’ਤੇ ਪਾਕਿਸਤਾਨੀ ਵਫ਼ਦ ਦੇ ਇੱਕ ਹੋਰ ਯਤਨ ਨੂੰ ਅੱਜ ਦੇਖਿਆ ਜਦਕਿ ਉਹ ਆਪਣੀ ਜ਼ਮੀਨ ’ਤੇ ਅਤੇ ਸਰਹੱਦ ਪਾਰ ਵੀ ‘ਹਿੰਸਾ ਦੇ ਸੱਭਿਆਚਾਰ’ ਨੂੰ ਸ਼ਹਿ ਦੇ ਰਿਹਾ ਹੈ।’ ਸੰਯੁਕਤ ਰਾਸ਼ਟਰ ’ਚ ਪਾਕਿਸਤਾਨੀ ਦੂਤ ਮੁਨੀਰ ਅਕਰਮ ਨੇ ਮਹਾਸਭਾ ’ਚ ਜੰਮੂ-ਕਸ਼ਮੀਰ ਦਾ ਮੁੱਦਾ ਉਠਾਇਆ ਅਤੇ ਪਾਕਿਸਤਾਨ ਸਮਰਥਕ ਮਰਹੂਮ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਬਾਰੇ ਗੱਲ ਕੀਤੀ, ਜਿਸ ਮਗਰੋਂ ਭਾਰਤ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ। ਮੈਤਰਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦਹਿਸ਼ਤਗਰਦੀ ਸਾਰੇ ਧਰਮਾਂ ਅਤੇ ਸੱਭਿਆਚਾਰਾਂ ਦੀ ਦੁਸ਼ਮਣ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly