(ਸਮਾਜ ਵੀਕਲੀ)
ਬਰਾਦਰੀ ਵੱਖਰੀ ਸੀ
ਪਰ.. ਮੁੰਡਾ ਲਾਇਕ ਸੀ
ਉਦੋਂ… ਡੈਡੀ ਜੀ ਨਈਂ ਮੰਨੇ
ਵੀਰੇ ਵੀ ਇਤਰਾਜ਼ ਕਰਦੇ ਰਹੇ
ਬਿੱਟੂ ਵੀਰੇ ਨੇ ਅਲੈਕਸ਼ਨ ਲੜਨੀ ਸੀ
ਵਰਕਰ, ਕੀ ਕਹਿੰਦੇ!
ਭੈਣ ਨਹੀਂ ਸੰਭਾਲੀ ਗਈ
ਨਿੱਕਾ ਵੀਰਾ ਪਿੰਕਾ
ਪੁਲਸ ਵਿਚ ਨੌਕਰੀ ਭਾਲਦਾ ਸੀ
ਵੀਰੇ ਦੇ ਦੋਸਤ ਕੀ ਸੋਚਦੇ?
ਹੈਅ, ਬਰਾਦਰੀ ਤੋਂ ਬਾਹਰ ..!!
ਹੁਣ
ਓਹ ਆਪਣੇ ਭਾਈਚਾਰੇ ‘ਚ
ਵਿਆਹੀ ਏ
ਹੱਟੀ ਤਾਂ ਵਾਹਵਾ ਚੱਲਦੀ ਐ
ਓਹਦੇ ਖਾਵੰਦ ਦੀ
ਸਹੁਰਾ ਸਾਬ ਖੇਤੀ ਕਰਦੈ
ਪਰ ਪੜ੍ਹਿਆ ਘੱਟ ਆ
ਓਹਦਾ ਸਹੁਰਾ ਟੱਬਰ
ਚੱਲ, ਫੇਰ ਕੀ ਆ
ਬੰਦੇ, ਰੱਜੇ ਨੇ ਤੇ ਤਗੜੇ ਨੇ
ਦਾਰੂ ਪੀ ਕੇ
ਕੁੱਟਦਾ ਵੀ ਆ ਘਰਵਾਲਾ
ਕੀ ਆਖੀਏ ਹੁਣ…
ਜਦਕਿ…
ਪਰਵਾਰ ਏਸ ਗੱਲੋਂ ਸੰਤੁਸ਼ਟ ਐ
ਕੁੜੀ ਆਪਣੇ ਲੋਕਾਂ ‘ਚ
ਵਿਆਹੀ ਗਈ ਐ
ਜਵਾਈ ਸਾਹਬ
ਆਪਣਾ ਈ ਬੰਦਾ ਏ
ਚੱਲੋ, ਆਪਣਾ ਮਾਰੇਗਾ ਵੀ
ਤਾਂ ਵੀ ਛਾਵੇਂ ਰੱਖੇਗਾ
ਪਰਵਾਰ ਸੰਤੁਸ਼ਟ ਐ
ਪਰ ਓਹ…
…ਓਹਦੀ ਕੌਣ ਸੁਣਦੈ!
*ਯਾਦਵਿੰਦਰ ਦੀਦਾਵਰ*
ਸਰੂਪ ਨਗਰ, ਰਾਓਵਾਲੀ।
+919465329617, 6284336773
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly