ਸਮੇਂ ਦੀ ਕਸੌਟੀ ’ਤੇ ਖਰੀ ਉਤਰੀ ਭਾਰਤ-ਰੂਸ ਦੋਸਤੀ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ-ਰੂਸ ਦੋਸਤੀ ਸਮੇਂ ਦੀ ਕਸੌਟੀ ’ਤੇ ਖਰੀ ਉਤਰੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਰਲ ਕੇ ਆਲਮੀ ਊਰਜਾ ਮੰਡੀ ’ਚ ਸਥਿਰਤਾ ਲਿਆਉਣ ’ਚ ਸਹਾਇਤਾ ਕਰ ਸਕਦੇ ਹਨ। ਈਸਟਰਨ ਇਕਨੌਮਿਕ ਫੋਰਮ (ਈਈਐੱਫ) ਦੇ ਇਜਲਾਸ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਰੋਨਾ ਤੋਂ ਬਚਾਅ ਦੇ ਟੀਕਾਕਰਨ ਪ੍ਰੋਗਰਾਮ ਸਮੇਤ ਮਹਾਮਾਰੀ ਦੌਰਾਨ ਦੋਵੇਂ ਮੁਲਕਾਂ ਵਿਚਕਾਰ ਬਿਹਤਰ ਸਹਿਯੋਗ ਦਾ ਵੀ ਜ਼ਿਕਰ ਕੀਤਾ। ਈਈਐੱਫ ਦਾ ਪ੍ਰਬੰਧ ਰੂਸ ਦੇ ਵਲਾਦੀਵੋਸਤੋਕ ਸ਼ਹਿਰ ’ਚ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਰੂਸ ਦੇ ਪੂਰਬੀ ਹਿੱਸੇ ’ਚ ਵਿਕਾਸ ਲਈ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਇਸ ਸੁਫ਼ਨੇ ਨੂੰ ਪੂਰਾ ਕਰਨ ’ਚ ਰੂਸ ਦਾ ਇਕ ਭਰੋਸੇਮੰਦ ਭਾਈਵਾਲ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਹੁਨਰ ਲਈ ਰੂਸ ਦੇ ਇਸ ਖ਼ਿੱਤੇ ਦੇ ਵਿਕਾਸ ’ਚ ਯੋਗਦਾਨ ਦੇਣ ਦੀ ਜ਼ਬਰਦਸਤ ਗੁੰਜਾਇਸ਼ ਹੈ। ਉਨ੍ਹਾਂ ਫੋਰਮ ’ਚ ਹਿੱਸਾ ਲੈਣ ਲਈ 2019 ’ਚ ਵਲਾਦੀਵੋਸਤੋਕ ਦੇ ਆਪਣੇ ਦੌਰੇ ਦਾ ਜ਼ਿਕਰ ਵੀ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਗਗਨਯਾਨ ਪ੍ਰੋਗਰਾਮ ਰਾਹੀਂ ਪੁਲਾੜ ਖੋਜ ’ਚ ਭਾਈਵਾਲ ਹਨ ਅਤੇ ਦੋਵੇਂ ਮੁਲਕ ਕੌਮਾਂਤਰੀ ਵਪਾਰ ਤੇ ਵਣਜ ਲਈ ਉੱਤਰੀ ਸਮੁੰਦਰੀ ਮਾਰਗ ਨੂੰ ਖੋਲ੍ਹਣ ’ਚ ਵੀ ਭਾਈਵਾਲ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ-ਰੂਸ ਊਰਜਾ ਭਾਈਵਾਲੀ ਆਲਮੀ ਊਰਜਾ ਬਾਜ਼ਾਰ ’ਚ ਸਥਿਰਤਾ ਲਿਆਉਣ ’ਚ ਸਹਾਇਤਾ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਕਾਮੇ ਯਮਲ ਤੋਂ ਵਲਾਦੀਵੋਸਤੋਕ ਅਤੇ ਉਸ ਤੋਂ ਬਾਅਦ ਚੇਨਈ ਤੱਕ ਅਮੂਰ ਖੇਤਰ ਦੇ ਪ੍ਰਮੁੱਖ ਗੈਸ ਪ੍ਰਾਜੈਕਟਾਂ ’ਚ ਹਿੱਸਾ ਲੈ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਨੀ ਸਿੰਘ ਦੀ ਪਤਨੀ ਨੂੰ ਸਹੁਰੇ ਘਰ ਤੋਂ ਸਾਮਾਨ ਇਕੱਤਰ ਕਰਨ ਦੀ ਇਜਾਜ਼ਤ
Next articleBiden signs order to let some 9/11 documents go public