(ਸਮਾਜ ਵੀਕਲੀ)
ਰਮੇਸ਼ਵਰ ਸਿੰਘ ਇੱਕ ਬਹੁ-ਪੱਖੀ ਗੁਣਾਤਮਕ ਸ਼ਖ਼ਸੀਅਤ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਨਾਂ ਚਰਚਿਤ ਹੈ। ਉਹਨਾਂ ਦੇ ਲਿਖੇ ਲੇਖ ਲੰਮੇ ਸਮੇਂ ਤੋਂ ਅਖਬਾਰਾਂ/ਰਸਾਲਿਆਂ ਵਿੱਚ ਛਪਦੇ ਆ ਰਹੇ ਹਨ। ਉਹਨਾਂ ਨੇ ਕਾਫ਼ੀ ਲੰਮਾਂ ਸਮਾਂ ਮਰਚੇਂਟ ਨੇਵੀ ਵਿੱਚ ਇੰਜੀਨੀਅਰ ਵਜੋਂ ਕਾਰਜ ਕੀਤਾ ਹੈ। ਇਸ ਕਾਰਜ ਦੌਰਾਨ ਉਹ ਦੇਸ਼-ਦੁਨੀਆਂ ਘੁੰਮੇ ਅਤੇ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨਾਲ ਵਾਕਫ਼ੀ ਵਧਾਈ। ਇਸ ਤੋਂ ਹੀ ਉਹਨਾਂ ਦੀ ਵਿਸ਼ਾਲ ਅਤੇ ਵਿਲੱਖਣ ਸੋਚ ਦਾ ਵਿਕਾਸ ਹੁੰਦਾ ਰਿਹਾ। ਜਿਸ ਨੂੰ ਅਸੀਂ ਉਹਨਾਂ ਦੀਆ ਲਿਖਤਾਂ ਵਿੱਚ ਭਲੀ-ਭਾਂਤ ਪੜ੍ਹਦੇ ਰਹਿੰਦੇ ਹਾਂ।
ਰਮੇਸ਼ਵਰ ਸਿੰਘ ਦਿਨ-ਪ੍ਰਤੀ-ਦਿਨ ਦੇ ਚਲੰਤ ਮਸਲਿਆਂ ਉੱਪਰ ਲਿਖਣ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਉਭਰ ਰਹੀਆਂ ਸ਼ਖ਼ਸੀਅਤਾਂ ਦੇ ਇੰਟਰਵਿਊ ਵੀ ਕਰਦੇ ਰਹਿੰਦੇ ਹਨ। ਪੰਜਾਬੀ ਸਾਹਿਤ ਦੀ ਚੇਟਕ ਉਹਨਾਂ ਨੂੰ ਸਮੁੰਦਰੀ ਯਾਤਰਾ ਦੇ ਦਿਨਾਂ ਵਿੱਚ ਲੱਗੀ ਉਦੋਂ ਇਹ ਸਫ਼ਰ ਕੁਝ ਇਸ ਤਰਾਂ ਸ਼ੁਰੂ ਹੋਇਆ ਕਿ ਤਾ-ਉਮਰ ਤੱਕ ਉਹਨਾਂ ਦੀ ਜ਼ਿੰਦਗੀ ਨਾਲ ਜੁੜ ਗਿਆ।
ਇੱਕ ਮੁਲਾਕਾਤ ਵਿੱਚ ਉਹਨਾਂ ਨੇ ਦੱਸਿਆ ਕਿ ਆਰੰਭ ਵਿੱਚ ਉਹ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਲਬਰੇਜ਼ ਗੀਤ ਲਿਖਦੇ ਸਨ ਅਤੇ ਹੌਲੀ-ਹੌਲੀ ਲਿਖਣ ਦਾ ਸ਼ੌਂਕ ਗੰਭੀਰ ਸਮੱਸਿਆਵਾਂ ਤੇ ਕੇਂਦਰਿਤ ਹੁੰਦਾ ਗਿਆ। ਆਮ ਜੀਵਨ ਵਿੱਚ ਉਹ ਸਮਾਜ ਸੇਵਕ ਹਨ। ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ, ਹਵਾ, ਪਾਣੀ, ਭੂਮੀ ਅਤੇ ਮਾਂ-ਬੋਲੀ ਦੀ ਸਮੱਸਿਆ ਉਹਨਾਂ ਦੇ ਆਰਟੀਕਲਾਂ ਦਾ ਕੇਂਦਰੀ ਬਣਦੀ ਰਹਿੰਦੀ ਹੈ।
ਗ਼ਰੀਬਾਂ, ਮਜ਼ਲੂਮਾਂ ਦੀ ਮਦਦ ਲਈ ਉਹ ਹਰ ਵਕਤ ਤਤਪਰ ਰਹਿਣ ਵਾਲੇ ਬਹੁ-ਪੱਖੀ ਸੁਲਝੇ ਹੋਏ ਸਾਹਿਤਕਾਰ ਹਨ। ਉਹ ਚੰਗੇ ਲੇਖਕ ਹੋਣ ਦੇ ਨਾਲ-ਨਾਲ ਇੱਕ ਚੰਗੇ ਇਨਸਾਨ ਵੀ ਹਨ। ਉਹ ਹਰ ਭਖਦੇ ਮਸਲੇ ਬਾਰੇ ਬੇਝਿਜਕ, ਬੇਖ਼ੌਫ ਅਤੇ ਨਿਰਪੱਖ ਹੋ ਕੇ ਲਿਖਦੇ ਅਤੇ ਬੋਲਦੇ ਹਨ। ਪ੍ਰਿ. ਤੇਜਾ ਸਿੰਘ ਅਤੇ ਡਾ. ਤੇਜਵੰਤ ਮਾਨ ਵਾਂਗ ਰਮੇਸ਼ਵਰ ਸਿੰਘ ਵੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉੱਭਰਦੇ ਹਰ ਨੌਜਵਾਨ ਨੂੰ ਭਰਪੂਰ ਹੁੰਗਾਰਾ ਅਤੇ ਹੱਲਾਸ਼ੇਰੀ ਦਿੰਦੇ ਹਨ। ਉਹ ਹਰ ਨੌਜਵਾਨ ਵਿੱਚੋਂ ਦੇਸ਼ ਦਾ ਉਜਵਲ ਭਵਿੱਖ ਦੇਖਦੇ ਹਨ। ਇਸੇ ਕਰਕੇ ਉਹ ਕਦੇ ਵੀ ਨੌਜਵਾਨੀ ਨੂੰ ਨਿਘਾਰ ਦੇ ਨਜ਼ਰੀਏ ਨਾਲ ਨਹੀਂ ਦੇਖਦੇ। ਇਹੀ ਉਹਨਾਂ ਦੀ ਸ਼ਖ਼ਸੀਅਤ ਦਾ ਸਕਾਰਾਤਮਕ ਗੁਣ ਹੈ।
ਉਹਨਾਂ ਦੇ ਇਹਨਾਂ ਕਾਰਜਾਂ ਵਿੱਚ ਉਹਨਾਂ ਨਾਲ ਆਪਣੀ ਜੀਵਨ ਸਾਥੀ ਦਾ ਵੀ ਭਰਪੂਰ ਹੁੰਗਾਰਾ ਸ਼ਾਮਿਲ ਹੈ ਜੋ ਕਿ ਇੱਕ ਅਧਿਆਪਿਕਾ ਹਨ ਅਤੇ ਗ਼ਰੀਬ ਤੇ ਕਮਜ਼ੋਰ ਬੱਚਿਆਂ ਦੀ ਪੜ੍ਹਾਈ ਪੱਖੋਂ ਹਰ ਸੰਭਵ ਮਦਦ ਕਰਦੇ ਰਹਿੰਦੇ ਹਨ। ਰਮੇਸ਼ਵਰ ਸਿੰਘ ਬੇਸ਼ੱਕ ਲੰਮਾਂ ਸਮਾਂ ਆਪਣੀ ਧਰਤੀ ਤੋਂ ਦੂਰ ਰਹੇ ਹਨ ਪ੍ਰੰਤੂ ਅਪਣੇ ਦੇਸ਼ ਦੀ ਮਿੱਟੀ ਪ੍ਰਤੀ ਉਹਨਾਂ ਦੇ ਮੋਹ ਵਿੱਚ ਕੋਈ ਦੂਰੀ ਅਤੇ ਦੇਰੀ ਨਹੀਂ ਹੈ। ਪੰਜਾਬੀ ਪਿਛੋਕੜ ਹੋਣ ਦੇ ਨਾਤੇ ਉਹਨਾਂ ਦੀ ਖੇਤੀ ਵਿੱਚ ਦਿਲਚਸਪੀ ਹੈ। ਉਹ ਸਬਜ਼ੀਆਂ ਅਤੇ ਅਨਾਜ਼ ਅਪਣੇ ਹੱਥੀਂ ਉਗਾਉਂਦੇ ਹਨ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰਮੇਸ਼ਵਰ ਸਿੰਘ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ, ਪੰਜਾਬੀ ਸਮਾਜ ਅਤੇ ਪੰਜਾਬੀ ਭਾਸ਼ਾ ਦੇ ਸ਼ੁਭਚਿੰਤਕ ਹਨ। ਦੁਆ ਕਰਦੀ ਹਾਂ ਕਿ ਉਹਨਾਂ ਦੀ ਇਹ ਉੱਚੀ-ਸੁੱਚੀ ਅਤੇ ਉੱਦਮੀ ਸੋਚ ਭਵਿੱਖ ਵਿੱਚ ਵੀ ਇਸੇ ਤਰਾਂ ਜਾਰੀ ਰਹੇਗੀ।
ਆਮੀਨ
ਗੁਲਾਫਸ਼ਾਂ ਬੇਗਮ
98148-26006
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly